ਮੁੰਬਈ:ਅਦਾਕਾਰਾ ਯਾਮੀ ਗੌਤਮ ਦਾ ਕਹਿਣਾ ਹੈ ਉਸ ਲਈ ‘ਭੂਤ ਪੁਲੀਸ’ ’ਚ ਉਹ ਕਿਰਦਾਰ ਨਿਭਾਉਣਾ ਸੌਖਾ ਨਹੀਂ ਸੀ ਜਦੋਂ ਉਸ ਦੇ ਸਰੀਰ ’ਤੇ ਕੋਈ ਹੋਰ ਆਤਮਾ ਕਬਜ਼ਾ ਕਰ ਲੈਂਦੀ ਹੈ। ਉਸ ਨੂੰ ਇਸ ਕਿਰਦਾਰ ਵਾਸਤੇ ਤਿਆਰ ਹੋਣ ਲਈ ਲਗਪਗ ਤਿੰਨ ਘੰਟੇ ਦਾ ਸਮਾਂ ਲੱਗਿਆ ਅਤੇ ਹਿਮਾਚਲ ਪ੍ਰਦੇਸ਼ ਦੀਆਂ ਠੰਢੀਆਂ ਰਾਤਾਂ ਵਿੱਚ ਨੰਗੇ ਪੈਰ ਸ਼ੂਟਿੰਗ ਕਰਨੀ ਪਈ। ਉਸ ਨੇ ਇੰਸਟਾਗ੍ਰਾਮ ’ਤੇ ਸ਼ੂਟਿੰਗ ਦੇ ਪਲ ਸਾਂਝੇ ਕਰਦਿਆਂ ਲਿਖਿਆ, ‘‘ਡਰਾਉਣੀਆਂ ਫਿਲਮਾਂ ਲਈ ਮੇਰੇ ਪਿਆਰ ਨੇ ਮੈਨੂੰ ‘ਭੂਤ ਪੁਲੀਸ’ ਵਿੱਚ ਕੰਮ ਕਰਨ ਲਈ ਉਤਸ਼ਾਹਿਤ ਕੀਤਾ। ਇਹ ਸੌਖਾ ਨਹੀਂ ਸੀ ਕਿਉਂਕਿ ਮੈਨੂੰ ਇਸ ਦਿੱਖ ਵਿੱਚ ਆਉਣ ਲਈ ਲਗਪਗ ਤਿੰਨ ਘੰਟੇ ਲੱਗ ਗਏ ਤੇ 45 ਮਿੰਟ ਇਸ ਤੋਂ ਬਾਹਰ ਆਉਣ ਲਈ ਲੱਗੇ। ਹਿਮਾਚਲ ਪ੍ਰਦੇਸ਼ ਦੀਆਂ ਠੰਢੀਆਂ ਰਾਤਾਂ ਵਿੱਚ ਹਰ ਰੋਜ਼ ਨੰਗੇ ਪੈਰ ਅਤੇ ਕੇਬਲ ਦੀ ਵਰਤੋਂ ਕਰ ਕੇ ਸ਼ੂਟਿੰਗ ਕਰਨੀ ਪਈ।’’