ਭੁਪਾਲ/ਮੁੰਬਈ, 28 ਜਨਵਰੀ
ਟੈਲੀਵਿਜ਼ਨ ਅਭਿਨੇਤਰੀ ਸ਼ਵੇਤਾ ਤਿਵਾੜੀ ਵਿਰੁੱਧ ਇੱਥੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਅੱਜ ਇਥੇ ਐੱਫਆਈਆਰ ਦਰਜ ਕੀਤੀ ਗਈ ਹੈ। ਉਸ ਨੇ ਟਿੱਪਣੀ ਦੌਰਾਨ ਕਥਿਤ ਤੌਰ ‘ਤੇ ਭਗਵਾਨ ਦਾ ਜ਼ਿਕਰ ਕੀਤਾ ਸੀ। ਤਿਵਾੜੀ ਵਿਰੁੱਧ ਕਾਰਵਾਈ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਵੱਲੋਂ ਪੁਲੀਸ ਨੂੰ ਵਿਵਾਦਿਤ ਟਿੱਪਣੀ ਦੀ ਜਾਂਚ ਕਰਨ ਅਤੇ 24 ਘੰਟਿਆਂ ਦੇ ਅੰਦਰ ਰਿਪੋਰਟ ਦੇਣ ਦੇ ਨਿਰਦੇਸ਼ ਦੇਣ ਤੋਂ ਇੱਕ ਦਿਨ ਬਾਅਦ ਕੀਤੀ ਗਈ ਹੈ। ਸ਼ਿਆਮਲਾ ਹਿੱਲਸ ਥਾਣੇ ਦੇ ਅਧਿਕਾਰੀ ਨੇ ਦੱਸਿਆ, ‘ਦੋ ਦਿਨ ਪਹਿਲਾਂ ਭੁਪਾਲ ‘ਚ ਵਿਵਾਦਿਤ ਬਿਆਨ ਦੇਣ ਲਈ ਸ਼ਵੇਤਾ ਤਿਵਾੜੀ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ‘ਚ ਆਈਪੀਸੀ ਦੀ ਧਾਰਾ 295 (ਏ) ਤਹਿਤ ਮਾਮਲਾ ਅੱਜ ਤੜਕੇ 2 ਵਜੇ ਦਰਜ ਕੀਤਾ ਗਿਆ ਹੈ। ਇਹ ਕੇਸ ਭੁਪਾਲ ਵਾਸੀ ਸੋਨੂੰ ਪ੍ਰਜਾਪਤੀ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਇਸੇ ਦੌਰਾਨ ਦੂਜੇ ਪਾਸੇ ਅਦਾਕਾਰਾ ਸ਼ਵੇਤਾ ਤਿਵਾੜੀ ਨੇ ਕਥਿਤ ਇਤਰਾਜ਼ਯੋਗ ਟਿੱਪਣੀ ਲਈ ਮੁਆਫ਼ੀ ਮੰਗ ਲਈ ਹੈ। ਸ਼ੁੱਕਰਵਾਰ ਨੂੰ ਜਾਰੀ ਇੱਕ ਬਿਆਨ ਰਾਹੀਂ ਸ਼ਵੇਤਾ ਤਿਵਾੜੀ ਮੁਆਫ਼ੀ ਮੰਗੀ ਹੈ ਅਤੇ ਨਾਲ ਕਿਹਾ ਕਿ ਉਸ ਦੇ ਬਿਆਨ ਨੂੰ ਕਥਿਤ ਤੌਰ ’ਤੇ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਉਸ ਨੇ ਕਿਹਾ, ‘‘ਮੈਂ ਸਮਾਗਮ ਮੌਕੇ ਆਪਣੇ ਰੋਲ ਦੇ ਸਬੰਧ ’ਚ ਗੱਲ ਕਰ ਰਹੀ ਸੀ। ਮੈਂ ਯਕੀਨ ਦਿਵਾਉਂਦੀ ਹਾਂ ਕਿ ਮੇਰਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ। ਹਾਲਾਂਕਿ, ਮੇਰੇ ਬਿਆਨ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ, ਇਸ ਲਈ ਮੁਆਫ਼ੀ ਮੰਗਦੀ ਹਾਂ।’’