ਵਾਸ਼ਿੰਗਟਨ, 18 ਫਰਵਰੀ

ਅਮਰੀਕਾ ਨੇ ਉਮੀਦ ਜਤਾਈ ਹੈ ਕਿ ਨਿਯਮ ਆਧਾਰਿਤ ਕੌਮਾਂਤਰੀ ਪ੍ਰਬੰਧ ਲਈ ਵਚਨਬੱਧ ਭਾਰਤ, ਯੂਕਰੇਨ ’ਤੇ ਰੂਸੀ ਹਮਲੇ ਦੀ ਸੂਰਤ ’ਚ ਅਮਰੀਕਾ ਦਾ ਸਾਥ ਦੇਵੇਗਾ। ਬਾਇਡਨ ਸਰਕਾਰ ਨੇ ਕਿਹਾ ਹੈ ਕਿ ਰੂਸ ਨੇ ਪਿਛਲੇ ਕੁਝ ਦਿਨਾਂ ’ਚ ਯੂਕਰੇਨ ਦੀ ਸਰਹੱਦ ਨੇੜੇ ਸੱਤ ਹਜ਼ਾਰ ਹੋਰ ਵਾਧੂ ਫ਼ੌਜੀ ਤਾਇਨਾਤ ਕੀਤੇ ਹਨ। 

ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੈੱਡ ਪ੍ਰਾਈਸ ਨੇ ਦੱਸਿਆ ਕਿ ਚਾਰ ਮੁਲਕਾਂ (ਕੁਆਡ) ਦੇ ਵਿਦੇਸ਼ ਮੰਤਰੀਆਂ ਵਿਚਕਾਰ ਹੁਣੇ ਜਿਹੇ ਮੈਲਬਰਨ (ਆਸਟਰੇਲੀਆ) ’ਚ ਹੋਈ ਬੈਠਕ ਦੌਰਾਨ ਰੂਸ ਅਤੇ ਯੂਕਰੇਨ ਦੇ ਮੁੱਦੇ ’ਤੇ ਚਰਚਾ ਹੋਈ ਸੀ। ਭਾਰਤ, ਆਸਟਰੇਲੀਆ, ਜਾਪਾਨ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਇਸ ਮੀਟਿੰਗ ’ਚ ਹਾਜ਼ਰ ਸਨ। ਪ੍ਰਾਈਸ ਨੇ ਕਿਹਾ,‘‘ਮੀਟਿੰਗ ’ਚ ਇਸ ਗੱਲ ’ਤੇ ਸਹਿਮਤੀ ਬਣੀ ਸੀ ਕਿ ਇਸ ਮਾਮਲੇ ਦੇ ਕੂਟਨੀਤਕ ਪੱਧਰ ’ਤੇ ਸ਼ਾਂਤੀਪੂਰਨ ਹੱਲ ਦੀ ਲੋੜ ਹੈ।’’ ਤਰਜਮਾਨ ਨੇ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਕੁਆਡ ਨਿਯਮ ਆਧਾਰਿਤ ਕੌਮਾਂਤਰੀ ਪ੍ਰਬੰਧ ਬਹਾਲ ਰੱਖਣ ਦੇ ਪੱਖ ’ਚ ਹੈ। ‘ਨੇਮ ਆਧਾਰਿਤ ਪ੍ਰਬੰਧ ਹਿੰਦ ਪ੍ਰਸ਼ਾਂਤ ਖਿੱਤੇ ’ਚ ਇਕ ਸਮਾਨ ਲਾਗੂ ਹੁੰਦੇ ਹਨ। 

ਅਸੀਂ ਜਾਣਦੇ ਹਾਂ ਕਿ ਭਾਰਤੀ ਭਾਈਵਾਲ ਵੀ ਨਿਯਮ ਆਧਾਰਿਤ ਪ੍ਰਬੰਧ ਲਈ ਵਚਨਬੱਧ ਹੈ। ਇਨ੍ਹਾਂ ’ਚੋਂ ਇਕ ਨਿਯਮ ਇਹ ਹੈ ਕਿ ਸਰਹੱਦਾਂ ਮੁੜ ਤੋਂ ਜਬਰੀ ਤੈਅ ਨਹੀਂ ਕੀਤੀਆਂ ਜਾ ਸਕਦੀਆਂ ਹਨ।’ ਭਾਰਤ ਸਮੇਤ ਹੋਰ ਗੁਆਂਢੀਆਂ ਖ਼ਿਲਾਫ਼ ਚੀਨ ਦੇ ਹਮਲਾਵਰ ਰਵੱਈਏ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਵੱਡੇ ਮੁਲਕ, ਛੋਟੇ ਦੇਸ਼ਾਂ ਨੂੰ ਪ੍ਰੇਸ਼ਾਨ ਨਹੀਂ ਕਰ ਸਕਦੇ ਹਨ। ‘ਕੋਈ ਵੀ ਮੁਲਕ ਆਪਣੀ ਵਿਦੇਸ਼ ਨੀਤੀ, ਆਪਣੇ ਭਾਈਵਾਲ, ਗੱਠਜੋੜ ਸਹਿਯੋਗੀ ਆਦਿ ਚੁਣਨ ਦੇ ਹੱਕਦਾਰ ਹਨ।’ 

ਪ੍ਰਾਈਸ ਨੇ ਕਿਹਾ ਕਿ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਰੱਖਿਆ ਨਾਲ ਜੁੜੇ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਸੀ। ਇਸ ਤੋਂ ਪਹਿਲਾਂ ਬਲਿੰਕਨ ਨੇ ਕਿਹਾ ਸੀ ਕਿ ਅਮਰੀਕਾ, ਮਾਸਕੋ ਵੱਲੋਂ ਪੈਦਾ ਕੀਤੇ ਗਏ ਸੰਕਟ ਦੇ ਸ਼ਾਂਤੀਪੂਰਨ ਹੱਲ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ।