ਨਿਊਯਾਰਕ: ਸਰਬੀਆ ਦੇ ਨੋਵਾਕ ਜੋਕੋਵਿਚ ਅਤੇ ਆਸਟਰੀਆ ਦੇ ਡੌਮੀਨਿਕ ਥੀਮ ਨੇ ਅੱਜ ਇੱਥੇ ਯੂਐੱਸ ਅਮਰੀਕਾ ਓਪਨ ’ਚ ਜਿੱਤ ਨਾਲ ਸ਼ੁਰੂਆਤ ਕੀਤੀ ਹੈ। ਜੋਕੋਵਿਚ ਨੇ ਪਹਿਲੇ ਗੇੜ ’ਚ ਅਲੈਗਜ਼ੈਂਡਰ ਮੂਲਕ ਨੇ 6-0, 6-2, 6-3 ਨਾਲ ਹਰਾਇਆ। ਇਸ ਜਿੱਤ ਦੇ ਨਾਲ ਹੀ ਜੋਕੋਵਿਚ ਦਾ ਦਰਜਾਬੰਦੀ ’ਚ ਮੁੜ ਸਿਖਰ ’ਤੇ ਪਹੁੰਚਣਾ ਵੀ ਪੱਕਾ ਹੋ ਗਿਆ ਹੈ। ਏਟੀਪੀ ਦਰਜਾਬੰਦੀ 11 ਸਤੰਬਰ ਨੂੰ ਜਾਰੀ ਹੋਣੀ ਹੈ। ਇਸ ਸਮੇਂ ਕਾਰਲੋਸ ਅਲਕਰਾਜ਼ ਪਹਿਲੇ ਸਥਾਨ ’ਤੇ ਹੈ। ਹਾਲਾਂਕਿ ਰਿਕਾਰਡ 23 ਵਾਰ ਦੇ ਗਰੈਂਡ ਸਲੈਮ ਜੇਤੂ ਜੋਕੋਵਿਚ ਨੂੰ ਮੈਚ ਸ਼ੁਰੂ ਹੋਣ ਲਈ ਕਾਫ਼ੀ ਉਡੀਕ ਕਰਨੀ ਪਈ। ਆਰਥਰ ਐਸ਼ ਸਟੇਡੀਅਮ ਵਿੱਚ ਇਸ ਤੋਂ ਪਹਿਲਾਂ ਕੋਕੋ ਗਫ਼ ਅਤੇ ਲਾਰਾ ਸਿਗਮੰਡ ਵਿਚਾਲੇ ਖੇਡਿਆ ਗਿਆ ਮੈਚ ਲਗਪਗ ਤਿੰਨ ਘੰਟੇ ਤੱਕ ਚੱਲਿਆ ਤੇ ਫਿਰ ਔਰਤਾਂ ਨੂੰ ਪੁਰਸ਼ਾਂ ਦੇ ਬਰਾਬਰ ਇਨਾਮੀ ਰਾਸ਼ੀ ਮਿਲਣ ਦੀ 50ਵੀਂ ਵਰ੍ਹੇਗੰਢ ਦੇ ਪ੍ਰੋਗਰਾਮ ਕਾਰਨ ਜੋਕੋਵਿਚ ਦੇ ਮੈਚ ਵਿੱਚ ਕਾਫੀ ਦੇਰੀ ਹੋਈ। ਪੁਰਸ਼ ਵਰਗ ਦੇ ਹੋਰ ਮੁਕਾਬਲਿਆਂ ’ਚ ਡੌਮੀਨਿਕ ਥੀਮ ਨੇ ਅਲੈਗਜ਼ੈਂਡਰ ਬੁਬਲਿਕ ਨੂੰ 6-3, 6-2, 6-4 ਨਾਲ, ਹੋਲਗਰ ਰੂਨੇ ਨੇ ਰੋਬਰਟੋ ਕਾਰਬਾਲੇਸ ਬੇਏਨਾ ਨੂੰ 6-3, 4-6, 6-3, 6-2 ਨਾਲ ਹਰਾੲਿਆ। ਔਰਤਾਂ ਦੇ ਮੁਕਾਬਲਿਆਂ ’ਚ ਮੇਜ਼ਬਾਨ ਦੇਸ਼ ਦੀ ਕੋਕੋ ਗਫ਼ ਅਤੇ ਆਲਮੀ ਦਰਜਾਬੰਦੀ ’ਚ ਪਹਿਲੇ ਸਥਾਨ ’ਤੇ ਕਾਬਜ਼ ਪੋਲੈਂਡ ਦੀ ਇਗਾ ਸਵਿਆਤੇਕ ਵੀ ਦੂਜੇ ਗੇੜ ’ਚ ਪਹੁੰਚ ਗਈਆਂ ਹਨ। ਕੋਕੋ ਗਫ਼ ਨੇ ਜਰਮਨ ਕੁਆਲੀਫਾਇਰ ਲੌਰਾ ਸਿਗਮੰਡ ਨੂੰ 3-6, 6-2, 6-4 ਨਾਲ ਹਰਾ ਕੇ ਦੂਜੇ ਗੇੜ ’ਚ ਕਦਮ ਰੱਖਿਆ। ਗਫ਼ ਦੀ ਪਿਛਲੇ 13 ਮੈਚਾਂ ਵਿੱਚੋਂ ਇਹ 12ਵੀਂ ਜਿੱਤ ਹੈ। ਪੋਲੈਂਡ ਦੀ ਸਵਿਆਤੇਕ ਨੇ ਸਿਰਫ 58 ਮਿੰਟਾਂ ’ਚ ਰਿਬੈੱਕਾ ਪੈਟਰਸਨ ਨੂੰ 6-0, 6-1 ਨਾਲ ਹਰਾ ਕੇ ਜਿੱਤ ਹਾਸਲ ਕੀਤੀ ਜਦਕਿ ਅੱਠਵਾਂ ਦਰਜਾ ਹਾਸਲ ਮਾਰੀਆ ਸਕਾਰੀ ਨੂੰ 71ਵਾਂ ਦਰਜਾ ਹਾਸਲ ਰਿਬੈੱਕਾ ਮਸਾਰੋਵਾ ਹੱਥੋਂ 6-4, 6-4 ਨਾਲ ਹਾਰ ਸਹਿਣੀ ਪਈ। ਇਸ ਦੌਰਾਨ ਵੈਰੋਨਿਕਾ ਕੁਦੇਰਮੇਤੋਵਾ ਨੂੰ ਅਮਰੀਕਾ ਦੀ ਬਰਨਾਰਡਾ ਪੈਰਾ ਹੱਥੋਂ 7-5, 6-4 ਨਾਲ ਹਾਰ ਸਹਿਣੀ ਪਈ।