ਲੰਡਨ:ਇੰਗਲੈਂਡ ਦੇ ਹਰਫ਼ਨਮੌਲਾ ਖਿਡਾਰੀ ਮੋਈਨ ਅਲੀ ਨੇ ਸੀਮਤ ਓਵਰਾਂ ਦੀ ਕ੍ਰਿਕਟ ਵਿੱਚ ਆਪਣੇ ਕਰੀਅਰ ’ਤੇ ਧਿਆਨ ਦੇਣ ਲਈ ਟੈਸਟ ਕ੍ਰਿਕਟ ਨੂੰ ਅਲਵਿਦਾ ਆਖ ਦਿੱਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਪਣੇ ਕਰੀਅਰ ਤੋਂ ਉਹ ਸੰਤੁਸ਼ਟ ਹੈ, ਭਾਵੇਂ ਲੋਕ ਕਹਿੰਦੇ ਹੋਣ ਕਿ ਉਹ ਹੋਰ ਉਪਲੱਬਧੀਆਂ ਪ੍ਰਾਪਤ ਕਰ ਸਕਦਾ ਸੀ। ਉਨ੍ਹਾਂ ਨੇ 64 ਟੈਸਟ ਵਿੱਚ 2914 ਦੌੜਾਂ ਬਣਾਈਆਂ ਅਤੇ 195 ਵਿਕਟਾਂ ਲਈਆਂ ਹਨ। ਉਹ 2019 ਐਸ਼ੇਜ਼ ਲੜੀ ਤੋਂ ਬਾਅਦ ਟੈਸਟ ਕ੍ਰਿਕਟ ਨਹੀਂ ਖੇਡਿਆ ਸੀ, ਪਰ ਭਾਰਤ ਖ਼ਿਲਾਫ਼ ਹਾਲ ਹੀ ਵਿੱਚ ਘਰੇਲੂ ਲੜੀ ਲਈ ਉਸ ਦੀ ਟੈਸਟ ਟੀਮ ਵਿੱਚ ਵਾਪਸੀ ਹੋਈ। ਉਨ੍ਹਾਂ ਕਿਹਾ, ‘‘ਮੈਂ 34 ਸਾਲ ਦਾ ਹੋ ਗਿਆ ਹਾਂ ਅਤੇ ਜਦੋਂ ਤੱਕ ਖੇਡ ਸਕਦਾ ਹਾਂ, ਖੇਡਣਾ ਚਾਹੁੰਦਾ ਹਾਂ।’’ ਮੋਈਨ ਨੇ ਇੰਗਲੈਂਡ ਦੇ ਕਪਤਾਨ ਜੋਅ ਰੂਟ ਅਤੇ ਕੋਚ ਕ੍ਰਿਸ ਸਿਲਵਰਵੁੱਡ ਨੂੰ ਆਪਣੇ ਫ਼ੈਸਲੇ ਬਾਰੇ ਪਹਿਲਾਂ ਹੀ ਜਾਣੂ ਕਰਵਾ ਦਿੱਤਾ ਸੀ। ਉਹ ਇਸ ਸਮੇਂ ਸੰਯੁਕਤ ਅਰਬ ਅਮੀਰਾਤ ਵਿੱਚ ਆਈਪੀਐੱਲ ਖੇਡ ਰਿਹਾ ਹੈ, ਜਿਸ ਵਿੱਚ ਉਹ ਚੇਨੱਈ ਸੁਪਰ ਕਿੰਗਜ਼ ਦਾ ਹਿੱਸਾ ਹੈ। ਉਹ ਇੰਗਲੈਂਡ ਲਈ ਸੀਮਤ ਓਵਰਾਂ ਦੀ ਕ੍ਰਿਕਟ ਖੇਡਦਾ ਰਹੇਗਾ। ਭਾਰਤ ਖ਼ਿਲਾਫ਼ ਪੰਜਵਾਂ ਟੈਸਟ ਕਰੋਨਾ ਮਹਾਮਾਰੀ ਕਾਰਨ ਰੱਦ ਕੀਤੇ ਜਾਣ ਤੋਂ ਪਹਿਲਾਂ ਉਹ 3000 ਟੈਸਟ ਦੌੜਾਂ ਅਤੇ 200 ਵਿਕਟਾਂ ਪੂਰੀਆਂ ਕਰਨ ਵਾਲਾ 15ਵਾਂ ਟੈਸਟ ਕ੍ਰਿਕਟਰ ਬਣਨ ਵਾਲਾ ਸੀ। ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੋਈਨ ਨੂੰ ਉਮੀਦ ਹੈ ਕਿ ਉਸ ਦਾ ਟੈਸਟ ਕਰੀਅਰ ਬ੍ਰਿਟਿਸ਼ ਮੁਸਲਮਾਨਾਂ ਨੂੰ ਇੰਗਲੈਂਡ ਲਈ ਖੇਡਣ ਵਾਸਤੇ ਪ੍ਰੇਰਿਤ ਕਰੇਗਾ ਅਤੇ ਉਨ੍ਹਾਂ ਲਈ ਦਰਵਾਜ਼ੇ ਖੋਲ੍ਹੇਗਾ।