ਰਤਨ ਪਾਲ ਡੂਡੀਆਂ
‘‘ਤੂੰ ਬੁਰਛ ਦੀ ਰੇਲ ਗੱਡੀ ਕਿਉਂ ਬਣਾ ਰੱਖੀ ਐ ਵਾਨਿਆ? ਕੋਈ ਮਗਰ ਪਿਆ ਤੇਰੇ?’’ ਨਾਨੀ ਰਤਨੀ ਨੇ ਆਪਣੇ ਦੋਹਤੇ ਇਵਾਨ ਨੂੰ ਮਿੱਠਾ ਜਿਹਾ ਝਿੜਕਦਿਆਂ ਕਿਹਾ।
‘‘ਨਾਨੀ ਬੁਰਛ ਨ੍ਹੀਂ ਹੁੰਦਾ, ਬਰੱਸ਼ ਹੁੰਦੈ।’’ ਇਵਾਨ ਮਜ਼ਾਕੀਆ ਲਹਿਜੇ ਵਿੱਚ ਬੋਲਿਆ। ਇਵਾਨ ਨੂੰ ਸਾਰੇ ਪਿਆਰ ਨਾਲ ‘ਵਾਨਾ’ ਕਹਿੰਦੇ ਸਨ। ‘‘ਚੱਲ ਬਰੱਛ ਕਹਿ ਦਿਆ ਕਰੂੰ, ਪਰ ਜੇ ਤੂੰ ਅਈਂ ਜ਼ੋਰ ਲਾ ਕੇ ਰਗੜਦਾ ਰਿਹਾ ਤਾਂ ਦੰਦ ਘਸ ਜਾਣਗੇ ਤੇਰੇ।’’ ਨਾਨੀ ਰਤਨੀ ਦੀ ਗੱਲ ਸੁਣ ਕੇ ਵਾਨਾ ਆਪਣੇ ਨਾਨੇ ਵੱਲ ਵੇਖ ਕੇ ਟੁੱਥਪੇਸਟ ਦੀ ਝੱਗ ਨਾਲ ਲਿੱਬੜੇ ਹੋਏ ਮੂੰਹ ਨਾਲ ਗੁੱਝਾ ਜਿਹਾ ਹੱਸਿਆ। ‘‘ਵਾਨਿਆ! ਠੀਕ ਤਾਂ ਕਹਿੰਦੀ ਐ ਤੇਰੀ ਨਾਨੀ।’’ ਨਾਨੇ ਰਤਨੂ ਨੇ ਇਵਾਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ‘‘ਐਂ ਕਿਵੇਂ ਘਸ ਜਾਣਗੇ ਨਾਨੂ ? ਸਾਡੇ ਸਾਇੰਸ ਵਾਲੇ ਸਰ ਦੱਸਦੇ ਸੀ ਕਿ ਦੰਦਾਂ ਉੱਤੇ ਸਾਡੇ ਸਰੀਰ ਦਾ ਸਭ ਤੋਂ ਕਰੜਾ ਭਾਗ ਹੁੰਦੈ।’’
‘‘ਇਹ ਇੱਕੋ ਦਿਨ ’ਚ ਨਹੀਂ ਘਸਦੇ। ਥੋੜ੍ਹਾ- ਥੋੜ੍ਹਾ ਘਸਦੇ- ਘਸਦੇ ਘਸ ਜਾਂਦੇ ਨੇ। ਫੇਰ ਬੜੀ ਦਿੱਕਤ ਆਉਂਦੀ ਐ।’’ ਨਾਨਾ ਰਤਨੂ ਨੇ ਠਰ੍ਹੰਮੇ ਨਾਲ ਕਿਹਾ। ‘‘ਕੀ ਦਿੱਕਤ ਆਉਂਦੀ ਹੈ ਨਾਨਾ ਜੀ?’’ ਇਵਾਨ ਨੇ ਮੂੰਹ ਧੋਂਦਿਆਂ ਪੁੱਛਿਆ। ‘‘ਦੇਖ ਪੁੱਤਰਾ! ਤੁਹਾਡੇ ਸਾਇੰਸ ਵਾਲੇ ਸਰ ਦੀ ਗੱਲ ਵੀ ਠੀਕ ਹੈ। ਦੰਦਾਂ ਦੀ ਜਿਹੜੀ ਉੱਪਰਲੀ ਪਰਤ ਹੁੰਦੀ ਹੈ ਉਸ ਨੂੰ ਇਨੈਮਲ ਕਹਿੰਦੇ ਨੇ। ਇਨੈਮਲ, ਮਨੁੱਖੀ ਸਰੀਰ ਅਤੇ ਦੰਦਾਂ ਦਾ ਸਭ ਤੋਂ ਸਖ਼ਤ ਪਦਾਰਥ ਹੁੰਦੈ। ਇਸੇ ਕਾਰਨ ਦੰਦ ਚਮਕਦੇ ਨੇ। ਦੰਦ ਬੜੇ ਕੀਮਤੀ ਹੁੰਦੇ ਨੇ, ਪਰ ਜੇ ਬਰੱਸ਼ ਨੂੰ ਦੰਦਾਂ ਉੱਤੇ ਜ਼ੋਰ ਜ਼ੋਰ ਦੀ ਘਸਾਈਏ ਤਾਂ ਦੰਦਾਂ ਦਾ ਸਭ ਤੋਂ ਸਖ਼ਤ ਭਾਗ ਇਨੈਮਲ ਵੀ ਨੁਕਸਾਨਿਆ ਜਾਂਦੈ। ਜੇ ਦੰਦ ਖ਼ਰਾਬ ਹੋ ਜਾਣ ਤਾਂ ਦੰਦਾਂ ਵਿੱਚ ਦਰਦ ਹੋਣ ਲੱਗ ਜਾਂਦੈ। ਕਿਸੇ ਨੇ ਸੱਚ ਕਿਹੈ : ਅੱਖਾਂ ਗਈਆਂ ਜਹਾਨ ਗਿਆ, ਦੰਦ ਗਏ ਸਵਾਦ ਗਿਆ।
ਇਵਾਨ ਅਤੇ ਵੰਸ਼ਿਕਾ ਛੁੱਟੀਆਂ ਵਿੱਚ ਨਾਨਕੇ ਆਏ ਹੋਏ ਸਨ। ਉਹ ਪੂਰੀ ਮੌਜ ਮਸਤੀ ਕਰ ਰਹੇ ਸਨ। ‘‘ਦੰਦਾਂ ਬਾਰੇ ਹੋਰ ਵੀ ਗੱਲਾਂ ਦੱਸੋ ਨਾਨਾ ਜੀ।’’ ਵੰਸ਼ਿਕਾ ਨੇ ਕਿਹਾ। ‘‘ਹੋਰ ਗੱਲ ਇਹ ਐ ਬਈ ਦੰਦਾਂ ਦੀ ਸੰਭਾਲ ਬਹੁਤ ਜ਼ਰੂਰੀ ਐ। ਸਭ ਤੋਂ ਪਹਿਲਾਂ ਸਾਨੂੰ ਬਰੱਸ਼ ਕਰਨ ਦਾ ਸਹੀ ਤਰੀਕਾ ਪਤਾ ਹੋਣਾ ਚਾਹੀਦੈ। ਥੋਨੂੰ ਮੈਂ ਦੱਸਦਾਂ – ਦੰਦਾਂ ਦੇ ਚਾਰ ਹਿੱਸੇ ਬਣਾ ਲਵੋ। ਦੋ ਉਪਰਲਿਆਂ ਦੇ ਅਤੇ ਦੋ ਹੇਠਲਿਆਂ ਦੇ। ਬਰੱਸ਼ ਨੂੰ ਪੰਤਾਲੀ ਡਿਗਰੀ ’ਤੇ ਰੱਖੋ। ਇੱਕ ਸਿਰੇ ਦੀ ਆਖ਼ਰੀ ਜਾੜ੍ਹ ਤੋਂ ਲੈ ਕੇ ਦੂਜੇ ਸਿਰੇ ਦੀ ਆਖ਼ਰੀ ਜਾੜ੍ਹ ਤੱਕ ਬਰੱਸ਼ ਨੂੰ ਗੋਲ -ਗੋਲ ਘੁੰਮਾਉਂਦੇ ਜਾਓ। ਫਿਰ ਇਸੇ ਤਰ੍ਹਾਂ ਅੰਦਰਲੇ ਪਾਸਿਓਂ ਸਫ਼ਾਈ ਕਰੋ। ਫਿਰ ਜਾੜ੍ਹਾਂ ਨੂੰ ਉੱਪਰੋਂ ਸਾਫ਼ ਕਰੋ। ਜਾੜ੍ਹਾਂ ਉੱਪਰਲੇ ਪਾਸਿਓਂ ਉੱਘੜ- ਦੁੱਘੜ ਹੋਣ ਕਾਰਨ ਇਨ੍ਹਾਂ ਵਿੱਚ ਕੁਝ ਨਾ ਕੁਝ ਫਸ ਜਾਂਦੈ। ਇਸੇ ਤਰ੍ਹਾਂ ਦੰਦਾਂ ਦੇ ਹੇਠਲੇ ਭਾਗ ਦੀ ਸਫ਼ਾਈ ਕਰੋ। ਸਾਰੇ ਦੰਦਾਂ ਦੀ ਸਫ਼ਾਈ ਤਿੰਨ -ਚਾਰ ਮਿੰਟ ਵਿੱਚ ਹੋ ਜਾਂਦੀ ਐ। ਬਰੱਸ਼ ਬਿਲਕੁਲ ਪੋਲਾ – ਪੋਲਾ ਕਰੋ। ਹੁਣ ਰਹੀ ਟੁੱਥ ਪੇਸਟ ਦੀ ਗੱਲ। ਛੇ ਸਾਲ ਤੱਕ ਦੇ ਬੱਚੇ ਦੇ ਬਰੱਸ਼ ਉੱਤੇ ਚੌਲ ਦੇ ਦਾਣੇ ਜਿੰਨਾ ਟੁੱਥ ਪੇਸਟ ਲਾਉਣਾ ਚਾਹੀਦੈ। ਵੱਡੀ ਉਮਰ ਦੇ ਬੱਚੇ ਮਟਰ ਦੇ ਦਾਣੇ ਤੋਂ ਵੀ ਅੱਧਾ ਪੇਸਟ ਲਾਉਣ।’’ ‘‘ਚੌਲ ਦੇ ਦਾਣੇ ਜਿੰਨੇ ਪੇਸਟ ਦਾ ਕੀ ਫਾਇਦਾ ਹੋਊ ਨਾਨਾ ਜੀ?’’ ਇਵਾਨ ਨੇ ਹੈਰਾਨੀ ਨਾਲ ਪੁੱਛਿਆ। ਰਤਨੂ ਨੇ ਇਵਾਨ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ, ‘‘ਜ਼ਿਆਦਾ ਪੇਸਟ ਲਾਉਣ ਦਾ ਕੋਈ ਫ਼ਾਇਦਾ ਨਹੀਂ। ਇਹ ਸਿਰਫ਼ ਮੂੰਹ ਦੇ ਸਵਾਦ ਲਈ ਹੁੰਦੈ। ਬਰੱਸ਼ ਟੁੱਥਪੇਸਟ ਤੋਂ ਬਿਨਾਂ ਵੀ ਕੀਤਾ ਜਾ ਸਕਦੈ। ਬਰੱਸ਼ ਕਰਨ ਦਾ ਮਤਲਬ ਦੰਦਾਂ ਵਿੱਚ ਫਸੇ ਭੋਰੇ- ਚੋਰੇ ਬਾਹਰ ਕੱਢਣਾ ਹੁੰਦੈ। ਜੇ ਨਾ ਕੱਢੀਏ ਤਾਂ ਦੰਦਾਂ ਵਿੱਚ ਫਸੇ ਹੋਏ ਭੋਜਨ ਦੇ ਕਿਣਕੇ ਸੜਨ ਲੱਗ ਜਾਂਦੇ ਨੇ। ਫੇਰ ਤੇਜ਼ਾਬ ਬਣ ਜਾਂਦੈ। ਰੋਗਾਣੂ ਪੈਦਾ ਹੋ ਜਾਂਦੇ ਨੇ। ਉਹ ਰੋਗਾਣੂ ਦੰਦਾਂ ਵਿੱਚ ਖੋੜਾਂ ਬਣਾ ਦਿੰਦੇ ਨੇ, ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਕੀੜਾ ਲੱਗ ਗਿਆ। ਫਿਰ ਤੱਤਾ- ਠੰਢਾ ਜਾਂ ਮਿੱਠਾ ਖਾਣ ਨਾਲ ਦੰਦਾਂ ਵਿੱਚ ਦਰਦ ਹੁੰਦੈ। ਡਾਕਟਰ ਕੋਲ ਜਾਣਾ ਪੈਂਦੈ। ਕਈ ਵਾਰ ਜ਼ਿਆਦਾ ਵਾਧਾ ਵੀ ਵਧ ਜਾਂਦੈ। ਤਕਲੀਫ਼ ਵੀ ਝੱਲਣੀ ਪੈਂਦੀ ਐ। ਇਲਾਜ ਉੱਤੇ ਪੈਸੇ ਵੀ ਬਹੁਤ ਖਰਚ ਆਉਂਦੇ ਨੇ। ਇਸ ਲਈ ਚੰਗਾ ਇਹ ਐ ਬਈ ਦੰਦਾਂ ਦੀ ਸਫ਼ਾਈ ਰੱਖੋ। ਸਿਆਣੇ ਕਹਿੰਦੇ ਨੇ ਇਲਾਜ ਨਾਲੋਂ ਪਰਹੇਜ਼ ਚੰਗਾ। ਕੁਝ ਵੀ ਖਾਣ ਤੋਂ ਬਾਅਦ ਚੰਗੀ ਤਰ੍ਹਾਂ ਕੁਰਲੀ ਕਰੋ। ਮੂੰਹ ’ਚ ਘੁੱਟ ਕੁ ਪਾਣੀ ਭਰ ਕੇ ਦੰਦਾਂ ਵਿਚਲੇ ਛੇਕਾਂ ਵਿੱਚੋਂ ਲੰਘਾਓ। ਰਾਤ ਨੂੰ ਹਰ ਹਾਲਤ ਵਿੱਚ ਬਰੱਸ਼ ਕਰਕੇ ਸੌਂਵੋ ਅਤੇ ਉਸ ਤੋਂ ਬਾਅਦ ਕੁਝ ਨਾ ਖਾਓ। ਬਰੱਸ਼ ਨੂੰ ਤਿੰਨ ਮਹੀਨਿਆਂ ਤੋਂ ਵੱਧ ਨਾ ਵਰਤੋ। ਜਦੋਂ ਇਹਦੇ ਵਾਲ ਜਿਹੇ ਖਿੰਡ ਜਾਣ ਤਾਂ ਕੰਮ ਕਰਨੋਂ ਹਟ ਜਾਂਦੈ। ਮਿੱਠੀਆਂ ਗੋਲੀਆਂ, ਠੰਢੇ ਅਤੇ ਚਾਕਲੇਟ ਦੰਦਾਂ ਦਾ ਸਭ ਤੋਂ ਵੱਧ ਨੁਕਸਾਨ ਕਰਦੇ ਨੇ। ਮਸੂੜਿਆਂ ਦੀ ਵੀ ਪੋਲੀ-ਪੋਲੀ ਮਾਲਿਸ਼ ਕਰਨੀ ਜ਼ਰੂਰੀ ਐ। ਮਸੂੜਿਆਂ ਦੇ ਸਹਾਰੇ ਹੀ ਦੰਦ ਖੜ੍ਹਦੇ ਨੇ।
‘‘ਮਸੂੜਿਆਂ ਦੀ ਮਾਲਿਸ਼ ਦਾ ਤਰੀਕਾ ਥੋਨੂੰ ਮੈਂ ਦੱਸਦੀ ਆਂ।’’ ਨਾਨੀ ਰਤਨੀ ਨੇ ਕਿਹਾ। ਹਲਦੀ ਦੀਆਂ ਚਾਰ ਕੁ ਗੱਠੀਆਂ, ਦੋ ਕੁ ਗੱਠੀਆਂ ਦੇ ਭਾਰ ਜਿੰਨਾ ਸੇਂਧਾ ਲੂਣ, ਜਿਹਨੂੰ ਪਾਕਿਸਤਾਨੀ ਲੂਣ ਵੀ ਕਹਿ ਦਿੰਨੇ ਆਂ, ਇਨ੍ਹਾਂ ਦੋਵਾਂ ਨੂੰ ਚੰਗੀ ਤਰ੍ਹਾਂ ਕੁੱਟ ਕੇ ਕੱਪੜਛਾਣ ਕਰ ਕੇ ਕੱਚ ਦੀ ਸ਼ੀਸ਼ੀ ਵਿੱਚ ਪਾ ਕੇ ਰੱਖ ਲਓ। ਚੁਟਕੀ ਕੁ ਹਥੇਲੀ ’ਤੇ ਧਰ ਕੇ ਵਿੱਚ ਦੋ ਕੁ ਬੂੰਦਾਂ ਸਰ੍ਹੋਂ ਦੇ ਤੇਲ ਦੀਆਂ ਮਿਲਾ ਕੇ, ਮਸੂੜਿਆਂ ’ਤੇ ਹਲਕੀ ਹਲਕੀ ਮਾਲਿਸ਼ ਕਰੋ। ਮਸੂੜੇ ਵੀ ਮਜ਼ਬੂਤ ਰਹਿਣਗੇ। ਦੰਦ ਵੀ ਨ੍ਹੀਂ ਦੁਖਣੇ। ਕਦੇ ਆਹ ਨੁਸਖਾ ਪਰਤਿਆ ਕੇ ਦੇਖੋ। ਪੇਸਟ- ਪੂਸਟ ਤਾਂ ਸਭ ਭੁੱਲ ਜਾਓਗੇ ਤੁਸੀਂ।’’
‘‘ਪੇਸਟ ਕਿਹੜਾ ਵਧੀਆ ਹੁੰਦਾ ਨਾਨਾ ਜੀ ?’’ ਵੰਸ਼ਿਕਾ ਨੇ ਪੁੱਛਿਆ। ‘‘ਸਾਰਿਆਂ ਦੀ ਇੱਕੋ ਗੱਲਬਾਤ ਐ। ਜਿਵੇਂ ਮੈਂ ਪਹਿਲਾਂ ਦੱਸਿਐ ਕਿ ਟੁੱਥ ਪੇਸਟ ਤਾਂ ਸਿਰਫ਼ ਮੂੰਹ ਨੂੰ ਸਵਾਦ ਬਣਾਉਣ ਲਈ ਹੁੰਦੇ ਨੇ। ਜਿਹੜਾ ਨੁਕਤਾ ਤੁਹਾਡੀ ਨਾਨੀ ਨੇ ਦੰਦਾਂ ਦੇ ਮਸੂੜਿਆਂ ਦੀ ਮਾਲਿਸ਼ ਕਰਨ ਲਈ ਦੱਸਿਆ, ਉਸੇ ਨੂੰ ਦੰਦਾਂ ਉੱਤੇ ਮਲ ਲਵੋ। ਉਸ ਨੂੰ ਵੀ ਵਧੀਆ ਟੁੱਥ ਪੇਸਟ ਸਮਝੋ। ਬਾਅਦ ਵਿੱਚ ਕੁਰਲੀ ਕਰਕੇ ਖਾਲੀ ਬਰੱਸ਼ ਕਰ ਲਵੋ, ਪਰ ਜੇ ਕੋਈ ਦੰਦਾਂ ਵਿੱਚ ਤਕਲੀਫ਼ ਹੋਵੇ ਤਾਂ ਦੰਦਾਂ ਵਾਲੇ ਡਾਕਟਰ ਦੀ ਸਲਾਹ ਲਵੋ। ਡਾਕਟਰ ਦੁਆਰਾ ਸੁਝਾਇਆ ਗਿਆ ਟੁੱਥਪੇਸਟ ਬਿਮਾਰੀ ਦੇ ਇਲਾਜ ਲਈ ਜ਼ਰੂਰੀ ਹੁੰਦੈ।’’
‘‘ਦਿਨ ਵਿੱਚ ਮੱਕੀ ਅਤੇ ਛੋਲਿਆਂ ਦੇ ਮੁੱਠੀ ਕੁ ਦਾਣੇ ਜ਼ਰੂਰ ਖਾਓ। ਕੱਚੀਆਂ ਗਾਜਰ- ਮੂਲੀਆਂ ਵੀ ਖੂਬ ਚਬਾ-ਚਬਾ ਕੇ ਖਾਓ। ਇਹ ਸਾਰਾ ਕੁਝ ਸਿਹਤ ਲਈ ਵੀ ਵਧੀਆ ਹੁੰਦੈ ਅਤੇ ਦੰਦਾਂ ਦੀ ਵਰਜਿਸ਼ ਵੀ ਹੁੰਦੀ ਐ।’’
ਰਤਨੂ ਨੇ ਦੰਦਾਂ ਦੀ ਸੰਭਾਲ ਬਾਰੇ ਆਪਣੇ ਵੱਲੋਂ ਪੂਰੀ ਜਾਣਕਾਰੀ ਦੇ ਦਿੱਤੀ ਸੀ। ਈਵਾਨ ਅਤੇ ਵੰਸ਼ਿਕਾ ਦੇ ਚਿਹਰੇ ’ਤੇ ਸੰਤੁਸ਼ਟੀ ਵੇਖ ਕੇ ਕਿਹਾ, ‘‘ਚੰਗਾ ਫੇਰ ਹੁਣ ਤੁਸੀਂ ਖੇਡੋ- ਕੁੱਦੋ।’’ ‘‘ਚੰਗਾ ਨਾਨਾ ਜੀ, ਤੁਸੀਂ ਦੰਦਾਂ ਬਾਰੇ ਬਹੁਤ ਵਧੀਆ ਗੱਲਾਂ ਦੱਸੀਆਂ। ਨਾਨੀ ਜੀ ਤੁਸੀਂ ਵੀ। ਤੁਹਾਡਾ ਦੋਵਾਂ ਦਾ ਬਹੁਤ ਬਹੁਤ ਧੰਨਵਾਦ।’’ ਇਹ ਕਹਿ ਕੇ ਇਵਾਨ ਅਤੇ ਵੰਸ਼ਿਕਾ ਬਾਹਰ ਵਿਹੜੇ ਵਿੱਚ ਖੇਡਣ ਲਈ ਚਲੇ ਗਏ।