ਮੋਗਾ,17 ਸਤੰਬਰ
ਇਥੇ ਸਿਟੀ ਪੁਲੀਸ ਨੇ ਅਜਿਹੇ ਵੱਡੇ ਗਰੋਹ ਦਾ ਪਰਦਾਫ਼ਾਸ ਕੀਤਾ ਜੋ ਸੰਗੀਨ ਵਾਰਦਾਤਾਂ ਮਗਰੋਂ ਜ਼ੀਰਕਪੁਰ (ਮੁਹਾਲੀ) ਵਿਖੇ ਹੋਟਲ ’ਚ ਠਹਿਰਦਾ ਸੀ। ਸਿਟੀ ਪੁਲੀਸ ਨੇ ਦੋ ਹੋਟਲ ਸੰਚਾਲਕਾਂ ਸਣੇ ਗਰੋਹ ਦੇ 6 ਮੈਂਬਰਾਂ ਨੂੰ ਡਕੈਤੀ ਦੀ ਸਾਜ਼ਿਸ਼ ਘੜਦੇ ਹਥਿਆਰਾਂ ਸਣੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਗਰੋਹ ਕੋਲੋਂ ਰਿਟਜ਼ ਕਾਰ ਬਰਾਮਦ ਕੀਤੀ ਗਈ ਹੈ, ਜੋ ਮੋਗਾ ’ਚ 4 ਸਤੰਬਰ ਨੂੰ ਚੌਲ ਵਪਾਰੀ ਨੂੰ ਗੋਲੀ ਮਾਰਨ ਦੀ ਵਾਰਦਾਤ ਲਈ ਵਰਤੀ ਗਈ ਸੀ। ਥਾਣਾ ਸਿਟੀ ਦੱਖਣੀ ਮੁਖੀ ਸੰਦੀਪ ਸਿੰਘ ਸੰਧੂ ਨੇ ਦੱਸਿਆ ਕਿ ਮੁਲਜ਼ਮਾਂ ਦਾ 4 ਦਿਨਾਂ ਪੁਲੀਸ ਰਿਮਾਂਡ ਲਿਆ ਗਿਆ ਹੈ। ਕਾਬੂ ਗਰੋਹ ਮੈਂਬਰਾਂ ਦੀ ਪਛਾਣ ਕੁਲਵਿੰਦਰ ਸਿੰਘ ਉਰਫ ਕਿੰਦਾ ਪਿੰਡ ਦਾਤਾ, ਗੁਰਜੀਵਨ ਸਿੰਘ ਉਰਫ਼ ਜੁਗਨੂੰ ਪਿੰਡ ਸਿੰਘਾਂਵਾਲਾ, ਅਕਾਸ਼ਦੀਪ ਸਿੰਘ ਉਰਫ਼ ਮਨੀ ਵਾਸੀ ਜਲੰਧਰ ਬਾਈਪਾਸ ਧਰਮਕੋਟ, ਸਲੀਮ ਖਾਨ ਉਰਫ਼ ਸਿੰਮੂ ਅਤੇ ਮਨਵੀਰ ਸਿੰਘ ਉਰਫ਼ ਮਨੀ, ਕ੍ਰਿਸ਼ਨ ਬਾਂਸਲ ਉਰਫ਼ ਗਗਨਾਂ ਸਾਰੇ ਵਾਸੀ ਮੌੜ ਮੰਡੀ ਨੂੰ ਹਥਿਆਰਾਂ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਗਰੋਹ ਕੋਲੋਂ ਰਿਟਜ਼ ਕਾਰ ਬਰਾਮਦ ਕੀਤੀ ਗਈ ਹੈ ਜੋ ਮੋਗਾ ’ਚ 4 ਸਤੰਬਰ ਦੀ ਸ਼ਾਮ ਨੂੰ ਪੁਰਾਣੀ ਅਨਾਜ ਮੰਡੀ ਵਿੱਚ ਚੌਲ ਵਪਾਰੀ ਰਾਜੇਸ਼ ਕੁਮਾਰ ਉਰਫ਼ ਕਾਕੂ ਨੂੰ ਗੋਲੀ ਮਾਰਨ ਦੀ ਵਾਰਦਾਤ ਲਈ ਵਰਤੀ ਗਈ ਸੀ। ਇਹ ਕਾਰ 3 ਸਤੰਬਰ ਨੂੰ ਮੁੱਲਾਂਪੁਰ ਨੇੜੇ ਨਰਸਰੀ ਕੋਲੋਂ ਲੁਧਿਆਣਾ ਦੇ ਪ੍ਰਾਈਵੇਟ ਕੰਪਨੀਆਂ ਦੇ ਲੇਖਾਕਾਰ ਤੋਂ ਪਿਸਤੌਲ ਦਿਖਾ ਕੇ ਖੋਹੀ ਗਈ ਸੀ। ਪੁਲੀਸ ਮੁਤਾਬਕ ਗ੍ਰਿਫ਼ਤਾਰ ਮੁਲਜ਼ਮਾਂ ਦੀ ਮੁਢਲੀ ਪੁੱਛਗਿੱਛ ਮੁਤਾਬਕ ਚੌਲ ਵਪਾਰੀ ਰਾਜੇਸ਼ ਕੁਮਾਰ ਉਰਫ਼ ਕਾਕੂ ਉੱਤੇ ਲੁੱਟ ਖੋਹ ਦਾ ਵਿਰੋਧ ਕਰਨ’ਤੇ ਗੋਲੀ ਨਾਲ ਜਾਨਲੇਵਾ ਹਮਲਾ ਕਰਨ ਵਾਲੇ ਲੁਟੇਰਿਆਂ ਦੀ ਪਛਾਣ ਹਰਮਨਜੀਤ ਸਿੰਘ ਉਰਫ਼ ਹਰਮਨ ਭਾਊ ਪਿੰਡ ਚੀਮਾ (ਪੱਟੀ) ਅੰਮ੍ਰਿਤਪਾਲ ਸਿੰਘ ਉਰਫ਼ ਭਿੰਡਰ ਪਿੰਡ ਭਿੰਡਰ ਕਲਾਂ ਅਤੇ ਅਜੈ ਸੇਠੀ ਉਰਫ਼ ਮਨੀ ਵਾਸੀ ਜੌੜੀਆਂ ਚੱਕੀਆਂ ਕੋਟਕਪੂਰਾ ਵਜੋਂ ਹੋਈ ਹੈ। ਸਲੀਮ ਖਾਨ ਉਰਫ਼ ਸਿੰਮੂ ਅਤੇ ਕ੍ਰਿਸ਼ਨ ਬਾਂਸਲ ਉਰਫ਼ ਗਗਨਾਂ ਨੇ ਜ਼ੀਰਕਪੁਰ (ਮੁਹਾਲੀ) ਵਿਖੇ ਕਿਰਾਏ ਉੱਤੇ ਹੋਟਲ ਲਿਆ ਹੋਇਆ ਸੀ ਅਤੇ ਵਾਰਦਾਤ ਮਗਰੋਂ ਗਰੋਹ ਮੈਂਬਰ ਉਨ੍ਹਾਂ ਦੇ ਕਿਰਾਏ ਦੇ ਹੋਟਲ’ਚ ਠਹਿਰਦੇ ਸਨ।