ਸਕਾਟਲੈਂਡ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸਨੇ ਹਵਾ ‘ਚ ਉਡਦੇ ਜਹਾਜ਼ ‘ਚ ਚੀਕ ਕਿ ਕਿਹਾ ਕਿ ਉਹ ਜਹਾਜ਼ ਨੂੰ ਬੰਬ ਨਾਲ ਉਡਾ ਦੇਵੇਗਾ। ਗਲਾਸਗੋ ਹਵਾਈ ਅੱਡੇ ‘ਤੇ ਜਹਾਜ਼ ਦੇ ਉਤਰਦੇ ਹੀ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸਨੇ “ਅਮਰੀਕਾ ਮੁਰਦਾਬਾਦ, ਟਰੰਪ ਮੁਰਦਾਬਾਦ” ਅਤੇ “ਅੱਲ੍ਹਾ ਹੂ ਅਕਬਰ” ਵਰਗੇ ਨਾਅਰੇ ਵੀ ਲਗਾਏ। ਇਹ ਘਟਨਾ ਈਜ਼ੀਜੈੱਟ ਦੀ ਉਡਾਣ ਨੰਬਰ EZY609 ‘ਤੇ ਵਾਪਰੀ ਹੈ। ਜਦੋਂ ਜਹਾਜ਼ ਗਲਾਸਗੋ ਵਿੱਚ ਉਤਰਿਆ, ਤਾਂ ਪੁਲਿਸ ਨੇ ਅੰਦਰ ਆ ਕੇ ਬੰਬ ਦੀ ਧਮਕੀ ਦੇਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਘਟਨਾ ਲੰਡਨ ਦੇ ਲੂਟਨ ਹਵਾਈ ਅੱਡੇ ਤੋਂ ਗਲਾਸਗੋ ਜਾ ਰਹੀ ਈਜ਼ੀਜੈੱਟ ਦੀ ਉਡਾਣ ਵਿੱਚ ਵਾਪਰੀ।ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋਇਆ ਹੈ ਜਿਸ ਵਿੱਚ ਉਹ ਆਦਮੀ ‘ਮੈਂ ਜਹਾਜ਼ ‘ਤੇ ਬੰਬ ਸੁੱਟਾਂਗਾ’, ‘ਅਮਰੀਕਾ ਮੁਰਦਾਬਾਦ’, ‘ਟਰੰਪ ਮੁਰਦਾਬਾਦ’ ਅਤੇ ‘ਅੱਲ੍ਹਾ ਹੂ ਅਕਬਰ’ ਦੇ ਨਾਅਰੇ ਲਗਾਉਂਦਾ ਦਿਖਾਈ ਦੇ ਰਿਹਾ ਹੈ। ਜਹਾਜ਼ ਵਿੱਚ ਇੱਕ ਹੋਰ ਯਾਤਰੀ ਨੇ ਉਸਨੂੰ ਫੜ ਲਿਆ ਅਤੇ ਜ਼ਮੀਨ ‘ਤੇ ਸੁੱਟ ਦਿੱਤਾ।

ਭਾਰਤ ਵਿੱਚ ਵੀ ਇੱਕ ਜਹਾਜ਼ ਦੇ ਚਾਲਕ ਦਲ ਨੂੰ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ। ਇਹ ਘਟਨਾ ਲਗਭਗ ਇੱਕ ਮਹੀਨਾ ਪਹਿਲਾਂ ਵਾਪਰੀ ਸੀ, ਜਦੋਂ ਇੱਕ ਮਹਿਲਾ ਡਾਕਟਰ ਨੇ ਬੰਗਲੌਰ ਤੋਂ ਸੂਰਤ ਜਾ ਰਹੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਵਿੱਚ ਆਪਣਾ ਸਾਮਾਨ ਪਾਬੰਦੀਸ਼ੁਦਾ ਖੇਤਰ ਵਿੱਚ ਰੱਖਣ ਨੂੰ ਲੈ ਕੇ ਹੰਗਾਮਾ ਕੀਤਾ ਸੀ। ਉਸਨੇ ਜਹਾਜ਼ ਨੂੰ ਕਰੈਸ਼ ਕਰਨ ਦੀ ਧਮਕੀ ਵੀ ਦਿੱਤੀਸੀ। ਪੁਲਿਸ ਰਿਪੋਰਟ ਦੇ ਅਨੁਸਾਰ, ਮੋਹਨਭਾਈ, ਜੋ ਕਿ ਏਆਈ ਫਲਾਈਟ IX2749 ਵਿੱਚ ਦੋ ਬੈਗਾਂ ਨਾਲ ਇਕੱਲੇ ਯਾਤਰਾ ਕਰ ਰਹੀ ਸੀ, ਨੇ ਚੈੱਕ-ਇਨ ਕਾਊਂਟਰ ਨੂੰ ਬਾਈਪਾਸ ਕਰਕੇ ਦੋਵੇਂ ਸਮਾਨ ਜਹਾਜ਼ ਵਿੱਚ ਲਿਜਾਣ ‘ਤੇ ਜ਼ੋਰ ਦਿੱਤਾ। ਸਥਿਤੀ ਉਦੋਂ ਗੰਭੀਰ ਹੋ ਗਈ ਜਦੋਂ ਉਹ ਜਹਾਜ਼ ਵਿੱਚ ਚੜ੍ਹ ਗਈ, ਇੱਕ ਬੈਗ ਚਾਲਕ ਦਲ ਦੇ ਕੈਬਿਨ ਕੋਲ ਛੱਡ ਗਈ ਅਤੇ ਦੂਜੇ ਨਾਲ ਆਪਣੀ ਸੀਟ ‘ਤੇ ਚਲੀ ਗਈ।