ਮੁਜ਼ੱਫਰਪੁਰ: ਗੁਜਰਾਤ ਪੁਲੀਸ ਦੀ ਇੱਕ ਟੀਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਆਧਾਰ ਕਾਰਡ ਨਾਲ ਛੇੜ-ਛਾੜ ਕਰਨ ਦੇ ਦੋਸ਼ ਹੇਠ ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਜ਼ੱਫਰਪੁਰ ਦੇ ਐੱਸਐੱਸਪੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਅਰਪਨਾ ਦੂਬੇ ਉਰਫ਼ ਮਦਨ ਕੁਮਾਰ ਨੂੰ ਜ਼ਿਲ੍ਹੇ ਦੇ ਸਾਦਤਪੁਰ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਐੱਸਐੱਸਪੀ ਨੇ ਕਿਹਾ, ‘‘ਮੁਲਜ਼ਮ ਜ਼ਿਲ੍ਹੇ ਦੇ ਗਰੀਬਾ ਗਾਓਂ ਪਿੰਡ ਦਾ ਰਹਿਣ ਵਾਲਾ ਹੈ। ਉਹ ਕਾਂਤੀ ਪੁਲੀਸ ਥਾਣੇ ਅਧੀਨ ਪੈਂਦੇ ਸਾਦਤਪੁਰ ਦੇ ਇੱਕ ਕਾਲਜ ਤੋਂ ਗ੍ਰੈਜੂਏਸ਼ਨ ਕਰ ਰਿਹਾ ਸੀ।’’ ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਇੱਕ ਵੈੱਬਸਾਈਟ ’ਤੇ ਆਧਾਰ ਕਾਰਡਾਂ ਨਾਲ ਛੇੜ-ਛਾੜ ਕੀਤੀ ਸੀ ਅਤੇ ਆਈਪੀ ਐਡਰੈੱਸ ਦੇ ਆਧਾਰ ’ਤੇ ਉਸ ਦਾ ਪਤਾ ਲਗਾਇਆ ਗਿਆ। ਮੁਲਜ਼ਮ ਨੇ ਦੋਵਾਂ ਨੇਤਾਵਾਂ ਦੀਆਂ ਜਨਮ ਤਰੀਕਾਂ ਨੂੰ ਬਦਲਿਆ ਅਤੇ ਆਧਾਰ ਕਾਰਡ ’ਤੇ ਮੌਜੂਦ ਹੋਰ ਜਾਣਕਾਰੀ ਨਾਲ ਛੇੜ-ਛਾੜ ਕੀਤੀ। ਐੱਸਐੱਸਪੀ ਨੇ ਦੱਸਿਆ ਕਿ ਗੁਜਰਾਤ ਪੁਲੀਸ ਅਗਲੇਰੀ ਕਾਰਵਾਈ ਲਈ ਮੁਲਜ਼ਮ ਨੂੰ ਆਪਣੇ ਨਾਲ ਲੈ ਗਈ ਹੈ।