ਦੁਬਈ, 16 ਅਕਤੂਬਰ
ਭਾਰਤ ਦੀ ਜ਼ਖ਼ਮੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਆਈਸੀਸੀ ਮਹਿਲਾ ਇੱਕ ਰੋਜ਼ਾ ਬੱਲੇਬਾਜ਼ੀ ਦਰਜਾਬੰਦੀ ਵਿੱਚ ਚੋਟੀ ਦੀ ਥਾਂ ਗੁਆ ਲਈ ਹੈ ਅਤੇ ਉਸ ਦੀ ਥਾਂ ਨਿਊਜ਼ੀਲੈਂਡ ਦੀ ਐਮੀ ਸੈਟਰਵੇਟ ਅੱਵਲ ਨੰਬਰ ਬੱਲੇਬਾਜ਼ ਬਣ ਗਈ।
ਮੰਧਾਨਾ ਜ਼ਖ਼ਮੀ ਹੋਣ ਕਾਰਨ ਦੱਖਣੀ ਅਫਰੀਕਾ ਖ਼ਿਲਾਫ਼ ਤਿੰਨ ਮੈਚਾਂ ਦੀ ਲੜੀ ਵਿੱਚ ਹਿੱਸਾ ਨਹੀਂ ਲੈ ਸਕੀ ਸੀ, ਜਿਸ ਦਾ ਉਸ ਨੂੰ ਨੁਕਸਾਨ ਹੋਇਆ ਅਤੇ ਉਹ ਇੱਕ ਦਰਜੇ ਹੇਠਾਂ ਦੂਜੇ ਸਥਾਨ ’ਤੇ ਖਿਸਕ ਗਈ। ਮੰਧਾਨਾ ਦੇ 755 ਅੰਕ ਹਨ। ਦੱਖਣੀ ਅਫਰੀਕਾ ਖ਼ਿਲਾਫ਼ ਇੱਕ ਰੋਜ਼ਾ ਲੜੀ ਤੋਂ ਪਹਿਲਾ ਅਭਿਆਸ ਦੌਰਾਨ ਮੰਧਾਨਾ ਦੇ ਸੱਜੇ ਪੈਰ ’ਤੇ ਗੇਂਦ ਲੱਗਣ ਕਾਰਨ ਫਰੈਕਚਰ ਹੋ ਗਿਆ ਸੀ। ਭਾਰਤ ਨੇ ਇਹ ਲੜੀ 3-0 ਨਾਲ ਜਿੱਤੀ ਹੈ। ਹੋਰ ਬੱਲੇਬਾਜ਼ਾਂ ਵਿੱਚ ਕਪਤਾਨ ਮਿਤਾਲੀ ਰਾਜ ਸੱਤਵੇਂ ਸਥਾਨ ’ਤੇ ਖਿਸਕ ਗਈ, ਜਦਕਿ ਹਰਮਨਪ੍ਰੀਤ ਕੌਰ ਅੱਗੇ ਵਧ ਕੇ 17ਵੇਂ ਸਥਾਨ ’ਤੇ ਪਹੁੰਚ ਗਈ ਹੈ।