ਹੀਰੋਸ਼ੀਮਾ (ਜਾਪਾਨ), 20 ਮਈ
ਜੀ-20 ਸਿਖ਼ਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਜਪਾਨ ਪੁੱਜ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜਪਾਨ, ਦੱਖਣੀ ਕੋਰੀਆ ਤੇ ਵੀਅਤਨਾਮ ਨੇ ਨੇਤਾਵਾਂ ਨਾਲ ਗੱਲਬਾਤ ਕੀਤੀ। ਆਪਣੇ ਜਾਪਾਨੀ ਹਮਰੁਤਬਾ ਫੂਮਿਓ ਕਿਸ਼ਿਦਾ ਨਾਲ ਦੁਵੱਲੀ ਗੱਲਬਾਤ ਦੌਰਾਨ ਦੋਵਾਂ ਨੇਤਾਵਾਂ ਨੇ ਜਾਪਾਨ ਅਤੇ ਭਾਰਤ ਦੀਆਂ ਜੀ-7 ਅਤੇ ਜੀ-20 ਪ੍ਰਧਾਨਗੀ ਅਧੀਨ ਵੱਖ-ਵੱਖ ਕੌਮਾਂਤਰੀ ਚੁਣੌਤੀਆਂ ਨਾਲ ਨਜਿੱਠਣ ਲਈ ਕੀਤੀਆਂ ਕੋਸ਼ਿਸ਼ਾਂ ’ਚ ਤਾਲਮੇਲ ਕਾਇਮ ਕਰਨ ’ਤੇ ਵੀ ਚਰਚਾ ਕੀਤੀ।
ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯੇਓਲ ਨਾਲ ਦੁਵੱਲੀ ਗੱਲਬਾਤ ਕੀਤੀ। ਇਸ ਦੌਰਾਨ ਦੋਵੇਂ ਨੇਤਾ ਵਪਾਰ ਅਤੇ ਨਿਵੇਸ਼, ਸੂਚਨਾ ਤਕਨਾਲੋਜੀ (ਆਈਟੀ), ਹਾਰਡਵੇਅਰ ਨਿਰਮਾਣ ਅਤੇ ਰੱਖਿਆ ਵਰਗੇ ਖੇਤਰਾਂ ਵਿੱਚ ਸਬੰਧਾਂ ਨੂੰ ਹੋਰ ਡੂੰਘਾ ਕਰਨ ਲਈ ਸਹਿਮਤ ਹੋਏ ਅਤੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੀ ਵਚਨਬੱਧਤਾ ਨੂੰ ਵੀ ਦੁਹਰਾਇਆ।
ਇਸ ਤਰ੍ਹਾਂ ਸ੍ਰੀ ਮੋਦੀ ਨੇ ਇੱਥੇ ਆਪਣੇ ਵੀਅਤਨਾਮੀ ਹਮਰੁਤਬਾ ਫਾਮ ਮਿਨਹ ਚਿਨਹ ਨਾਲ ਵਿਆਪਕ ਗੱਲਬਾਤ ਕੀਤੀ ਅਤੇ ਵਪਾਰ, ਨਿਵੇਸ਼, ਰੱਖਿਆ ਅਤੇ ਊਰਜਾ ਵਰਗੇ ਖੇਤਰਾਂ ਵਿੱਚ ਸਹਿਯੋਗ ਵਧਾਉਣ ‘ਤੇ ਚਰਚਾ ਕੀਤੀ।