ਨੇਪੀਅਰ, 25 ਜਨਵਰੀ
ਪੂਰੀ ਤਰ੍ਹਾਂ ਲੈਅ ਹਾਸਲ ਕਰ ਚੁੱਕੀ ਸਮ੍ਰਿਤੀ ਮੰਧਾਨਾ ਅਤੇ ਉਭਰਦੀ ਖਿਡਾਰਨ ਜਮੀਮਾ ਰੌਡਰਿਗਜ਼ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ਉੱਤੇ ਭਾਰਤ ਨੇ ਨਿਊਜ਼ੀਲੈਂਡ ਨੂੰ ਪਹਿਲੇ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ 9 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿਚ ਲੀਡ ਲੈ ਲਈ ਹੈ। 22 ਸਾਲ ਦੀ ਮੰਧਾਨਾ ਨੇ 105 ਅਤੇ 18 ਸਾਲ ਦੀ ਰੌਡਰਿਗਜ਼ ਨੇ ਨਾਬਾਦ 81 ਦੌੜਾਂ ਬਣਾਈਆਂ।
ਇਸ ਤੋਂ ਪਹਿਲਾਂ ਭਾਰਤੀ ਗੇਂਦਬਾਜ਼ਾਂ ਨੇ ਨਿਊਜ਼ੀਲੈਂਡ ਨੂੰ 192 ਦੌੜਾਂ ਉੱਤੇ ਆਊਟ ਕਰ ਦਿੱਤਾ ਸੀ। ਪਿਛਲੇ ਸਾਲ ਟੀਮ ਦੇ ਟੀ-20 ਵਿਸ਼ਵ ਕੱਪ ਸੈਮੀਫਾਈਨਲ ਵਿੱਚੋਂ ਬਾਹਰ ਹੋਣ ਬਾਅਦ ਭਾਰਤੀ ਟੀਮ ਦੀ ਇਹ ਪਹਿਲੀ ਲੜੀ ਹੈ। ਭਾਰਤੀ ਟੀਮ ਨੇ ਪਿਛਲੇ ਵਿਵਾਦਾਂ ਨੂੰ ਭੁਲਾਉਂਦਿਆਂ 33 ਓਵਰਾਂ ਵਿਚ ਹੀ ਮੈਚ ਜਿੱਤ ਲਿਆ। ਆਈਸੀਸੀ ਸਾਲ ਦੀ ਬਿਹਰਤਰੀਨ ਕਿ੍ਕਟਰ ਦਾ ਪੁਰਸਕਾਰ ਜਿੱਤਣ ਵਾਲੀ ਮੇਧਾਨਾ ਨੇ ਆਪਣਾ ਚੌਥਾ ਇੱਕ ਰੋਜ਼ਾ ਸੈਂਕੜਾ ਜੜਿਆ। ਇਸ ਦੇ ਨਾਲ ਹੀ ਰੌਡਰਿਗਜ਼ ਦਾ ਇਹ ਪਹਿਲਾ ਅੰਤਰਰਾਸ਼ਟਰੀ ਅਰਧ ਸੈਂਕੜਾ ਹੈ।
ਭਾਰਤੀ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਮੈਚ ਜਿੱਤਣ ਤੋਂ ਬਾਅਦ ਕਿਹਾ,‘ ਇਹ ਸ਼ਾਨਦਾਰ ਸ਼ੁਰੂਆਤ ਹੈ ਅਤੇ ਸਲਾਮੀ ਜੋੜੀ ਨੂੰ 100 ਦੌੜਾਂ ਤੋਂ ਉਪਰ ਦੀ ਸਾਂਝੇਦਾਰੀ ਕਰਦਿਆਂ ਦੇਖ ਕੇ ਚੰਗਾ ਲੱਗਿਆ। ਮੰਧਾਨਾ ਲੜਕੀਆਂ ਦੇ ਲਈ ਰੋਲ ਮਾਡਲ ਹੈ। ਇਸ ਦੇ ਨਾਲ ਡਰੈਸਿੰਗ ਰੂਮ ਦੇ ਵਿਚ ਆਤਮ ਵਿਸ਼ਵਾਸ ਕਾਫੀ ਵਧਿਆ ਹੈ। ਮੰਧਾਨਾ ਅਤੇ ਰੌਡਰਿਗਜ਼ ਨੇ ਨਿਊਜ਼ੀਲੈਂਡ ਵਿਰੁੱਧ ਪਹਿਲੇ ਵਿਕਟ ਲਈ ਸਰਵਉੱਚ 190 ਦੌੜਾਂ ਦੀ ਸਾਂਝੇਦਾਰੀ ਕੀਤੀ। ਰੌਡਰਿਗਜ਼ ਦਾ ਇਹ ਪੰਜਵਾਂ ਅੰਤਰਰਾਸ਼ਟਰੀ ਮੈਚ ਹੀ ਹੈ। ਮੰਧਾਨਾ ਨੇ 104 ਗੇਂਦਾਂ ਦੀ ਆਪਣੀ ਪਾਰੀ ਵਿਚ 9 ਚੌਕੇ ਅਤੇ ਤਿੰਨ ਛੱਕੇ ਜੜੇ। ਰੌਡਰਿਗਜ਼ ਨੇ 9 ਚੌਕੇ ਜੜੇ। ਭਾਰਤੀ ਟੀਮ ਨੇ ਟਾਸ ਜਿੱਤ ਕੇ ਨਿਉੂਜ਼ੀਲੈਂਡ ਦੀ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਸ਼ੁਰੂ ਕਰਨ ਲਈ ਭੇਜਿਆ ਪਰ ਉਹ ਲੈਅ ਕਾਇਮ ਨਹੀਂ ਰੱਖ ਸਕੀ। ਏਕਤਾ ਬਿਸ਼ਟ ਅਤੇ ਪੂਨਮ ਯਾਦਵ ਨੇ ਤਿੰਨ ਤਿੰਨ ਵਿਕਟਾਂ ਲੈ ਕੇ ਦਬਾਅ ਬਣਾਈ ਰੱਖਿਆ।