ਮੌਂਟੇ ਕਾਰਲੋ, ਚੌਥਾ ਦਰਜਾ ਪ੍ਰਾਪਤ ਗ੍ਰਿਗੋਰ ਦਿਮਿਤਰੋਵ ਨੇ ਪੀਅਰੇ ਹਿਊਜ਼ ਹਰਬਰਟ ਨੂੰ ਤਿੰਨ ਸੈੱਟਾਂ ਦੇ ਸਖ਼ਤ ਮੁਕਾਬਲੇ ਵਿੱਚ ਹਰਾ ਦਿੱਤਾ। ਉਸ ਨੇ ਹਰਬਰਟ ਨੂੰ 3-6, 6-2, 6-4 ਨਾਲ ਹਰਾ ਕੇ ਮੌਂਟੇ ਕਾਰਲੋ ਮਾਸਟਰਜ਼ ਟੈਨਿਸ ਟੂਰਨਾਮੈਂਟ ਦੇ ਤੀਜੇ ਗੇੜ ਵਿੱਚ ਥਾਂ ਬਣਾ ਲਈ ਹੈ। ਦੂਜੇ ਪਾਸੇ ਡੋਮੀਨਿਕ ਥੀਐਮ ਨੇ ਰੂਸ ਦੇ ਨੌਜਵਾਨ ਖਿਡਾਰੀ ਆਂਦਰੇ ਰੂਬਲੇਵ ਨੂੰ 5-7, 7-5, 7-5 ਨਾਲ ਹਰਾਇਆ। ਬੁਲਗਾਰੀਆ ਦੇ 26 ਸਾਲਾ ਦਿਮਿਤਰੋਵ ਨੂੰ ਪਹਿਲੇ ਸੈੱਟ ਵਿੱਚ ਫਰਾਂਸ ਕੁਆਲੀਫਾਇਰ ਹਰਬਰਟ ਖ਼ਿਲਾਫ਼ ਕਾਫ਼ੀ ਜੂਝਣਾ ਪਿਆ ਅਤੇ ਉਸ ਨੇ ਦੋ ਵਾਰ ਆਪਣੀ ਸਰਵਿਸ ਗੁਆਈ, ਪਰ ਉਸ ਨੇ ਸੰਭਲਦਿਆਂ ਅਗਲੇ ਦੋਵੇਂ ਸੈੱਟ ਜਿੱਤ ਲਏ। ਪੰਜਵਾਂ ਦਰਜਾ ਪ੍ਰਾਪਤ ਆਸਟਰੀਆ ਦੇ ਥੀਐਮ ਨੇ ਮੈਚ ਅੰਕ ਨਾਲ ਵਾਪਸੀ ਕਰਦਿਆਂ ਜਿੱਤ ਪ੍ਰਾਪਤ ਕੀਤੀ। 20 ਸਾਲਾ ਰੂਬਲੇਵ ਨੇ ਫੈਸਲਾਕੁੰਨ ਸੈੱਟ ਵਿੱਚ 1-4 ਨਾਲ ਪੱਛੜਣ ਮਗਰੋਂ 5-4 ਅਤੇ 40-30 ਦੀ ਲੀਡ ਬਣਾਈ। ਥੀਐਮ ਦਾ ਅਗਲਾ ਮੁਕਾਬਲਾ ਸਾਬਕਾ ਨੰਬਰ ਇੱਕ ਸਰਬੀਆ ਦੇ ਨੋਵਾਕ ਜੋਕੋਵਿਚ ਨਾਲ ਹੋਵੇਗਾ। ਪਿਛਲੇ ਸਾਲ ਦੇ ਸੈਮੀ ਫਾਈਨਲਿਸਟ ਲੁਕਾਸ ਪੋਇਲੀ ਨੂੰ ਜਰਮਨੀ ਦੇ ਮਿਸ਼ਾ ਜਵੇਰੇਵ ਨੇ ਹਰਾ ਦਿੱਤਾ, ਜਦਕਿ ਜਰਮਨੀ ਦੇ ਅਲੈਕਜ਼ੈਂਡਰ ਜਵੇਰੇਵ ਨੇ ਲਗਜ਼ਮਬਰਗ ਦੇ ਜ਼ਾਇਲਜਸ ਮਿਊਲਰ ਨੂੰ ਹਰਾਇਆ।