ਰੋਪੜ, ਚੰਡੀਗੜ, 27 ਅਕਤੂਬਰ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਆਪਣੀਆਂ ਅਸਫਲਤਾਵਾਂ ਨੂੰ ਛੁਪਾਉਣ ਲਈ ਦੇਸ਼ ਦੇ ਸੰਘੀ ਢਾਂਚੇ ਦਾ ਘਾਣ ਕਰਨ ਤੇ ਤੁਲੀ ਹੋਈ ਹੈ।

ਅੱਜ ਜ਼ਿਲਾ ਰੋਪੜ ਦੇ ਦੌਰੇ ਦੌਰਾਨ ਸੂਬਾ ਕਾਂਗਰਸ ਪ੍ਰਧਾਨ ਨੇ ਇਹ ਗੱਲ ਆਖੀ। ਉਨਾਂ ਨੇ ਇੱਥੇ ਨੂਰਪੁਰ ਬੇਦੀ ਹਲਕੇ ਵਿਚ ਤਖਤਗੜ ਦੀ ਅਨਾਜ ਮੰਡੀ ਵਿਚ ਕਿਸਾਨਾਂ, ਆੜਤੀਆਂ ਅਤੇ ਮਜਦੂਰਾਂ ਨਾਲ ਵਿਚਾਰ ਵਟਾਂਦਰਾਂ ਕਰਨ ਦੇ ਨਾਲ ਨਾਲ ਇੱਥੇ ਇਕ ਵਰਕਰ ਸਭਾ ਨੂੰ ਵੀ ਸੰਬੋਧਨ ਕੀਤਾ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਕਿ ਕੇਂਦਰ ਸਰਕਾਰ ਦੁਆਰਾ ਲਿਆਂਦੇ ਕਾਲੇ ਕਾਨੂੰਨਾਂ ਦੇ ਸਾਡੇ ਕਿਸਾਨਾਂ ਤੇ ਕੀ ਮਾੜੇ ਅਸਰ ਸਨ ਅਤੇ ਪੰਜਾਬ ਸਰਕਾਰ ਵੱਲੋਂ ਲਿਆਂਦੇ ਬਿੱਲ ਕਿਵੇਂ ਸਾਡੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਣਗੇ।

 ਜਾਖੜ ਨੇ ਕਿਹਾ ਕਿ ਪਹਿਲਾਂ ਕੌਮਾਂਤਰੀ ਪੱਧਰ ਤੇ ਅਜਿਹਾ ਸੁਣਨ ਨੂੰ ਮਿਲਦਾ ਸੀ ਕਿ ਕਿਸੇ ਦੇਸ਼ ਨੇ ਦੂਜੇ ਦੇਸ਼ ਤੇ ਆਰਥਿਕ ਪਾਬੰਦੀਆਂ ਲਗਾ ਦਿੱਤੀਆਂ, ਉਸ ਮੁਲਕ ਦੀ ਨਾਕਾਬੰਦੀ ਕਰ ਦਿੱਤੀ ਪਰ ਇਹ ਪਹਿਲੀ ਵਾਰ ਹੈ ਕਿ ਮੋਦੀ ਸਰਕਾਰ ਦੇਸ਼ ਦੇ ਅੰਦਰ ਇਸ ਤਰਾਂ ਦੇ ਵਰਤਾਰੇ ਕਰ ਰਹੀ ਹੈ। ਉਨਾਂ ਨੇ ਕਿਹਾ ਕਿ ਪਹਿਲਾਂ ਜੀਐਸਟੀ ਦੀ ਹਿੱੋਸੇਦਾਰੀ ਰੋਕਣਾ ਅਤੇ ਹੁਣ ਪੰਜਾਬ ਲਈ ਮਾਲ ਗੱਡੀਆਂ ਦੀ ਆਵਾਜਾਈ ਰੋਕ ਕੇ ਮੋਦੀ ਸਰਕਾਰ ਪੰਜਾਬ ਨਾਲ ਬਦਲਾਖੋਰੀ ਕਰ ਰਹੀ ਹੈ ਤਾਂ ਜੋ ਕੇਂਦਰ ਦੇ ਕਾਲੇ ਕਾਨੂੰਨਾਂ ਖਿਲਾਫ ਅਵਾਜ਼ ਬੁਲੰਦ ਕਰਨ ਵਾਲੇ ਪੰਜਾਬ ਨੂੰ ਸਬਕ ਸਿਖਾਇਆ ਜਾ ਸਕੇ। ਉਨਾਂ ਨੇ ਕਿਹਾ ਕਿ ਮੋਦੀ ਸਰਕਾਰ ਦਾ ਇਹ ਵਤੀਰਾ ਦੇਸ਼ ਦੇ ਸੰਘੀ ਢਾਂਚੇ ਦੇ ਮੂਲ ਸਿਧਾਂਤ ਦਾ ਘੋਰ ਉਲੰਘਣ ਹਨ।

ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਕਾਲੇ ਖੇਤੀ ਕਾਨੂੰਨ ਪੰਜਾਬ ਦੇ ਖੇਤੀ ਅਰਥਚਾਰੇ ਨੂੰ ਤਾਂ ਤਬਾਹ ਕਰਣਗੇ ਹੀ ਬਲਕਿ ਇਸਦੇ ਨਾਲ ਨਾਲ ਆੜਤੀਆਂ, ਟਰਾਂਸਪੋਰਟਰਾਂ, ਛੋਟੇ ਵਪਾਰੀਆਂ ਅਤੇ ਮਜਦੂਰਾਂ ਲਈ ਵੀ ਤਬਾਹਕੂੰਨ ਸਾਬਤ ਹੋਣਗੇ। ਉਨਾਂ ਨੇ ਕਿਹਾ ਕਿ ਇਸੇ ਲਈ ਪੰਜਾਬ ਸਰਕਾਰ ਨੇ ਇੰਨਾਂ ਕਾਲੇ ਕਾਨੂੰਨਾਂ ਦਾ ਪ੍ਰਭਾਵ ਖਤਮ ਕਰਨ ਲਈ ਵਿਧਾਨ ਸਭਾ ਵਿਚ ਤਿੰਨ ਬਿੱਲ ਪਾਸ ਕਰਵਾਏ ਹਨ।

 ਜਾਖੜ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2004 ਵਿਚ ਜਿਸ ਤਰਾਂ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਵਿਧਾਨ ਸਭਾ ਵਿਚ ਇਤਿਹਾਸਕ ਬਿੱਲ ਲਿਆਂਦਾ ਸੀ ਉਸੇ ਤਰਾਂ ਇਕ ਵਾਰ ਫਿਰ ਪੰਜਾਬ ਵਿਧਾਨ ਸਭਾ ਵਿਚ ਤਿੰਨ ਬਿੱਲ ਲਿਆ ਕੇ ਕਾਂਗਰਸ ਦੀ ਸਰਕਾਰ ਨੇ ਸੂਬੇ ਦੇ ਕਿਸਾਨਾਂ, ਮਜਦੂਰਾਂ, ਆੜਤੀਆਂ, ਟਰਾਂਸਪੋਰਟਰਾਂ ਦੇ ਹਿੱਤਾਂ ਦੀ ਰਾਖੀ ਕੀਤੀ ਹੈ। ਪੰਜਾਬ ਸਰਕਾਰ ਦਾ ਇਹ ਇਤਿਹਾਸਕ ਨਿਰਣਾ ਦੇਸ਼ ਵਿਚ ਇਕ ਨਵੀਂ ਮਿਸ਼ਾਲ ਬਣਿਆ ਹੈ ਅਤੇ ਹੋਰ ਰਾਜ ਇਸ ਤੋਂ ਪ੍ਰੇਰਿਤ ਹੋ ਰਹੇ ਹਨ।

ਸੂਬਾ ਕਾਂਗਰਸ ਪ੍ਰਧਾਨ ਨੇ ਇਸ ਸਮੇਂ ਸ਼ੋ੍ਰਮਣੀ ਅਕਾਲੀ ਦਲ ਦੇ ਨੇਤਾ ਸੁਖਬੀਰ ਸਿੰਘ ਬਾਦਲ ਵੱਲੋਂ ਵਾਰ ਵਾਰ ਆਪਣੇ ਬਿਆਨਾਂ ਤੋਂ ਪਲਟੀ ਮਾਰੇ ਜਾਣ ਤੇ ਚੁੁਟਕੀ ਲੈਂਦਿਆਂ ਕਿਹਾ ਅਕਾਲੀ ਦਲ ਦੇ ਨੇਤਾ ਪਹਿਲਾਂ ਤਿੰਨ ਮਹੀਨਿਆਂ ਤੱਕ ਕੇਂਦਰ ਦੇ ਕਾਨੂੰਨਾਂ ਦੀ ਹਮਾਇਤ ਕਰਦੇ ਰਹੇ ਸਨ ਅਤੇ ਇੰਨਾਂ ਨੂੰ ਕਿਸਾਨਾਂ ਲਈ ਵਰਦਾਨ ਦੱਸਦੇ ਰਹੇ ਸਨ। ਉਨਾਂ ਨੇ ਕਿਹਾ ਕਿ ਅਕਾਲੀ ਆਗੂਆਂ ਨੂੰ ਕੀ ਪੰਜਾਬ ਦੇ ਦੁੱਖ ਦਰਦ ਦੀ ਸਮਝ ਨਹੀਂ ਸੀ ਜੋ ਉਹ ਪਹਿਲਾਂ ਤਿੰਨ ਮਹੀਨਿਆਂ ਤੱਕ ਇੰਨਾਂ ਕਾਨੂੰਨਾਂ ਦੀ ਹਮਾਇਤ ਕਰਦੇ ਰਹੇ। ਉਨਾਂ ਨੇ ਕਿਹਾ ਕਿ ਇੰਨਾਂ ਤਿੰਨ ਕਾਲੇ ਕਾਨੂੰਨਾਂ ਦਾ ਮੁੱਢ ਤਾਂ ਅਕਾਲੀ ਦਲ ਭਾਜਪਾ ਦੀ ਪਿੱਛਲੀ ਸਰਕਾਰ ਨੇ ਤਦ ਬੰਨਿਆਂ ਸੀ ਜਦ ਇੰਨਾਂ ਨੇ ਕਣਕ ਖਰੀਦ ਦੇ ਘੋਟਾਲੇ ਦੀ 31ਹਜਾਰ ਕਰੋੜ ਦੀ ਰਕਮ ਨੂੰ ਪੰਜਾਬ ਸਿਰ ਕਰਜਾ ਮੰਨ ਕੇ ਆਪਣੇ ਸੂਬੇ ਨੂੰ ਅੱਗਲੇ 20 ਸਾਲਾਂ ਲਈ ਇਸ ਕਰਜ ਦੀਆਂ ਕਿਸਤਾਂ ਉਤਾਰਨ ਦੀ ਘੁਮੰਣਘੇਰੀ ਵਿਚ ਪਾ ਦਿੱਤਾ ਸੀ। ਉਨਾਂ ਨੇ ਕਿਹਾ ਕਿ ਭਾਜਪਾ ਅਤੇ ਅਕਾਲੀ ਦਲ ਦਾ ਏਂਜਡਾ ਇਕ ਹੀ ਹੈ ਅਤੇ ਦੋਨੋਂ ਪੰਜਾਬ ਨੂੰ ਤਬਾਹ ਕਰਨ ਲਈ ਜਿੰਮੇਵਾਰ ਹਨ।  

ਇਸ ਮੌਕੇ ਉਨਾਂ ਨਾਲ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਵੀ ਹਾਜਰ ਸਨ ਜਿੰਨਾਂ ਨੇ ਵੀ ਸੰਬੋਧਨ ਕੀਤਾ।