ਰੋਮ, 30 ਅਕਤੂਬਰ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜੀ-20 ਸਿਖਰ ਸੰਮੇਲਨ ਮੌਕੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਤੇ ਅਮਰੀਕੀ ਰਾਸ਼ਟਰਪਤੀ ਜੋਇ ਬਾਇਡਨ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਰੋਮ ਕਨਵੈਨਸ਼ਨ ਸੈਂਟਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਡਰੈਗਿਅਸ ਨੇ ਸਵਾਗਤ ਕੀਤਾ। ਇਸ ਮੌਕੇ ਵਿਸ਼ਵ ਦੇ ਆਗੂ ਗਰੀਬ ਦੇਸ਼ਾਂ ਲਈ ਕਰੋਨਾ ਵੈਕਸੀਨ ਦਾ ਉਤਪਾਦਨ ਵਧਾਉਣ ਤੇ ਤਾਪਮਾਨ ਵਿਚ 1.5 ਡਿਗਰੀ ਕਮੀ ਲਿਆਉਣ ਲਈ ਸਹਿਮਤ ਹੋਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-20 ਦੇਸ਼ਾਂ ਨੂੰ ਆਰਥਿਕ ਸੁਧਾਰ ਵਿੱਚ ਭਾਰਤ ਨੂੰ ਆਪਣਾ ਭਾਈਵਾਲ ਬਣਾਉਣ ਦਾ ਸੱਦਾ ਦਿੱਤਾ। ਸ਼ਨਿਚਰਵਾਰ ਨੂੰ ਰੋਮ ਵਿੱਚ ‘ਆਰਥਿਕਤਾ ਅਤੇ ਕੋਵਿਡ ਮਹਾਂਮਾਰੀ’ ਵਿਸ਼ੇ ’ਤੇ ਜੀ-20 ਸੰਮੇਲਨ ਦੇ ਉਦਘਾਟਨੀ ਸੈਸ਼ਨ ਵਿੱਚ ਬੋਲਦਿਆਂ ਪ੍ਰਧਾਨ ਮੰਤਰੀ ਨੇ ਭਾਰਤ ਦੇ ਆਰਥਿਕ ਸੁਧਾਰਾਂ ਅਤੇ ਕਾਰਪੋਰੇਸ਼ਨਾਂ ’ਤੇ ਇੱਕ ਸਾਂਝੇ ਗਲੋਬਲ ਟੈਕਸ ਨੂੰ ਅਪਣਾਉਣ ਦੀ ਇੱਛਾ ਜਤਾਈ।