ਮੰਗਲੂੂਰੂ, 21 ਨਵੰਬਰ

ਪੁਲੀਸ ਨੂੰ ਮੰਗਲੁਰੂ ਆਟੋਰਿਕਸ਼ਾ ਧਮਾਕੇ ਦੇ ਮੁਲਜ਼ਮ ਮੁਹੰਮਦ ਸ਼ਰੀਕ ਦੇ ਮੈਸੂਰ ਵਿਚਲੇ ਘਰ ਵਿੱਚੋਂ ਬੰਬ ਬਣਾਉਣ ਲਈ ਵਰਤੀ ਜਾਣ ਵਾਲੀ ਸਮੱਗਰੀ ਮਿਲੀ ਹੈ। ਸ਼ਰੀਕ ਮੈਸੂਰ ਵਿੱਚ ਉਸ ਮਕਾਨ ਵਿੱਚ ਕਿਰਾਏਦਾਰ ਵਜੋਂ ਰਹਿ ਰਿਹਾ ਸੀ। ਇਹ ਜਾਣਕਾਰੀ ਅੱਜ ਪੁਲੀਸ ਨੂੰ ਦੇ ਇੱਕ ਸੀਨੀਅਰ ਅਧਿਕਾਰੀ ਨੇ ਦਿੱਤੀ। ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲੀਸ (ਕਾਨੂੰਨ ਅਤੇ ਅਮਨ) ਆਲੋਕ ਕੁਮਾਰ ਨੇ ਕਿਹਾ ਕਿ ਮੁਹੰਮਦ ਸ਼ਰੀਕ ਆਲਮੀ ਮੌਜੂਦਗੀ ਵਾਲੇ (ਅਤਿਵਾਦੀ) ਸੰਗਠਨ ਤੋਂ ‘‘ਪ੍ਰਭਾਵਿਤ ਅਤੇ ਪ੍ਰੇਰਿਤ’’ ਸੀ। ਸ਼ਿਵਮੌਗਾ ਜ਼ਿਲ੍ਹੇ ਦੇ ਤੀਰਥੱਲ ਦੀ ਰਹਿਣ ਵਾਲਾ ਮੁਹੰਮਦ ਸ਼ਰੀਕ (24) ਸ਼ਨਿਚਰਵਾਰ ਨੂੰ ਇੱਕ ਪ੍ਰੈਸ਼ਰ ਕੁਕਰ ਵਿੱਚ ਧਮਾਕਾਖੇਜ਼ ਸਮੱਗਰੀ (ਆਈਈਡੀ) ਲੈ ਕੇ ਜਾ ਰਿਹਾ ਸੀ ਜਿਸ ਵਿੱਚ ਸ਼ਹਿਰ ਦੇ ਬਾਹਰਵਾਰ ਧਮਾਕਾ ਹੋ ਗਿਆ ਸੀ। ਉਹ ਧਮਾਕਾ ਵਿੱਚ ਜ਼ਖ਼ਮੀ ਹੋ ਗਿਆ ਸੀ ਅਤੇ ਹੁਣ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਪੁਲੀਸ ਵੱਲੋਂ ਇਸ ਘਟਨਾ ਨੂੰ ‘ਦਹਿਸ਼ਤੀ ਕਾਰਵਾਈ’ ਕਰਾਰ ਦਿੱਤਾ ਗਿਆ ਹੈੈ ਜਿਸ ਦਾ ਮਕਸਦਾ ਵੱਡਾ ਨੁਕਸਾਨ ਪਹੁੰਚਾਉਣਾ ਸੀ। ਕੁਮਾਰ ਨੇ ਕਿਹਾ, ‘‘ਸਾਨੂੰ ਮੋਹਨ ਦੇ ਘਰ ਵਿੱਚੋਂ ਜਿੱਥੇ ਮੁਲਜ਼ਮ ਰਹਿ ਰਿਹਾ ਸੀ, ਕੁਝ ਸਮੱਗਰੀ ਮਿਲੀ ਹੈ ਜਿਹੜੀ ਬੰਬ ਬਣਾਉਣ ਲਈ ਵਰਤੀ ਜਾਂਦੀ ਹੈ ਜਿਵੇਂ ਕਿ ਅਮੋਨੀਅਮ ਨਾਈਟਰੇਟ, ਨਟ ਅਤੇ ਹੋਰ ਸਾਮਾਨ ਮਿਲਿਆ ਹੈ।’’ ਪੁਲੀਸ ਵੱਲੋਂ 7 ਥਾਵਾਂ ’ਤੇ ਤਲਾਸ਼ੀ ਲਈ ਗਈ ਹੈ। ਪੁਲੀਸ ਸੂਤਰਾਂ ਨੇ ਦੱਸਿਆ ਕਿ ਸ਼ਰੀਫ ਖ਼ਿਲਾਫ਼ ਯੂਏਪੀੲੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪਹਿਲਾਂ ਉਸ ਦਾ ਨਾਮ ਸ਼ਿਵਮੌਗਾ ਜ਼ਿਲ੍ਹਾ ’ਚ 15 ਨੂੰ ਅਗਸਤ ਨੂੰ ਹੋਏ ਫਿਰਕੂ ਫਸਾਦ ਵਿੱਚ ਸਾਹਮਣੇ ਆਇਆ ਸੀ ਅਤੇ ਇਸ ਮਾਮਲੇ ’ਚ ਉਹ ਭਗੌੜਾ ਚੱਲ ਰਿਹਾ ਸੀ।