ਵਾਸ਼ਿੰਗਟਨ: ਰਾਸ਼ਟਰਪਤੀ ਜੋਅ ਬਾਇਡਨ ਦੇ ਚੋਟੀ ਦੇ ਆਰਥਿਕ ਸਲਾਹਕਾਰ ਜੇਰਾਡ ਬਰਨਸਟੀਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਦੀ ਸਰਕਾਰੀ ਯਾਤਰਾ ਕਾਫ਼ੀ ਸਫਲ ਰਹੀ, ਖ਼ਾਸ ਕਰ ਆਰਥਿਕ ਖੇਤਰ ’ਚ। ਉਨ੍ਹਾਂ ਕਿਹਾ ਕਿ ਭਾਰਤ ਅਮਰੀਕਾ ਦਾ ਪੁਰਾਣਾ ਦੋਸਤ ਹੈ। ਪ੍ਰਧਾਨ ਮੰਤਰੀ ਮੋਦੀ ਨੇ 21 ਤੋਂ 23 ਜੂਨ ਤੱਕ ਅਮਰੀਕਾ ਦਾ ਦੌਰਾ ਕੀਤਾ ਸੀ। ਪ੍ਰਧਾਨ ਮੰਤਰੀ ਮੋਦੀ ਤੇ ਰਾਸ਼ਟਰਪਤੀ ਬਾਇਡਨ ਦਰਮਿਆਨ ਮੀਟਿੰਗਾਂ ਦੌਰਾਨ ਦੋਵਾਂ ਆਗੂਆਂ ਨੇ ਦੋਵਾਂ ਦੇਸ਼ਾਂ ਦੀ ਲੰਮੇ ਸਮੇਂ ਦੀ ਦੋਸਤੀ ਅਤੇ ਵਧ ਰਹੇ ਸਹਿਯੋਗ ਬਾਰੇ ਚਾਨਣਾ ਪਾਇਆ। ਬਰਨਸਟੀਨ ਚੋਟੀ ਦਾ ਅਰਥਸ਼ਾਸਤਰੀ ਹੈ ਤੇ ਵ੍ਹਾਈਟ ਹਾਊਸ ਦੀ ਆਰਥਿਕ ਸਲਾਹਕਾਰਾਂ ਦੀ ਅਮਰੀਕੀ ਕੌਂਸਲ ਦਾ ਮੁਖੀ ਵੀ ਹੈ।