ਮੋਗਾ, 4 ਸਤੰਬਰ
ਇਥੇ ਸ਼ਹਿਰ ਅੰਦਰ ਪੁਰਾਣੀ ਅਨਾਜ ਮੰਡੀ ਵਿਖੇ ਅੱਜ ਚੌਲ ਵਪਾਰੀ ਦੇ ਪੁੱਤਰ ਨੂੰ ਤਿੰਨ ਗੋਲੀਆਂ ਮਾਰੀਆਂ ਅਤੇ ਦੋ ਗੋਲੀਆਂ ਪੇਟ ’ਚ ਲੱਗੀਆਂ ਹਨ। ਉਸ ਨੂੰ ਸਥਾਨਕ ਸਿਵਲ ਹਸਪਤਾਲ ਲਿਜਾਇਆ ਗਿਆ ਅਤੇ ਹਾਲਾਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਰੈਫ਼ਰ ਕਰ ਦਿੱਤਾ ਹੈ। ਇਸ ਘਟਨਾਂ ਮਗਰੋਂ ਖੇਤਰ’ਚ ਸਹਿਮ ਦਾ ਮਾਹੌਲ ਹੈ। ਸ਼ਹਿਰੀ ਦੀ ਪੁਰਾਣੀ ਅਨਾਜ ਮੰਡੀ ਵਿਖੇ ਰਾਮ ਪਾਲ ਅਤੇ ਕੁਲਦੀਪ ਕੁਮਾਰ ਸਾਂਝਾ ਚੌਲ ਵਪਾਰ ਕਰਦੇ ਹਨ। ਵਪਾਰੀ ਕੁਲਦੀਪ ਦਾ ਪੁੱਤਰ ਕਾਕੂ ਸ਼ਾਮ ਕਰੀਬ 4 ਵਜੇ ਦੁਕਾਨ ਉੱਤੇ ਬੈਠਾ ਸੀ।
ਇਸ ਦੌਰਾਨ ਦੋ ਨੌਜਵਾਨ ਲੁੱਟ ਦੀ ਨੀਅਤ ਨਾਲ ਦੁਕਾਨ ਅੰਦਰ ਆਏ ਅਤੇ ਉਨ੍ਹਾਂ ਪਿਸਤੌਲ ਤਾਣ ਲਈ ਤਾਂ ਵਪਾਰੀ ਦਾ ਪੁੱਤਰ ਉਨ੍ਹਾਂ ਦਾ ਮੁਕਾਬਲਾ ਕਰਨ ਲੱਗਿਆ। ਇਸ ਦੌਰਾਨ ਇੱਕ ਨੌਜਵਾਨ ਨੇ ਪਿਸਤੌਲ ਨਾਲ ਤਿੰਨ ਗੋਲੀਆਂ ਚਲਾਈਆਂ ਅਤੇ ਦੋ ਗੋਲੀਆਂ ਨੌਜਵਾਨ ਦੇ ਪੇਟ ’ਚ ਲੱਗ ਗਈਆਂ। ਉਥੇ ਨੇੜਲੇ ਦੁਕਾਨਦਾਰਾਂ ਨੇ ਨੌਜਵਾਨ ਨੂੰ ਸਿਵਲ ਹਸਪਤਾਲ ਪਹੁੰਚਾਇਆ। ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਰੈਫ਼ਰ ਕਰ ਦਿੱਤਾ ਹੈ।