ਪਟਨਾ, 22 ਅਗਸਤ
ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਅੱਜ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਦਿਹਾੜੇ ਮੌਕੇ ਦਿੱਤੇ ਆਪਣੇ ਭਾਸ਼ਣ ਵਿੱਚ ਇਹ ਕਹਿ ਕੇ ਕਿ ਅਗਲੇ ਸਾਲ ਲਾਲ ਕਿਲ੍ਹੇ ’ਤੇ ਉਹ ਝੰਡਾ ਲਹਿਰਾਉਣਗੇ, ਆਪਣੀ ਨਿਰਾਸ਼ਾ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਹੈ।
ਲਾਲੂ ਪ੍ਰਸਾਦ ਯਾਦਵ ਨੇ ਕਿਹਾ, ‘‘ਅਸੀਂ ਪਹਿਲਾਂ ਕਦੇ ਅਜਿਹਾ ਪ੍ਰਧਾਨ ਮੰਤਰੀ ਨਹੀਂ ਦੇਖਿਆ ਜਿਹੜਾ ਕਿ ਲੋਕ ਫ਼ਤਵਾ ਜਿੱਤੇ ਬਿਨਾ ਅਜਿਹੇ ਦਾਅਵੇ ਕਰਦਾ ਹੋਵੇ। ਇਸ ਤੋਂ ਉਨ੍ਹਾਂ ਦੀ ਨਿਰਾਸ਼ਾ ਝਲਕਦੀ ਹੈ।’’ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਗੋਪਾਲਗੰਜ ਜ਼ਿਲ੍ਹੇ ਵਿੱਚ ਸਥਿਤ ਆਪਣੀ ਰਿਹਾਇਸ਼ ਵਿਖੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਹ ਆਪਣੀ ਪਤਨੀ ਰਾਬੜੀ ਦੇਵੀ ਨਾਲ ਇੱਥੇ ਆਏ ਸਨ। ਚਾਰਾ ਘੁਟਾਲੇ ਸਬੰਧੀ ਮਾਮਲਿਆਂ ’ਚ ਉਨ੍ਹਾਂ ਨੂੰ ਮਿਲੀ ਜ਼ਮਾਨਤ ਰੱਦ ਕਰਨ ਬਾਰੇ ਸੁਪਰੀਮ ਕੋਰਟ ਵਿੱਚ ਅਗਲੇ ਹਫ਼ਤੇ ਸੁਣਵਾਈ ਲਈ ਸੂਚੀਬੱਧ ਸੀਬੀਆਈ ਦੀ ਅਰਜ਼ੀ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਲਾਲੂ ਪ੍ਰਸਾਦ ਯਾਦਵ ਨੇ ਕਿਹਾ, ‘‘ਮੈਂ ਹਮੇਸ਼ਾ ਨਿਆਂ ਪਾਲਿਕਾ ਦਾ ਸਨਮਾਨ ਕੀਤਾ ਹੈ। ਮੈਨੂੰ ਇਸ ਕੇਸ ਦੇ ਨਾਲ ਹੋਰ ਕੇਸਾਂ ਵਿੱਚ ਵੀ ਜ਼ਮਾਨਤ ਮਿਲੀ ਹੈ। ਮੈਂ ਕੋਈ ਜਬਰੀ ਬਾਹਰ ਨਹੀਂ ਆਇਆ ਹਾਂ। ਮੈਂ ਅਦਾਲਤ ਵੱਲੋਂ ਜ਼ਮਾਨਤ ਲਈ ਲਗਾਈ ਗਈ ਕਿਸੇ ਵੀ ਸ਼ਰਤ ਦੀ ਉਲੰਘਣਾ ਨਹੀਂ ਕੀਤੀ ਹੈ।’’