ਨਿਊਯਾਰਕ, 2 ਸਤੰਬਰ
ਵੀਨਸ ਵਿਲੀਅਮ ਅਤੇ ਸੇਰੇਨਾ ਵਿਲੀਅਮ ਦੀ ਜੋੜੀ ਯੂਐੱਸ ਓਪਨ ਮਹਿਲਾ ਡਬਲਜ਼ ਮੁਕਾਬਲੇ ਦੇ ਪਹਿਲੇ ਗੇੜ ਵਿੱਚ ਹਾਰ ਕੇ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਈ। ਵਿਲੀਅਮਜ਼ ਭੈਣਾਂ ਨੂੰ ਚੈੱਕ ਗਣਰਾਜ ਦੀ ਲੂਸੀ ਰੈਡੇਕਾ ਅਤੇ ਲਿੰਡਾ ਨੋਸਕੋਵਾ ਦੀ ਜੋੜੀ ਨੇ 7-6 (5), 6-4 ਨਾਲ ਹਰਾਇਆ। ਲੂਸੀ (37) ਅਤੇ ਲਿੰਡਾ (17) ਨੇ ਉਮਰ ਦੇ ਫ਼ਰਕ ਦੇ ਬਾਵਜੂਦ 14 ਵਾਰ ਡਬਲਜ਼ ਗਰੈਂਡ ਸਲੈਮ ਜੇਤੂ ਜੋੜੀ ਖ਼ਿਲਾਫ਼ 63 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਦੋਵਾਂ ਭੈਣਾਂ ਨੇ ਹਾਰ ਮਗਰੋਂ ਫੌਰੀ ਆਪਣਾ ਸਾਮਾਨ ਪੈਕ ਕਰ ਲਿਆ। ਲੋਕਾਂ ਦੀ ਭੀੜ ਵੱਲ ਹੱਥ ਹਿਲਾਇਆ ਅਤੇ ਇਕੱਠਿਆਂ ਹੀ ਆਪਣੇ ਲਾਕਰ ਰੂਮ ਵੱਲ ਚਲੀਆਂ ਗਈਆਂ। ਸੇਰੇਨਾ ਮਹਿਲਾ ਸਿੰਗਲਜ਼ ਦੇ 16ਵੇਂ ਗੇੜ ਵਿੱਚ ਥਾਂ ਬਣਾਉਣ ਲਈ ਆਸਟਰੇਲੀਆ ਦੀ ਅਜਲਾ ਟੌਮਲਜਾਨੋਵਿਚ ਨਾਲ ਭਿੜੇਗੀ। ਸੰਨਿਆਸ ਲੈ ਰਹੀ ਵਿਲੀਅਮ ਦਾ ਇਹ ਆਖ਼ਰੀ ਟੂਰਨਾਮੈਂਟ ਹੈ। ਮੈਚ ਤੋਂ ਪਹਿਲਾਂ ਵੀਨਸ ਨੇ ਕਿਹਾ ਕਿ ਡਬਲਜ਼ ਵਿੱਚ ਇਕੱਠਿਆਂ ਖੇਡਣਾ ਸੇਰੇਨਾ ਦਾ ਵਿਚਾਰ ਸੀ। ਦੋਵੇਂ ਭੈਣਾਂ ਡਬਲਜ਼ ਵਿੱਚ ਆਖ਼ਰੀ ਵਾਰ ਫਰੈਂਚ ਓਪਨ-2018 ਵਿੱਚ ਖੇਡੀਆਂ ਸਨ, ਜਿੱਥੇ ਉਨ੍ਹਾਂ ਨੂੰ 16ਵੇਂ ਗੇੜ ਵਿੱਚ ਹਾਰ ਝੱਲਣੀ ਪਈ ਸੀ।