ਦੁਬਈ, 13 ਨਵੰਬਰ
ਕਪਤਾਨ ਸੁਨੀਲ ਛੇਤਰੀ ਨੇ ਅੱਜ ਕਿਹਾ ਕਿ ਭਾਰਤੀ ਫੁਟਬਾਲ ਟੀਮ ਦੇ ਸਾਥੀ ਖਿਡਾਰੀਆਂ ਨੂੰ ਵੀਰਵਾਰ ਨੂੰ ਅਫ਼ਗਾਨਿਸਤਾਨ ਖ਼ਿਲਾਫ਼ ਹੋਣ ਵਾਲੇ ਵਿਸ਼ਵ ਕੱਪ ਕੁਆਲੀਫਾਈਂਗ ਗੇੜ ਦੇ ਅਹਿਮ ਮੈਚ ਵਿੱਚ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ। ਏਸ਼ਿਆਈ ਚੈਂਪੀਅਨ ਕਤਰ (0-0 ਡਰਾਅ) ਖ਼ਿਲਾਫ਼ ਵਧੀਆ ਪ੍ਰਦਰਸ਼ਨ ਮਗਰੋਂ ਭਾਰਤ ਨੇ ਆਪਣੇ ਤੋਂ ਹੇਠਲੇ ਦਰਜੇਬੰਦੀ ’ਤੇ ਕਾਬਜ਼ ਬੰਗਲਾਦੇਸ਼ ਖ਼ਿਲਾਫ਼ 1-1 ਨਾਲ ਡਰਾਅ ਖੇਡਿਆ। ਕੋਚ ਇਗੋਰ ਸਟਿਮੈਕ ਦੀ ਟੀਮ ਹੁਣ ਗਰੁੱਪ ‘ਈ’ ਸੂਚੀ ਵਿੱਚ ਦੋ ਅੰਕ ਨਾਲ ਚੌਥੇ ਸਥਾਨ ’ਤੇ ਕਾਬਜ਼ ਹੈ ਅਤੇ ਕੁਆਲੀਫਾਈਂਗ ਗੇੜ ਦੀ ਦੌੜ ਵਿੱਚ ਬਰਕਰਾਰ ਰਹਿਣ ਲਈ ਭਾਰਤ ਲਈ ਤਾਜ਼ਕਿਸਤਾਨ ਦੇ ਦੁਸ਼ਾਨਬੇ ਵਿੱਚ ਵੀਰਵਾਰ ਨੂੰ ਹੋਣ ਵਾਲਾ ਮੈਚ ਕਾਫ਼ੀ ਅਹਿਮ ਹੋਵੇਗਾ। ਛੇਤਰੀ ਨੇ ਕਿਹਾ ਕਿ ਟੀਮ ਨੂੰ ਇਸ ਚੀਜ਼ ’ਤੇ ਜ਼ਿਆਦਾ ਧਿਆਨ ਕੇਂਦਰਿਤ ਕਰਨਾ ਹੋਵੇਗਾ ਕਿ ਉਹ ਮਿਲੇ ਮੌਕਿਆਂ ਨੂੰ ਗੋਲ ਵਿੱਚ ਬਦਲ ਸਕੇ। ਭਾਰਤ ਨੇ ਬੰਗਲਾਦੇਸ਼ ਖ਼ਿਲਾਫ਼ ਕੁੱਝ ਮੌਕੇ ਬਣਾਏ, ਪਰ ਆਦਿਲ ਖ਼ਾਨ ਦੇ 88ਵੇਂ ਮਿੰਟ ਵਿੱਚ ਹੈਡਰ ਨਾਲ ਕੀਤੇ ਗੋਲ ਤੋਂ ਇਲਾਵਾ ਉਹ ਮੌਕਿਆਂ ਦਾ ਲਾਹਾ ਨਹੀਂ ਲੈ ਸਕੇ। ਛੇਤਰੀ ਨੇ ਦੁਬਈ ਸਪੋਰਟਸ ਸਿਟੀ ਵਿੱਚ ਟ੍ਰੇਨਿੰਗ ਮਗਰੋਂ ਕਿਹਾ, ‘‘ਅਸੀਂ ਮੌਕੇ ਬਣਾ ਰਹੇ ਹਾਂ, ਪਰ ਇੰਨ੍ਹਾ ਹੀ ਕਾਫ਼ੀ ਨਹੀਂ। ਸਾਨੂੰ ਉਨ੍ਹਾਂ ਨੂੰ ਗੋਲ ਵਿੱਚ ਬਦਲਣ ਲਈ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਾ ਹੋਵੇਗਾ।’’