ਅਲ ਖੋਰ, 12 ਦਸੰਬਰ

ਮੌਜੂਦਾ ਚੈਂਪੀਅਨ ਫਰਾਂਸ ਨੇ ਓਲਿਵੀਅਰ ਗਿਰੋਡ ਦੇ ਗੋਲ ਸਦਕਾ ਸ਼ਨਿੱਚਰਵਾਰ ਨੂੰ ਇੱਥੇ ਇੰਗਲੈਂਡ ਨੂੰ 2-1 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਜਗ੍ਹਾ ਬਣਾ ਲਈ ਹੈ। ਗਿਰੋਡ ਨੇ ਅਲ ਬਾਯਤ ਸਟੇਡੀਅਮ ’ਚ ਮੈਚ ਦੌਰਾਨ 78ਵੇਂ ਮਿੰਟ ਵਿੱਚ ਫਰਾਂਸ ਲਈ ਫ਼ੈਸਲਾਕੁਨ ਗੋਲ ਦਾਗਿਆ। ਫਰਾਂਸ ਹੁਣ ਬਰਾਜ਼ੀਲ ਤੋਂ ਬਾਅਦ ਲਗਾਤਾਰ ਦੋ ਵਿਸ਼ਵ ਕੱਪ ਜਿੱਤਣ ਵਾਲੀ ਦੂੁਜੀ ਟੀਮ ਬਣਨ ਤੋਂ ਸਿਰਫ ਦੋ ਜਿੱਤਾਂ ਦੂਰ ਹੈ। ਬਰਾਜ਼ੀਲ ਨੇ 1958 ਅਤੇ 1962 ਵਿੱਚ ਲਗਾਤਾਰ ਦੋ ਵਿਸ਼ਵ ਕੱਪ ਜਿੱਤੇ ਸਨ। 

 

ਓਲਿਵੀਅਰ ਗਿਰੋਡ ਨੇ ਹੈੱਡਰ ਦੀ ਮਦਦ ਨਾਲ ਗੋਲ ਕੀਤਾ ਜਿਸ ਨੂੰ ਇੰਗਲੈਂਡ ਦਾ ਗੋਲਕੀਪਰ ਜੌਰਡਨ ਪਿਕਫੋਰਡ ਰੋਕਣ ’ਚ ਅਸਫਲ ਰਿਹਾ। ਹਾਲਾਂਕਿ ਇਸ ਤੋਂ ਬਾਅਦ ਇੰਗਲੈਂਡ ਦੇ ਸਟਰਾਈਕਰ ਹੈਰੀ ਕੇਨ ਨੂੰ ਬਰਾਬਰੀ ਕਰਨ ਦਾ ਮੌਕਾ ਮਿਲਿਆ ਪਰ ਪੈਨਲਟੀ ’ਤੇ ਉਸ ਦਾ ਸ਼ਾਟ ਗੋਲਾਂ ਦੇ ਉਪਰੋਂ ਨਿਕਲ ਗਿਆ। ਇਸ ਤੋਂ ਪਹਿਲਾਂ ਉਸ ਨੇ 54ਵੇਂ ਮਿੰਟ ਵਿੱਚ ਪੈਨਲਟੀ ਨੂੰ ਗੋਲ ’ਚ ਬਦਲ ਕੇ ਇੰਗਲੈਂਡ ਨੂੰ 1-1 ਦੀ ਬਰਾਬਰੀ ’ਤੇ ਲਿਆਂਦਾ ਸੀ। ਫਰਾਂਸ ਵੱਲੋਂ ਪਹਿਲਾ ਗੋਲ ਔਰਿਲਿਯਨ ਟਚੌਮੈਨੀ ਨੇ 17ਵੇਂ ਮਿੰਟ ਵਿੱਚ ਦਾਗਿਆ ਸੀ। ਫਰਾਂਸ ਦਾ ਵੀਰਵਾਰ ਵੱਡੇ ਤੜਕੇ ਸੈਮੀਫਾਈਨਲ ’ਚ ਮੋਰੱਕੋ ਨਾਲ ਸਾਹਮਣਾ ਹੋਵੇਗਾ। ਮੋਰੱਕੋ ਨੇ ਪੁਰਤਗਾਲ ਨੂੰ 1-0 ਨਾਲ ਹਰਾ ਕੇ ਸੈਮੀਫਾਈਨਲ ’ਚ ਜਗ੍ਹਾ ਬਣਾਈ ਹੈ। ਮੋਰੱਕੋ ਵਿਸ਼ਵ ਕੱਪ ਸੈਮੀਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਅਫ਼ਰੀਕੀ ਅਰਬ ਟੀਮ ਹੈ। 

ਮੈਚ ’ਚ ਇੰਗਲੈਂਡ ਦੀ ਟੀਮ ਸਕੋਰ 1-1 ਨਾਲ ਬਰਾਬਰ ਕਰਨ ਮਗਰੋਂ ਲੀਡ ਲੈਣ ਦੀ ਸਥਿਤੀ ਵਿੱਚ ਲੱਗ ਰਹੀ ਸੀ ਪਰ ਇਸ ਦੌਰਾਨ ਗਿਰੋਡ ਨੇ ਗ੍ਰੀਜ਼ਮੈਨ ਦੇ ਪਾਸ ’ਤੇ ਗੋਲ ਦਾਗ ਫਰਾਂਸ ਨੂੰ 2-1 ਨਾਲ ਅੱਗੇ ਕਰ ਦਿੱਤਾ। ਫਰਾਂਸ ਵੱਲੋਂ ਗਿਰੋਡ ਦਾ ਇਹ 53ਵਾਂ ਗੋਲ ਸੀ ਜੋ ਕਿ ਇੱਕ ਕੌਮੀ ਰਿਕਾਰਡ ਹੈ। ਫਰਾਂਸ ਦਾ ਸਟਾਰ ਸਟਰਾਈਕਰ ਕਾਈਲਿਨ ਮਬਾਪੇ ਮੈਚ ਦੌਰਾਨ ਕੋਈ ਗੋਲ ਨਹੀਂ ਕਰ ਸਕਿਆ ਪਰ ਹਾਲੇ ਤੱਕ ਵਿਸ਼ਵ ਕੱਪ ਵਿੱਚ ਉਹ ਸਭ ਤੋਂ ਵੱਧ 5 ਗੋਲ ਕਰ ਚੁੱਕਾ ਹੈ ਜਦਕਿ ਗਿਰੋਡ ਤੇ ਲਿਓਨਲ ਮੈਸੀ ਦੇੇ 4-4 ਗੋਲ ਹਨ। ਇੰਗਲੈਂਡ ਨੇ ਕੁਆਰਟਰ ਫਾਈਨਲ ਤੱਕ ਦੇ ਸਫਰ ਦੌਰਾਨ ਮੈਚਾਂ ’ਚ 12 ਗੋਲ ਦਾਗੇ ਸਨ। ਇੰਗਲੈਂਡ ਪਿਛਲੇ ਵਿਸ਼ਵ ਕੱਪ ’ਚ ਸੈਮੀਫਾਈਨਲ ਤੱਕ ਪਹੁੰਚਿਆ ਸੀ।