ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 16 ਸਤੰਬਰ ਨੂੰ ਦਿੱਲੀ ਪੁਲੀਸ ਦੇ ਅਧਿਕਾਰੀਆਂ ਨਾਲ ਰਾਤ ਦਾ ਭੋਜਨ ਕਰਨਗੇ। ਜੀ-20 ਸਿਖਰ ਸੰਮੇਲਨ ਦੇ ਸਥਾਨ ਪ੍ਰਗਤੀ ਮੈਦਾਨ ਦੇ ਭਾਰਤ ਮੰਡਪਮ ਵਿੱਚ ਦਿੱਤੇ ਜਾਣ ਵਾਲੇ ੲਿਸ ਰਾਤ ਦੇ ਖਾਣੇ ਵਿੱਚ ਕਈ ਵਿਭਾਗੀ ਅਧਿਕਾਰੀਆਂ ਸਮੇਤ ਦਿੱਲੀ ਪੁਲੀਸ ਦੇ 450 ਤੋਂ ਵੱਧ ਅਧਿਕਾਰੀ ਸ਼ਾਮਲ ਹੋਣਗੇ। ਰਿਪੋਰਟ ਅਨੁਸਾਰ ਦਿੱਲੀ ਦੇ ਪੁਲੀਸ ਕਮਿਸ਼ਨਰ ਸੰਜੇ ਅਰੋੜਾ ਨੇ ਹਰ ਜ਼ਿਲ੍ਹੇ ਦੇ ਪੁਲੀਸ ਮੁਲਾਜ਼ਮਾਂ ਦੇ ਨਾਂ ਮੰਗੇ ਹਨ ਜੋ ਡਿਊਟੀ ਲਈ ਤਾਇਨਾਤ ਸਨ। ਜ਼ਿਕਰਯੋਗ ਹੈ ਕਿ ਪਹਿਲੀ ਵਾਰ ਪ੍ਰਧਾਨ ਮੰਤਰੀ ਨੇ ਪੁਲੀਸ ਅਧਿਕਾਰੀਆਂ ਨੂੰ ਸੱਦਾ ਦਿੱਤਾ ਹੈ ਜਿਨ੍ਹਾਂ ਨੇ ਜੀ-20 ਸਿਖਰ ਸੰਮੇਲਨ ਨੂੰ ਸਫ਼ਲ ਬਣਾਉਣ ਲਈ ਮਿਹਨਤ ਕੀਤੀ ਸੀ। ਦਿੱਲੀ ਪੁਲੀਸ ਨੂੰ 9 ਅਤੇ 10 ਸਤੰਬਰ ਨੂੰ ਇਥੇ ਜੀ-20 ਸੰਮੇਲਨ ਦੀ ਬਾਹਰੀ ਸੁਰੱਖਿਆ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਪੁਲੀਸ ਨੇ 31 ਰਾਜਾਂ ਦੇ ਮੁਖੀਆਂ ਨੂੰ ਸਮੇਂ ਸਿਰ ਉਨ੍ਹਾਂ ਦੇ ਸਬੰਧਤ ਹੋਟਲਾਂ ਤੋਂ ਭਾਰਤ ਮੰਡਪਮ ਤੱਕ ਪਹੁੰਚਣ ਵਿੱਚ ਸਹਾਇਤਾ ਕੀਤੀ ਸੀ।