ਲਾਲੜੂ , 29 ਅਪਰੈਲ
ਲਾਲੜੂ ਦੇ ਰਹਿਣ ਵਾਲੇ ਪਾਰਸ ਰਾਣਾ ਦੀ ਯੂਕਰੇਨ ਵਿਚ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ, ਜਦਕਿ ਉਸ ਦਾ ਸਾਥੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਦੋ ਭੈਣਾਂ ਦਾ ਇਕਲੌਤਾ ਭਰਾ ਪਾਰਸ ਯੂਕਰੇਨ ਦੇ ਕੀਵ ਸ਼ਹਿਰ ਵਿਚ ਐੱਮਬੀਬੀਐੱਸ ਦੇ ਚੌਥੇ ਸਾਲ ਦਾ ਵਿਦਿਆਰਥੀ ਸੀ। ਹਾਦਸੇ ਤੋਂ ਬਾਅਦ ਚੂਲੇਹ ਦੇ ਅਪਰੇਸ਼ਨ ਦੌਰਾਨ ਜ਼ਿਆਦਾ ਖੂਨ ਵਹਿਣ ਕਾਰਨ ਉਸ ਨੇ ਦਮ ਦੋੜ ਦਿੱਤਾ। ਯੂਕਰੇਨ ਤੋਂ ਏਅਰਲਿਫਟ ਹੋ ਕੇ ਪਾਰਸ ਦੀ ਦੇਹ ਉਸ ਦੇ ਜੱਦੀ ਪਿੰਡ ਲਾਲੜੂ ਵਿਚ ਐਤਵਾਰ ਜਾਂ ਸੋਮਵਾਰ ਸਵੇਰੇ ਪਹੁੰਚਣ ਦੀ ਉਮੀਦ ਹੈ। ਮ੍ਰਿਤਕ ਦੇ ਪਿਤਾ ਰਣਦੀਪ ਸਿੰਘ ਰਾਣਾ ਦੇ ਪਰਿਵਾਰ ਵਿਚ ਦੋ ਵੱਡੀਆਂ ਧੀਆਂ ਤੇ ਇਕ ਛੋਟਾ ਪੁੱਤਰ ਪਾਰਸ ਸੀ। ਸਭ ਤੋਂ ਵੱਡੀ ਧੀ ਕੈਨੇਡਾ ਵਿਚ ਵਕੀਲ ਹੈ, ਜਦਕਿ ਪਾਰਸ ਤੇ ਨਿਕਿਤਾ ਯੂਕਰੇਨ ਵਿਚ ਐੱਮਬੀਬੀਐਸ ਕਰ ਰਹੇ ਸਨ। ਬੀਤੇ ਸਾਲ ਯੁੱਧ ਦੇ ਦੌਰਾਨ ਦੋਵੇਂ ਭਰਾ-ਭੈਣ ਵਾਪਸ ਆ ਗਏ ਸਨ। ਹਾਲਾਂਕਿ ਨਿਕਿਤਾ ਦਾ ਫਾਈਨਲ ਈਅਰ ਸੀ, ਜੋ ਉਸ ਨੇ ਆਨਲਾਈਨ ਪੂਰਾ ਕਰ ਲਿਆ, ਜਦਕਿ ਤੀਜੇ ਸਾਲ ਵਿਚ ਹੋਣ ਦੇ ਕਾਰਨ ਬੀਤੇ ਸਾਲ 22 ਜੂਨ ਨੂੰ ਪਾਰਸ ਸਾਥੀਆਂ ਨਾਲ ਯੂਕਰੇਨ ਚਲਾ ਗਿਆ ਸੀ। ਰਣਦੀਪ ਦੇ ਅਨੁਸਾਰ 15 ਅਪਰੈਲ ਦੀ ਰਾਤ ਉਹ ਆਪਣੇ ਦੋਸਤ ਅਕਾਸ਼ ਨਿਵਾਸੀ ਸੋਨੀਪਤ ਦੇ ਨਾਲ ਭਾਰਤ ਵਾਪਸ ਆਉਣ ਲਈ ਆਪਣਾ ਵੀਜ਼ਾ ਲਗਵਾਉਣ ਗਿਆ ਸੀ। ਉਨ੍ਹਾਂ ਦੇ ਕੋਲ ਬਿਨ੍ਹਾਂ ਛੱਤ ਵਾਲੀ ਓਪਨ ਆਡੀ ਕਾਰ ਸੀ, ਜਿਸ ਨੂੰ ਪਾਰਸ ਚਲਾ ਰਿਹਾ ਸੀ। ਯੂਕਰੇਨ ਵਿਚ ਰਾਤ ਕਰੀਬ 9 ਵਜੇ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਬੈਲਟ ਨਾ ਲੱਗੀ ਹੋਣ ਕਾਰਨ ਪਾਰਸ ਤੇ ਅਕਾਸ਼ ਕਾਰ ਵਿਚੋਂ ਦੂਰ ਜਾ ਡਿੱਗੇ। ਹਾਦਸੇ ਵਿਚ ਪਾਰਸ ਦੀ ਲੱਤ, ਚੂਲਾ ਤੇ ਰੀੜ ਦੀ ਹੱਡੀ ਵਿਚ ਫ੍ਰੈਕਟਰ ਆ ਗਿਆ, ਜਦਕਿ ਅਕਾਸ਼ ਦੀਆਂ ਪੰਜ ਪਸਲੀਆਂ ਟੁੱਟ ਗਈਆਂ ਤੇ ਜਿਗਰ ਲਗਪਗ ਖਤਮ ਹੋ ਗਿਆ। 18 ਅਪਰੈਲ ਨੂੰ ਪਾਰਸ ਦੀ ਰੀੜ ਦੀ ਹੱਡੀ ਦਾ ਸਫਲ ਅਪਰੇਸ਼ਨ ਹੋਇਆ ਸੀ, 27 ਅਪਰੈਲ ਨੂੰ ਚੂਲੇ ਦੀ ਸਰਜਰੀ ਸੀ। ਸਰਜਰੀ ਤੋਂ ਪਹਿਲਾਂ ਪਾਰਸ ਨੇ ਵੀਰਵਾਰ ਬਾਅਦ ਦੁਪਹਿਰ 1 ਵਜੇ ਆਪਣੇ ਪਰਿਵਾਰ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ ਤੇ ਸਰਜਰੀ ਤੋਂ ਬਾਅਦ ਸੰਪਰਕ ਕਰਨ ਲਈ ਕਿਹਾ। ਵੀਰਵਾਰ ਸ਼ਾਮ 6.30 ਵਜੇ ਪਰਿਵਾਰ ਨੂੰ ਸੂਚਨਾ ਮਿਲੀ ਕਿ ਸਰਜਰੀ ਦੇ ਦੌਰਾਨ ਪਾਰਸ ਨੇ ਦਮ ਤੋੜ ਦਿੱਤਾ। ਅਕਾਸ਼ ਦੀ ਹਾਲਤ ਸਰਜਰੀ ਤੋਂ ਬਾਅਦ ਖ਼ਤਰੇ ਤੋਂ ਬਾਹਰ ਹੈ।