ਚੰਡੀਗੜ੍ਹ, 27 ਅਗਸਤ 2019

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਜਾਂਚ ਦੇ ਮਾਮਲੇ ‘ਚ ਸੀਬੀਆਈ ਵੱਲੋਂ ਯੂ-ਟਰਨ ਲੈਂਦੇ ਹੋਏ ਜਾਂਚ ਜਾਰੀ ਰੱਖੇ ਜਾਣ ਸੰਬੰਧੀ ਸੀਬੀਆਈ ਅਦਾਲਤ ਕੋਲੋਂ ਆਪਣੀ ਹੀ ਕਲੋਜਰ ਰਿਪੋਰਟ ਉੱਤੇ ਅਸਥਾਈ ਰੋਕ ਲਗਾਉਣ ਪਿੱਛੇ ਡੂੰਘੀ ਸਾਜ਼ਿਸ਼ ਦੀ ਸ਼ੰਕਾ ਜਤਾਈ ਹੈ।

‘ਆਪ’ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧਰਾਮ ਸਮੇਤ ‘ਆਪ’ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ, ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ, ਜੈ ਕ੍ਰਿਸ਼ਨ ਸਿੰਘ ਰੋੜੀ, ਮਨਜੀਤ ਸਿੰਘ ਬਿਲਾਸਪੁਰ ਅਤੇ ਕੁਲਵੰਤ ਸਿੰਘ ਪੰਡੋਰੀ ਨੇ ਕੇਂਦਰੀ ਦੀ ਨਰਿੰਦਰ ਮੋਦੀ ਅਤੇ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ‘ਤੇ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੇ ਬੇਅਦਬੀ ਦੇ ਸੰਵੇਦਨਸ਼ੀਲ ਮਾਮਲੇ ਦੀ ਜਾਂਚ ਦਾ ਮਜ਼ਾਕ ਬਣਾਉਣ ਦਾ ਦੋਸ਼ ਲਗਾਇਆ।

‘ਆਪ’ ਆਗੂਆਂ ਨੇ ਕਿਹਾ, ”4 ਸਾਲਾਂ ‘ਚ ਸੀਬੀਆਈ ਸਮੇਤ ਸੂਬੇ ਦੀਆਂ 4 ਜਾਂਚ ਏਜੰਸੀਆਂ ਜਾਂਚ ਨੂੰ ਅੰਜਾਮ ਦੇ ਨੇੜੇ-ਤੇੜੇ ਵੀ ਨਹੀਂ ਪਹੁੰਚਾ ਸਕੀਆਂ। ਜਿਸਦਾ ਸਿੱਧਾ ਕਾਰਨ ਸਿਆਸੀ ਦਖ਼ਲ ਅੰਦਾਜ਼ੀ ਹੈ ਤਾਂ ਕਿ ਅਸਲੀ ਦੋਸ਼ੀ ਬਚੇ ਰਹਿਣ। ਮੋਦੀ ਸਰਕਾਰ ਕੈਪਟਨ ਅਤੇ ਬਾਦਲ ਸਭ ਰਲ-ਮਿਲ ਕੇ ਅਸਲੀ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰ ਰਹੇ ਹਨ ਅਤੇ ਵਲੂੰਧਰੇ ਹਿਰਦਿਆਂ ਨਾਲ ਇਨਸਾਫ਼ ਲਈ ਭਟਕ ਰਹੀ ਸੰਗਤ ਨੂੰ ਤੜਫਾ ਰਹੇ ਹਨ। ਸੀਬੀਆਈ ਦਾ ਤਾਜ਼ਾ ਪੈਂਤੜਾ ਇਸੇ ਸਾਜ਼ਿਸ਼ ਦਾ ਹਿੱਸਾ ਹੈ ਕਿ ਜਾਂਚ ਦੀ ਤੰਦ ਹੋਰ ਉਲਝਾ ਦਿੱਤੀ ਜਾਵੇ ਤਾਂ ਕਿ ਜਾਂਚ ਸਾਲਾਂ-ਬੱਧੀ ਹੋਰ ਲਟਕੀ ਰਹੇ।”

ਹਰਪਾਲ ਸਿੰਘ ਚੀਮਾ ਅਤੇ ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਵਿਧਾਨ ਸਭਾ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਜਦ ਸੂਬਾ ਸਰਕਾਰ ਨੇ ਸੀਬੀਆਈ ਤੋਂ ਜਾਂਚ ਦੀ ਵਾਪਸ ਲੈ ਲਈ ਸੀ ਤਾਂ ਸੀਬੀਆਈ ਨੇ ਕਾਨੂੰਨੀ ਪ੍ਰਕਿਰਿਆ ‘ਚ ਟੰਗ ਅੜਾਉਂਦੇ ਹੋਏ ਕਲੋਜਰ ਰਿਪੋਰਟ ‘ਚ ਬਾਦਲਾਂ ਸਮੇਤ ਹੋਰ ਦੋਸ਼ੀਆਂ ਨੂੰ ‘ਕਲੀਨ ਚਿੱਟਾ’ ਕਿਉਂ ਵੰਡੀਆਂ? ਫਿਰ ਜਦ ਕਲੋਜਰ ਰਿਪੋਰਟ ਪੇਸ਼ ਹੀ ਕਰ ਦਿੱਤੀ ਸੀ ਤਾਂ ਸੀਬੀਆਈ ਹੁਣ ਕਿਉਂ ਜਾਂਚ ਕਰਨ ਲਈ ਹੱਥ-ਪੈਰ ਮਾਰਨ ਲੱਗੀ ਹੈ?

‘ਆਪ’ ਆਗੂਆਂ ਨੇ ਕਿਹਾ ਕਿ ਸੀਬੀਆਈ ਵੱਲੋਂ ਵਾਰ-ਵਾਰ ਬਦਲੇ ਜਾ ਰਹੇ ਪੈਂਤੜਿਆਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਸੀਬੀਆਈ ‘ਪਿੰਜਰੇ ਦਾ ਤੋਤਾ’ ਹੈ ਅਤੇ ਮੋਦੀ-ਅਮਿਤ ਸ਼ਾਹ-ਬਾਦਲਾਂ ਦੇ ਬੋਲਾਂ ‘ਤੇ ਪਹਿਰ ਦੇ ਰਹੀ ਹੈ।

‘ਆਪ’ ਆਗੂਆਂ ਨੇ ਸੀਬੀਆਈ ਦੇ ਇਸ ਯੂ-ਟਰਨ ਨੂੰ ‘ਬਾਦਲ ਬਚਾਓ ਮੁਹਿੰਮ’ ਦਾ ਹਿੱਸਾ ਦੱਸਦੇ ਹੋਏ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਇਸੇ ਟੀਮ ਦਾ ਹਿੱਸਾ ਹਨ, ਜੇਕਰ ਕੈਪਟਨ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਸਮੇਤ ਹੋਰ ਬੇਅਦਬੀ ਕੇਸਾਂ ਦੇ ਅਸਲੀ ਦੋਸ਼ੀਆਂ ਨੂੰ ਦਬੋਚਣਾ ਚਾਹੁੰਦੇ ਹੁੰਦੇ ਤਾਂ ਹੁਣ ਤੱਕ ਪੰਜਾਬ ਦੀ ਵਿਸ਼ੇਸ਼ ਜਾਂਚ ਟੀਮ (ਸਿਟ) ਕੋਲੋਂ ਜਾਂਚ ਪੂਰੀ ਕਰਵਾ ਲੈਂਦੇ। ‘ਆਪ’ ਆਗੂਆਂ ਨੇ ਕਿਹਾ ਕਿ ਸਿਟ ਦੇ ਉੱਚ-ਅਧਿਕਾਰੀਆਂ ਦੀ ਆਪਸੀ ਖਹਿਬਾਜ਼ੀ ਅਤੇ ‘ਕੱਛੂ ਚਾਲ’ ਜਾਂਚ ਤੋਂ ਸਾਫ਼ ਹੈ ਕਿ ਇਹ ਸਾਰੇ ਕਾਂਗਰਸੀ, ਭਾਜਪਾਈ ਅਤੇ ਬਾਦਲ ਦਲ਼ੀਏ ਆਪਸ ‘ਚ ਰਲੇ ਹੋਏ ਹਨ ਅਤੇ ਸੱਤਾ ਸ਼ਕਤੀ ਦਾ ਦੁਰਉਪਯੋਗ ਕਰ ਕੇ ‘ਪੰਥ’ ਦੇ ਐਨੇ ਅਹਿਮ ਮਸਲੇ ਦੀ ਜਾਂਚ ਨੂੰ ਮਜ਼ਾਕ ਬਣਾ ਰਹੇ ਹਨ।

‘ਆਪ’ ਆਗੂਆਂ ਨੇ ਬਾਦਲਾਂ ਅਤੇ ਕੈਪਟਨ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਬੇਸ਼ੱਕ ਦੁਨਿਆਵੀ ਕੋਰਟ-ਕਚਹਿਰੀਆਂ ਕੱਚੀ-ਪਿੱਲੀ ਜਾਂਚ ਰਿਪੋਰਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਰਮਾਂ ਦੇ ਗ੍ਰੰਥਾਂ ਦੀ ਬੇਅਦਬੀ ਕਰਨ ਅਤੇ ਕਰਾਉਣ ਵਾਲੇ ਸਜਾ ਤੋਂ ਬਚ ਜਾਣ ਪਰੰਤੂ ਸੱਚੇ ਪਾਤਸ਼ਾਹ ਦੀ ਸੱਚੀ ਅਦਾਲਤ ‘ਚ ਮਿਲਣ ਵਾਲੀ ਸਜਾ ਪੁਸ਼ਤਾਂ ਤੱਕ ਯਾਦ ਰਹੇਗੀ। ‘ਆਪ’ ਆਗੂਆਂ ਨੇ ਕਿਹਾ ਕਿ ਲੋਕਾਂ ਦੀ ਕਚਹਿਰੀ ‘ਚੋਂ ਬਾਦਲਾਂ ਅਤੇ ਕੈਪਟਨ ਨੂੰ ਸਜਾ ਦਿਵਾਉਣ ਲਈ ਆਮ ਆਦਮੀ ਪਾਰਟੀ ਪਿੰਡਾਂ, ਗਲੀਆਂ-ਮੁਹੱਲਿਆਂ ‘ਚ ਜਾ ਕੇ ਇਨ੍ਹਾਂ ਦੀ ਮਿਲੀਭੁਗਤ ਦੇ ਪਾਸ ਖੋਲ੍ਹੇਗੀ।