ਮੋਹਾਲੀ ਜ਼ਿਲ੍ਹੇ ਦੇ ਸੋਹਾਣਾ ਪਿੰਡ ’ਚ ਸਨਿਚਰਵਾਰ ਨੂੰ ਇਕ ਚਾਰ ਮੰਜ਼ਿਲਾ ਇਮਾਰਤ ਡਿੱਗਣ ਤੋਂ ਬਾਅਦ ਕਈ ਏਜੰਸੀਆਂ ਵਲੋਂ ਬਚਾਅ ਮੁਹਿੰਮ ਜਾਰੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਅਧਿਕਾਰੀਆਂ ਮੁਤਾਬਕ ਮਲਬੇ ਹੇਠਾਂ ਪੰਜ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ।

ਉਨ੍ਹਾਂ ਦਸਿਆ ਕਿ ਮਲਬੇ ’ਚੋਂ ਇਕ ਔਰਤ ਨੂੰ ਬਾਹਰ ਕਢਿਆ ਗਿਆ ਪਰ ਉਸ ਦੀ ਹਾਲਤ ਦਾ ਪਤਾ ਨਹੀਂ ਲੱਗ ਸਕਿਆ। ਮੁਹਿੰਮ ਦੇ ਹਿੱਸੇ ਵਜੋਂ ਮਲਬੇ ਨੂੰ ਸਾਫ਼ ਕਰਨ ਲਈ ਕਈ ਖੁਦਾਈ ਕਰਨ ਵਾਲਿਆਂ ਨੂੰ ਸੇਵਾ ’ਚ ਲਗਾਇਆ ਗਿਆ ਹੈ।

ਅਧਿਕਾਰੀਆਂ ਨੇ ਦਸਿਆ ਕਿ ਕੌਮੀ ਆਫ਼ਤ ਪ੍ਰਤੀਕਿਰਿਆ ਬਲ (ਐੱਨ.ਡੀ.ਆਰ.ਐੱਫ.) ਦੀ ਇਕ ਟੀਮ ਮੌਕੇ ’ਤੇ ਪਹੁੰਚ ਗਈ ਹੈ। ਫਾਇਰ ਬ੍ਰਿਗੇਡ ਵਿਭਾਗ ਵੀ ਇਸ ਮੁਹਿੰਮ ’ਚ ਸ਼ਾਮਲ ਹੈ। ਐਂਬੂਲੈਂਸਾਂ ਦੇ ਨਾਲ ਮੈਡੀਕਲ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, ‘‘ਮੁਹਾਲੀ ਦੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ’ਚ ਸੋਹਾਣਾ ਨੇੜੇ ਇਕ ਬਹੁਮੰਜ਼ਲਾ ਇਮਾਰਤ ਡਿੱਗਣ ਦੀ ਦੁਖਦਾਈ ਖ਼ਬਰ ਮਿਲੀ ਹੈ। ਪੂਰਾ ਪ੍ਰਸ਼ਾਸਨ ਅਤੇ ਹੋਰ ਬਚਾਅ ਟੀਮਾਂ ਮੌਕੇ ’ਤੇ ਤਾਇਨਾਤ ਹਨ। ਮੈਂ ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ ’ਚ ਹਾਂ।’’

ਉਨ੍ਹਾਂ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਕੋਈ ਜਾਨੀ ਨੁਕਸਾਨ ਨਾ ਹੋਵੇ, ਅਸੀਂ ਦੋਸ਼ੀਆਂ ਵਿਰੁਧ ਵੀ ਕਾਰਵਾਈ ਕਰਾਂਗੇ। ਮੈਂ ਲੋਕਾਂ ਨੂੰ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਦੀ ਅਪੀਲ ਕਰਦਾ ਹਾਂ।’’

ਮੌਕੇ ’ਤੇ ਪਹੁੰਚੇ ਡੀ.ਜੀ.ਪੀ. ਗੌਰਵ ਯਾਦਵ ਨੇ ਦਸਿਆ ਕਿ ਬਚਾਅ ਕਾਰਜ ’ਚ ਵੱਖ-ਵੱਖ ਏਜੰਸੀਆਂ ਦੀ ਮਦਦ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫੌਜ, ਐਨ.ਡੀ.ਆਰ.ਐਫ., ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਬਚਾਅ ਕਾਰਜਾਂ ’ਚ ਸ਼ਾਮਲ ਹਨ।

ਮੋਹਾਲੀ ਦੇ ਸੀਨੀਅਰ ਪੁਲਿਸ ਸੁਪਰਡੈਂਟ ਦੀਪਕ ਪਰੀਕ ਨੇ ਦਸਿਆ ਕਿ ਬਚਾਅ ਕਾਰਜ ਜ਼ੋਰਾਂ ’ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ, ‘‘ਸਾਡੀ ਟੀਮ ਕੰਮ ਕਰ ਰਹੀ ਹੈ। ਮਲਬੇ ਨੂੰ ਜਲਦੀ ਤੋਂ ਜਲਦੀ ਹਟਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਬਚਾਅ ਕਾਰਜ ਲਈ ਰੌਸ਼ਨੀ ਦੇ ਪ੍ਰਬੰਧ ਕੀਤੇ ਗਏ ਹਨ।’’

ਇਕ ਸਥਾਨਕ ਵਸਨੀਕ ਨੇ ਦਸਿਆ ਕਿ ਜਦੋਂ ਇਮਾਰਤ ਡਿੱਗੀ ਤਾਂ ਜ਼ੋਰਦਾਰ ਆਵਾਜ਼ ਸੁਣਾਈ ਦਿਤੀ। ਮੁੱਢਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਇਮਾਰਤ ਨੇੜਲੇ ਖੇਤਰ ’ਚ ਭੂਮੀਗਤ ਮੰਜ਼ਿਲ ਖੋਦਣ ਤੋਂ ਬਾਅਦ ਢਹਿ ਗਈ।

ਜਾਂਚ ਮੁਤਾਬਕ ਇਮਾਰਤ ’ਚ ਇਕ ਜਿਮ ਵੀ ਸੀ, ਜਿੱਥੇ ਨੌਜੁਆਨ ਅਕਸਰ ਆਉਂਦੇ ਰਹਿੰਦੇ ਸਨ। ਜਿਮ ਦੀ ਇਕ ਮੈਂਬਰ ਨੇ ਦਸਿਆ ਕਿ ਉਹ ਸਨਿਚਰਵਾਰ ਨੂੰ ਕੰਮ ਕਾਰਨ ਜਿਮ ਨਹੀਂ ਜਾ ਸਕੀ, ਜਿਸ ਕਾਰਨ ਉਹ ਹਾਦਸੇ ਤੋਂ ਬਚ ਗਈ।

ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਅਤੇ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਵੀ ਮੌਕੇ ’ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਇਹ ਮੰਦਭਾਗੀ ਘਟਨਾ ਹੈ। ਬਚਾਅ ਕਾਰਜ ਜ਼ੋਰਾਂ ’ਤੇ ਹਨ।