ਓਟਵਾ, ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਇਸ ਸਾਲ ਦੇ ਅੰਤ ਤੱਕ ਹੋਣ ਵਾਲੀਆਂ ਅਮਰੀਕੀ ਮਿਡਟਰਮ ਚੋਣਾਂ ਤੋਂ ਬਾਅਦ ਤੱਕ ਨਾਫਟਾ ਡੀਲ ਉੱਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਪਰ ਕੈਨੇਡਾ ਦੀ ਫੈਡਰਲ ਸਰਕਾਰ ਨੂੰ ਅਜੇ ਵੀ ਗਰਮੀਆਂ ਵਿੱਚ ਨਾਫਟਾ ਡੀਲ ਦੇ ਸਿਰੇ ਚੜ੍ਹਨ ਦੀ ਪੂਰੀ ਉਮੀਦ ਹੈ।
ਪਿੱਛੇ ਜਿਹੇ ਹੀ ਮੈਕਸਿਕੋ ਵਿੱਚ ਰਾਸ਼ਟਰਪਤੀ ਚੋਣਾਂ ਹੋ ਕੇ ਹਟੀਆਂ ਹਨ। ਉੱਥੋਂ ਦੇ ਲੋਕਾਂ ਨੇ ਨਵਾਂ ਰਾਸ਼ਟਰਪਤੀ ਵੀ ਚੁਣ ਲਿਆ ਹੈ। ਪਰ ਓਟਵਾ ਚਾਹੁੰਦਾ ਹੈ ਕਿ ਨਾਫਟਾ ਸਬੰਧੀ ਗੱਲਬਾਤ ਜਲਦੀ ਤੋਂ ਜਲਦੀ ਸ਼ੁਰੂ ਹੋਵੇ। ਇਹ ਜਾਣਕਾਰੀ ਇੱਕ ਸਰਕਾਰੀ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉੱਤੇ ਦਿੱਤੀ। ਉਸ ਅਧਿਕਾਰੀ ਨੇ ਦੱਸਿਆ ਕਿ ਸਾਡੀ ਮੁੱਖ ਤਰਜੀਹ ਜਲਦ ਤੋਂ ਜਲਦ ਸਾਰੀਆਂ ਧਿਰਾਂ ਨੂੰ ਫਾਇਦੇਮੰਦ ਸਮਝੌਤੇ ਨੂੰ ਸਿਰੇ ਚੜ੍ਹਾਉਣਾ ਰਹੀ ਹੈ। ਅਸੀਂ ਅਜੇ ਵੀ ਆਪਣਾ ਧਿਆਨ ਇਸੇ ਗੱਲ ਉੱਤੇ ਕੇਂਦਰਿਤ ਕੀਤਾ ਹੋਇਆ ਹੈ ਤੇ ਦੇਖਦੇ ਹਾਂ ਕਿ ਇਹ ਕਿੱਧਰ ਨੂੰ ਜਾਂਦੀ ਹੈ।
ਮੈਕਸਿਕੋ ਵਿੱਚ ਸੋਮਵਾਰ ਨੂੰ ਹੋਈਆਂ ਚੋਣਾਂ ਵਿੱਚ ਆਂਦਰੇਸ ਮੈਨੂਅਲ ਲੋਪੇਜ਼ ਓਬਰਾਡੌਰ ਨੂੰ ਨਵਾਂ ਰਾਸ਼ਟਰਪਤੀ ਚੁਣ ਲਿਆ ਗਿਆ ਹੈ। ਉਨ੍ਹਾਂ ਵੀ ਇਹ ਆਖ ਦਿੱਤਾ ਹੈ ਕਿ ਉਹ ਨਾਫਟਾ ਸਬੰਧੀ ਚੱਲ ਰਹੀ ਗੱਲਬਾਤ ਦੀ ਹਮਾਇਤ ਵਿੱਚ ਹਨ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਹੈ ਕਿ ਪਹਿਲੀ ਦਸੰਬਰ ਨੂੰ ਆਫਿਸ ਸਾਂਭਣ ਤੋਂ ਪਹਿਲਾਂ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਟੀਮ ਦੇ ਮਾਹਿਰਾਂ ਨੂੰ ਵੀ ਇਸ ਗੱਲਬਾਤ ਦਾ ਹਿੱਸਾ ਬਣਾਇਆ ਜਾਵੇ। ਜਦੋਂ ਤੱਕ ਓਬਰਾਡੌਰ ਸੰਹੁ ਨਹੀਂ ਚੁੱਕ ਲੈਂਦੇ ਉਦੋਂ ਤੱਕ ਮੌਜੂਦਾ ਮੈਕਸੀਕਨ ਪ੍ਰਸ਼ਾਸਨ ਦੇ ਮੈਂਬਰ ਨਾਫਟਾ ਸਬੰਧੀ ਗੱਲਬਾਤ ਜਾਰੀ ਰੱਖਣਗੇ।
ਇਸ ਦੌਰਾਨ ਟਰੰਪ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਨਵੇਂ ਸਮਝੌਤੇ ਉੱਤੇ ਪਹੁੰਚਣ ਤੋਂ ਪਹਿਲਾਂ ਨਵੰਬਰ ਵਿੱਚ ਹੋਣ ਵਾਲੀਆਂ ਅਮਰੀਕੀ ਕਾਂਗਰਸ ਦੀਆਂ ਮਿਡਟਰਮ ਚੋਣਾਂ ਨੂੰ ਭੁਗਤਾ ਲੈਣਾ ਚਾਹੁੰਦੇ ਹਨ। ਟਰੰਪ ਨੇ ਇਹ ਵੀ ਗੱਲ ਵੀ ਜੋ਼ਰ ਦੇ ਕੇ ਆਖੀ ਹੈ ਕਿ ਉਹ ਕੈਨੇਡਾ ਤੇ ਮੈਕਸਿਕੋ ਨਾਲ ਵੱਖੋ ਵੱਖਰੀ ਡੀਲ ਵੀ ਕਰ ਸਕਦੇ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਸਮੇਂ ਕੈਨੇਡਾ ਤੇ ਅਮਰੀਕਾ ਟਰੇਡ ਜੰਗ ਵੱਲ ਵੱਧ ਰਹੇ ਹਨ। ਦੋਵਾਂ ਮੁਲਕਾਂ ਨੇ ਇੱਕ ਦੂਜੇ ਉੱਤੇ ਭਾਰੀ ਟੈਰਿਫ ਲਾ ਦਿੱਤੇ ਹਨ। ਹਾਲਾਤ ਦੇ ਹੋਰ ਬਦਤਰ ਹੋਣ ਦਾ ਵੀ ਖਦਸ਼ਾ ਹੈ।
ਅਜਿਹੇ ਮਾਹੌਲ ਵਿੱਚ ਨਾਫਟਾ ਡੀਲ ਸਿਰੇ ਚੜ੍ਹਨ ਦੀ ਸੰਭਾਵਨਾ ਕਾਫੀ ਮੱਠੀ ਪੈ ਗਈ ਹੈ। ਪਰ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਇਹ ਆਖ ਚੁੱਕੀ ਹੈ ਕਿ ਇਹ ਡੀਲ ਜਲਦ ਸਿਰੇ ਚੜ੍ਹੇਗੀ। ਉਨ੍ਹਾਂ ਆਖਿਆ ਕਿ ਪਿਛਲੇ ਹਫਤੇ ਅਮਰੀਕਾ ਦੇ ਟਰੇਡ ਨੁਮਾਇੰਦੇ ਰੌਬਰਟ ਲਾਈਥਜ਼ਰ ਨਾਲ ਗੱਲਬਾਤ ਤੋਂ ਬਾਅਦ ਇਹ ਸਮਝੌਤਾ ਜਲਦ ਸਿਰੇ ਚੜ੍ਹ ਸਕਦਾ ਹੈ। ਸੋਮਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲੋਪੇਜ਼ ਓਬਰਾਡੌਰ ਨਾਲ ਫੋਨ ਉੱਤੇ ਗੱਲਬਾਤ ਕੀਤੀ। ਦੋਵਾਂ ਆਗੂਆਂ ਨੇ ਆਪਸੀ ਅਹਿਮੀਅਤ ਵਾਲੇ ਆਰਥਿਕ ਤੇ ਟਰੇਡਿੰਗ ਸਬੰਧਾਂ ਨੂੰ ਵਿਚਾਰਿਆ। ਇਸ ਦੇ ਨਾਲ ਹੀ ਨਾਫਟਾ ਡੀਲ ਨੂੰ ਸਿਰੇ ਲਾਉਣ ਦੀਆਂ ਆਪਣੀਆਂ ਤਰਜੀਹਾਂ ਬਾਰੇ ਵੀ ਗੱਲ ਕੀਤੀ।