ਓਟਵਾ, 10 ਮਾਰਚ: ਯੂਕਰੇਨ ਦੇ ਉੱਤੇ ਨੋ ਫਲਾਈ ਜ਼ੋਨ ਬਣਾਉਣ ਦੀ ਰਾਸ਼ਟਰਪਤੀ ਵੋਲੋਦੀਮੀਰ ਜੈ਼ਲੈਂਸਕੀ ਦੀ ਮੰਗ ਨੂੰ ਮੰਨਣ ਤੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਨਕਾਰ ਕਰ ਦਿੱਤਾ ਗਿਆ। ਟਰੂਡੋ ਨੇ ਆਖਿਆ ਕਿ ਉਨ੍ਹਾਂ ਨੂੰ ਅਜਿਹਾ ਇਸ ਲਈ ਕਰਨਾ ਪਿਆ ਕਿਉਂਕਿ ਇਸ ਤਰ੍ਹਾਂ ਦੇ ਫੈਸਲੇ ਨਾਲ ਰੂਸੀ ਸੈਨਾਂਵਾਂ ਨੇ ਹੋਰ ਤੈਸ਼ ਵਿੱਚ ਆ ਕੇ ਹਮਲੇ ਤੇਜ਼ ਕਰ ਦੇਣੇ ਸਨ।
ਟਰੂਡੋ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਜ਼ੈਲੈਂਸਕੀ ਨੇ ਵੀਰਵਾਰ ਨੂੰ ਇੱਕ ਫੋਨ ਕਾਲ ਦੌਰਾਨ ਉਨ੍ਹਾਂ ਨੂੰ ਸਿੱਧੇ ਤੌਰ ਉੱਤੇ ਇਹ ਆਖਿਆ ਸੀ ਕਿ ਯੂਕਰੇਨ ਦੇ ਉੱਤੇ ਨੋ ਫਲਾਈ ਜ਼ੋਨ ਬਣਾ ਦਿੱਤੀ ਜਾਵੇ।ਟਰੂਡੋ ਨੇ ਆਖਿਆ ਕਿ ਉਨ੍ਹਾਂ ਨੂੰ ਜ਼ੈਲੈਂਸਕੀ ਨੂੰ ਮਨ੍ਹਾਂ ਕਰਦਿਆਂ ਹੋਇਆਂ ਚੰਗਾ ਨਹੀਂ ਲੱਗਿਆ। ਉਨ੍ਹਾਂ ਆਖਿਆ ਕਿ ਅਸੀਂ ਨਾਟੋ ਨੂੰ ਸਿੱਧੇ ਤੌਰ ਉੱਤੇ ਇਸ ਲੜਾਈ ਵਿੱਚ ਨਹੀਂ ਝੋਕ ਸਕਦੇ ਤੇ ਨਾ ਹੀ ਨਾਟੋ ਦੇ ਜਹਾਜ਼ਾਂ ਨੂੰ ਯੂਕਰੇਨ ਉੱਤੇ ਭੇਜ ਕੇ ਰੂਸੀ ਜਹਾਜ਼ਾਂ ਨੂੰ ਫੁੰਡ ਸਕਦੇ ਹਾਂ।
ਉਨ੍ਹਾਂ ਆਖਿਆ ਕਿ ਇਸ ਸਥਿਤੀ ਵਿੱਚ ਜੋ ਜ਼ਰੂਰੀ ਬਣ ਸਕਦਾ ਹੈ ਅਸੀਂ ਸਾਰਾ ਕੁੱਝ ਕਰ ਰਹੇ ਹਾਂ ਪਰ ਜ਼ੈਲੈਂਸਕੀ ਦੀ ਇਹ ਮੰਗ ਨਹੀਂ ਮੰਨੀ ਜਾ ਸਕਦੀ। ਰੂਸ ਦੇ ਹਮਲੇ ਤੋਂ ਬਾਅਦ ਤੋਂ ਹੀ ਜ਼ੈਲੈਂਸਕੀ ਇਹ ਮੰਗ ਕਰਦੇ ਆ ਰਹੇ ਹਨ ਪਰ ਪੱਛਮੀ ਆਗੂਆਂ ਦਾ ਮੰਨਣਾ ਹੈ ਕਿ ਅਜਿਹਾ ਕਰਨ ਨਾਲ ਪੂਰੇ ਯੂਰਪ ਵਿੱਚ ਜੰਗ ਛਿੜ ਜਾਵੇਗੀ ਤੇ ਸਾਰਿਆਂ ਲਈ ਹੀ ਇਹ ਚੰਗੀ ਗੱਲ ਨਹੀਂ ਹੋਵੇਗੀ।
ਪੱਛਮੀ ਮੁਲਕਾਂ ਵੱਲੋਂ ਇਸ ਤਰ੍ਹਾਂ ਦੀਆਂ ਪਾਬੰਦੀਆਂ 1991 ਦੀ ਖਾੜੀ ਦੀ ਜੰਗ, 1993-95 ਦਰਮਿਆਨ ਬੋਸਨੀਆ ਅਤੇ ਹਰਜੇ਼ਗੋਵੀਨਾ ਵਿੱਚ ਘਰੇਲੂ ਜੰਗ ਦੌਰਾਨ ਤੇ 2011 ਵਿੱਚ ਲਿਬੀਆ ਦੀ ਘਰੇਲੂ ਜੰਗ ਦੌਰਾਨ ਲਾਈਆਂ ਗਈਆਂ ਸਨ।