ਓਟਵਾ, 13 ਅਕਤੂਬਰ : ਰੂਸ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਤੋਂ ਆਪਣੀ ਰੱਖਿਆ ਕਰਨ ਲਈ ਯੂਕਰੇਨ ਨੂੰ ਅਜੇ ਵੀ ਦੂਜੇ ਦੇਸ਼ਾਂ ਤੋਂ ਮਦਦ ਦੀ ਦਰਕਾਰ ਹੈ। ਇਸ ਦੇ ਮੱਦੇਨਜ਼ਰ ਬੁੱਧਵਾਰ ਨੂੰ ਕੈਨੇਡਾ ਨੇ ਐਲਾਨ ਕੀਤਾ ਕਿ ਉਹ ਆਪਣੇ ਯੂਰਪੀਅਨ ਭਾਈਵਾਲ ਯੁਕਰੇਨ ਨੂੰ 47 ਮਿਲੀਅਨ ਡਾਲਰ ਦਾ ਨਵਾਂ ਏਡ ਪੈਕੇਜ ਭੇਜੇਗਾ। ਇਸ ਵਿੱਚ ਹਥਿਆਰ, ਗੋਲੀ ਸਿੱਕੇ ਦੇ ਨਾਲ ਨਾਲ ਸਿਆਲਾਂ ਵਿੱਚ ਕੰਮ ਆਉਣ ਵਾਲੇ ਦਸਤਾਨੇ ਤੇ ਕੱਪੜੇ ਆਦਿ ਸ਼ਾਮਲ ਹੋਣਗੇ।
ਇਸ ਨਵੇਂ ਪੈਕੇਜ ਵਿੱਚ 15·2 ਮਿਲੀਅਨ ਡਾਲਰ ਦੇ ਕੈਨੇਡੀਅਨ ਆਰਮਡ ਫਰਸਿਜ਼ ਇਨਵੈਂਟਰੀ, ਜਿਸ ਵਿੱਚ ਗੋਲੀ ਸਿੱਕਾ, ਫਿਊਜਿਜ਼ ਤੇ ਐਮ777 ਹੌਊਇਟਜ਼ਰ ਆਰਟਿਲਰੀ ਗੰਨਜ਼ ਲਈ ਚਾਰਜ ਬੈਗਜ਼ ਆਦਿ ਸ਼ਾਮਲ ਹੋਣਗੇ। ਇਸ ਤੋਂ ਇਲਾਵਾ 15·3 ਮਿਲੀਅਨ ਡਾਲਰ ਦੇ ਡਰੋਨ ਕੈਮਰਾਜ਼, 15 ਮਿਲੀਅਨ ਡਾਲਰ ਦੇ ਸਿਆਲਾਂ ਦੇ ਕੱਪੜੇ, ਜਿਨ੍ਹਾਂ ਵਿੱਚ 400,000 ਜੈਕੇਟਸ, ਪੈਂਟਾਂ, ਬੂਟ ਤੇ ਦਸਤਾਨੇ ਸ਼ਾਮਲ ਹੋਣਗੇ। ਇਸ ਦੇ ਨਾਲ ਹੀ ਕੈਨੇਡੀਅਨ ਕੰਪਨੀਆਂ ਵੱਲੋਂ 100,000 ਪੀਸ ਸੀਏਐਫ ਇਨਵੈਂਟਰੀ ਵੀ ਭੇਜੀ ਜਾਵੇਗੀ।ਰੱਖਿਆ ਮੰਤਰਾਲੇ, ਕੈਨੇਡਾ ਦੀ ਕਮਿਊਨਿਕੇਸ਼ਨਜ਼ ਸਕਿਊਰਿਟੀ ਅਸਟੈਬਲਿਸ਼ਮੈਂਟ ਤੇ ਟੈਲੇਸੈੱਟ ਵਿਭਾਗ ਵੱਲੋਂ ਸਾਂਝੇ ਪੋ੍ਰਜੈਕਟ ਤਹਿਤ ਸਰਕਾਰੀ ਤੇ ਗੈਰ ਸਰਕਾਰੀ ਭਾਈਵਾਲਾਂ ਰਾਹੀਂ 2 ਮਿਲੀਅਨ ਡਾਲਰ ਦੀਆਂ ਸੈਟੇਲਾਈਟ ਕਮਿਊਨਿਕੇਸ਼ਨ ਸਰਵਿਸਿਜ਼ ਵੀ ਮੁਹੱਈਆ ਕਰਵਾਈਆਂ ਜਾਣਗੀਆਂ।
ਬੈਲਜੀਅਮ ਵਿੱਚ ਯੂਕਰੇਨ ਡਿਫੈਂਸ ਕਾਂਟੈਕਟ ਗਰੁੱਪ ਨਾਲ ਮੀਟਿੰਗ ਵਿੱਚ ਇਹ ਐਲਾਨ ਕਰਦਿਆਂ ਰੱਖਿਆ ਮੰਤਰੀ ਅਨੀਤਾ ਆਨੰਦ ਨੇ ਆਖਿਆ ਕਿ ਇਹ ਮਦਦ ਪਹਿਲਾਂ ਤੋਂ ਹੀ ਦਿੱਤੀ ਜਾ ਰਹੀ ਟਰੇਨਿੰਗ ਤੇ ਹੋਰ ਪਹਿਲਕਦਮੀਆਂ ਤੋਂ ਵੱਖ ਹੋਵੇਗੀ। ਇਸ ਤੋਂ ਪਹਿਲਾਂ ਕੈਨੇਡਾ 2022 ਦੇ ਸ਼ੁਰੂ ਵਿੱਚ ਜਾਰੀ ਹੋਈ ਇਸ ਜੰਗ ਦੌਰਾਨ 600 ਮਿਲੀਅਨ ਡਾਲਰ ਦਾ ਫੌਜੀ ਸਾਜ਼ੋ ਸਮਾਨ ਯੂਕਰੇਨ ਨੂੰ ਮੁਹੱਈਆ ਕਰਵਾ ਚੁੱਕਿਆ ਹੈ।