ਨਿਊਯਾਰਕ,
ਨੋਵਾਕ ਜੋਕੋਵਿਚ ਅਤੇ ਇਗਾ ਸਵਿਆਤੇਕ ਸਿੱਧੇ ਸੈੱਟਾਂ ਵਿੱਚ ਜਿੱਤ ਦਰਜ ਕਰਕੇ ਅਮਰੀਕੀ ਓਪਨ ਦੇ ਤੀਜੇ ਗੇੜ ਵਿੱਚ ਦਾਖ਼ਲ ਹੋ ਗਏ ਹਨ। ਦੂਜਾ ਦਰਜਾ ਪ੍ਰਾਪਤ ਜੋਕੋਵਿਚ ਨੇ 76ਵੀਂ ਰੈਂਕਿੰਗ ਵਾਲੇ ਸਪੇਨ ਦੇ ਬੇਰਨਾਬੇ ਜ਼ਾਪਾਟਾ ਮਿਰਾਲੇਸ ਨੂੰ 6-4, 6-1, 6-1 ਨਾਲ ਹਰਾਇਆ। ਇਸੇ ਤਰ੍ਹਾਂ ਪਿਛਲੇ ਸਾਲ ਦੇ ਉਪ ਜੇਤੂ ਕੈਸਪਰ ਰੂਡ ਨੂੰ ਚੀਨ ਦੇ ਜ਼ੈਂਗ ਜ਼ੀਜ਼ੇਨ ਨੇ ਹਰਾਇਆ ਅਤੇ ਏਟੀਪੀ ਰੈਂਕਿੰਗ ਵਿੱਚ ਸਿਖਰਲੇ ਪੰਜ ’ਚ ਸ਼ਾਮਲ ਕਿਸੇ ਖਿਡਾਰੀ ਨੂੰ ਹਰਾਉਣ ਵਾਲਾ ਉਹ ਪਹਿਲਾ ਚੀਨੀ ਖਿਡਾਰੀ ਬਣ ਗਿਆ। ਜ਼ੈਂਗ ਨੇ ਪੰਜਵਾਂ ਦਰਜਾ ਪ੍ਰਾਪਤ ਕੈਸਪਰ ਰੂਡ ਨੂੰ 6-4, 5-7, 2-0, 6-2 ਨਾਲ ਹਰਾਇਆ। ਹੁਣ ਉਸ ਦਾ ਸਾਹਮਣਾ ਆਸਟਰੇਲੀਆ ਦੇ ਰਿੰਕੀ ਹਿਜਿਕਾਟਾ ਨਾਲ ਹੋਵੇਗਾ। ਇਸੇ ਤਰ੍ਹਾਂ ਸਿਖਰਲਾ ਦਰਜਾ ਪ੍ਰਾਪਤ ਸਾਬਕਾ ਚੈਂਪੀਅਨ ਪੋਲੈਂਡ ਦੀ ਸਵਿਆਤੇਕ ਨੇ ਆਸਟਰੇਲੀਆ ਦੀ ਦਾਰੀਆ ਸਾਵੀਲੇਅ ਨੂੰ 6-3, 6-4 ਨਾਲ ਹਰਾਇਆ।
ਇਸ ਦੌਰਾਨ 2009 ਦੀ ਉਪ ਜੇਤੂ ਕੈਰੋਲੀਨਾ ਵੋਜਿਨਯਾਕੀ ਨੇ ਦੋ ਵਾਰ ਦੀ ਵਿੰਬਲਡਨ ਚੈਂਪੀਅਨ ਪੇਤਰਾ ਕਿਵਤੋਵਾ ਨੂੰ 7-5, 7-6 ਨਾਲ ਹਰਾਇਆ। ਹਾਲਾਂਕਿ ਸੱਤਵਾਂ ਦਰਜਾ ਪ੍ਰਾਪਤ ਸਟੇਫਾਨੋਸ ਸਿਟਸਿਪਾਸ ਸਵਿੱਟਜ਼ਰਲੈਂਡ ਦੇ ਕੁਆਲੀਫਾਇਰ ਡੋਮੀਨਿਕ ਸਿਟਕਰ ਹੱਥੋਂ 7-5, 6-7, 6-7, 7-6, 6-3 ਨਾਲ ਹਰਾ ਗਏ। ਇਸ ਤੋਂ ਪਹਿਲਾਂ ਅਮਰੀਕਾ ਦੀ ਛੇਵੀਂ ਦਰਜਾ ਪ੍ਰਾਪਤ ਕੋਕੋ ਗਾਫ਼ ਨੇ ਰੂਸ ਦੀ 16 ਸਾਲਾ ਮੀਰਾ ਆਂਦਰੀਵਾ ਨੂੰ 6-3, 6-2 ਨਾਲ ਹਰਾ ਕੇ ਤੀਜੇ ਗੇੜ ’ਚ ਜਗ੍ਹਾ ਬਣਾਈ। ਹੁਣ ਉਸ ਦਾ ਸਾਹਮਣਾ ਬੈਲਜ਼ੀਅਮ ਦੀ 32ਵਾਂ ਦਰਜਾ ਪ੍ਰਾਪਤ ਐਲਿਸੇ ਮਰਟੇਸ ਨਾਲ ਹੋਵੇਗਾ, ਜਿਸ ਨੇ ਅਮਰੀਕਾ ਦੀ ਡੇਨਿਯੇਲੇ ਕੋਲਿਨਸ ਨੂੰ 3-6, 7-6, 6-1 ਨਾਲ ਹਰਾਇਆ।