ਨਵੀਂ ਦਿੱਲੀ, ਯੁਵਰਾਜ ਸਿੰਘ ਦੇ ਪਰਿਵਾਰ ਨੇ ਅੱਜ ਕਿਹਾ ਕਿ ਉਸ ਦੇ ਭਰਾ ਜ਼ੋਰਾਵਰ ਖ਼ਿਲਾਫ਼ ਘਰੇਲੂ ਹਿੰਸਾ ਦੇ ਕੇਸ ਵਿੱਚ ਇਸ ਕ੍ਰਿਕਟਰ ਦਾ ਨਾਮ ‘ਮੰਦਭਾਵਨਾ’ ਤਹਿਤ ਪਾਇਆ ਗਿਆ ਸੀ, ਪਰ ਮੁਲਜ਼ਮ ਦੇ ਮੁਆਫ਼ੀ ਮੰਗਣ ਮਗਰੋਂ ਇਹ ਮਾਮਲਾ ਨਿਬੜ ਗਿਆ। ਪਰਿਵਾਰ ਨੇ ਕਿਹਾ ਕਿ ਯੁਵਰਾਜ ਲਈ ਇਹ ਰਾਹਤ ਵਾਲੀ ਗੱਲ ਹੈ। ਜ਼ੋਰਾਵਰ ਤੋਂ ਵੱਖਰੇ ਤੌਰ ’ਤੇ ਰਹਿ ਰਹੀ ਉਸ ਦੀ ਪਤਨੀ ਅਕਾਂਕਸ਼ਾ ਸ਼ਰਮਾ ਨੇ ਯੁਵਰਾਜ ਖ਼ਿਲਾਫ਼ ਘਰੇਲੂ ਹਿੰਸਾ ਦਾ ਮਾਮਲਾ ਦਰਜ ਕਰਵਾਇਆ ਸੀ।
ਚਾਰ ਮਹੀਨਿਆਂ ਦੀ ਕਾਨੂੰਨੀ ਲੜਾਈ ਮਗਰੋਂ ਅਕਾਂਕਸ਼ਾ ਅਤੇ ਜ਼ੋਰਾਵਰ ਵਿਚਾਲੇ ਇਸ ਮਹੀਨੇ ਤਲਾਕ ਹੋ ਗਿਆ। ਅਕਾਂਕਸ਼ਾ ਨੇ ਯੁਵਰਾਜ ਅਤੇ ਉਸ ਦੇ ਪਰਿਵਾਰ ਖ਼ਿਲਾਫ਼ ਝੂਠੇ ਦੋਸ਼ ਲਾਉਣ ਲਈ ਉਸ ਤੋਂ ਮੁਆਫ਼ੀ ਵੀ ਮੰਗੀ। ਯੁਵਰਾਜ ਦੇ ਪਰਿਵਾਰ ਨੇ ਬਿਆਨ ਵਿੱਚ ਕਿਹਾ, ‘‘ਆਪਣੇ ਖ਼ਿਲਾਫ਼ ਕਾਨੂੰਨ ਦੀ ਪ੍ਰਕਿਰਿਆ ਤੋਂ ਬਚਣ ਦਾ ਕੋਈ ਤਰੀਕਾ ਨਾ ਹੋਣ ਕਾਰਨ ਅਕਾਂਕਸ਼ਾ ਸ਼ਰਮਾ ਨੇ ਮੁਆਫ਼ੀ ਮੰਗ ਲਈ ਹੈ ਅਤੇ ਕਬੂਲ ਕੀਤਾ ਹੈ ਕਿ ਉਸ ਦੇ ਸਾਰੇ ਦੋਸ਼ ਝੂਠੇ ਅਤੇ ਗ਼ਲਤ ਸਨ। ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ਨੂੰ ਵਾਪਸ ਲੈ ਲਿਆ ਹੈ।’’
ਅਕਾਂਕਸ਼ਾ ਨੇ ਗੁਰੂਗ੍ਰਾਮ ਦੀ ਅਦਾਲਤ ਵਿੱਚ ਅਕਤੂਬਰ 2017 ਵਿੱਚ ਘਰੇਲੂ ਹਿੰਸਾ ਦਾ ਮਾਮਲਾ ਦਰਜ ਕਰਵਾਇਆ ਸੀ, ਜਿਸ ਵਿੱਚ ਯੁਵਰਾਜ ਅਤੇ ਉਸ ਦੀ ਮਾਂ ਸ਼ਬਨਮ ਨੂੰ ਮੁਲਜ਼ਮ ਬਣਾਇਆ ਗਿਆ ਸੀ।