ਨਵੀਂ ਦਿੱਲੀ, 24 ਸਤੰਬਰ

ਬਹੁ-ਇੰਤਜ਼ਾਰ ਤੋਂ ਬਾਅਦ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਯੂਏਈ ਵਿਚ 19 ਸਤੰਬਰ ਤੋਂ ਸ਼ੁਰੂ ਹੋ ਸਕਦੀ ਹੈ ਅਤੇ ਇਸ ਦਾ ਫਾਈਨਲ 8 ਨਵੰਬਰ ਨੂੰ ਖੇਡਿਆ ਜਾਵੇਗਾ। ਬੀਸੀਸੀਆਈ ਦੇ ਸੂਤਰਾਂ ਨੇ ਮੁਤਾਬਕ ਆਈਪੀਐੱਲ ਸੰਚਾਲਨ ਪਰਿਸ਼ਦ ਦੀ ਅਗਲੇ ਹਫ਼ਤੇ ਬੈਠਕ ਹੋਵੇਗੀ ਜਿਸ ਵਿੱਚ ਇਸ ਬਾਰੇ ਪ੍ਰੋਗਰਾਮ ਨੂੰ ਅੰਤਮ ਰੂਪ ਦੇ ਦਿੱਤਾ ਜਾਵੇਗਾ। ਪਤਾ ਲੱਗਿਆ ਹੈ ਕਿ ਬੀਸੀਸੀਆਈ ਨੇ ਆਪਣੀ ਯੋਜਨਾ ਬਾਰੇ ਫਰੈਂਚਾਇਜ਼ੀ ਨੂੰ ਜਾਣਕਾਰੀ ਦੇ ਦਿੱਤੀ ਹੈ। ਬੀਸੀਸੀਆਈ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ, “ਸੰਭਾਵਨਾ ਹੈ ਕਿ ਆਈਪੀਐੱਲ 19 ਸਤੰਬਰ ਨੂੰ ਸ਼ੁਰੂ ਹੋਵੇਗੀ ਅਤੇ ਫਾਈਨਲ 8 ਨਵੰਬਰ (ਐਤਵਾਰ) ਨੂੰ ਖੇਡਿਆ ਜਾਵੇਗਾ।” ਇਸ ਤਰ੍ਹਾਂ ਇਹ 51 ਦਿਨਾਂ ਤੱਕ ਚੱਲੇਗਾ ਅਤੇ ਫਰੈਂਚਾਇਜ਼ੀ ਅਤੇ ਬ੍ਰੌਡਕਾਸਟਰਾਂ ਤੋਂ ਇਲਾਵਾ ਹੋਰ ਹਿੱਸੇਦਾਰਾਂ ਦੇ ਅਨੁਕੂਲ ਹੋਵੇਗਾ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਵੱਲੋਂ ਅਕਤੂਬਰ-ਨਵੰਬਰ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਮੁਲਤਵੀ ਕਰਨ ਦਾ ਫੈਸਲਾ ਆਉਣ ਤੋਂ ਬਾਅਦ ਆਈਪੀਐੱਲ ਸੰਭਵ ਹੋ ਗਿਆ ਹੈ। ਇਹ ਕਿਆਸ ਲਗਾਏ ਜਾ ਰਹੇ ਸਨ ਕਿ ਆਈਪੀਐੱਲ 26 ਸਤੰਬਰ ਤੋਂ ਸ਼ੁਰੂ ਹੋਵੇਗੀ ਪਰ ਬੀਸੀਸੀਆਈ ਇਸ ਦੀ ਸ਼ੁਰੂਆਤ ਇਕ ਹਫਤੇ ਪਹਿਲਾਂ ਕਰਨਾ ਚਾਹੁੰਦਾ ਹੈ ਤਾਂ ਜੋ ਭਾਰਤੀ ਟੀਮ ਦਾ ਆਸਟਰੇਲੀਆ ਦੌਰਾ ਪ੍ਰਭਾਵਿਤ ਨਾ ਹੋਵੇ।