ਮੈਡਰਿਡ, 4 ਦਸੰਬਰ
ਆਪਣੇ ਕਲੱਬ ਅਤੇ ਦੇਸ਼ ਲਈ ਮੁਸ਼ਕਲ ਦੌਰ ਵਿੱਚ ਵੀ ਫੁਟਬਾਲ ਦੇ ਮੈਦਾਨ ਵਿੱਚ ਆਪਣੇ ਫਨ ਦਾ ਸ਼ਾਨਦਾਰ ਮੁਜਾਹਰ ਕਰਨ ਵਾਲੇ ਅਰਜਨਟੀਨਾ ਦੇ ਸਟਾਰ ਲਾਇਨਲ ਮੈਸੀ ਨੇ ਰਿਕਾਰਡ ਛੇਵੀਂ ਵਾਰ ਫੀਫਾ ਦੇ ਸਰਵੋਤਮ ਖਿਡਾਰੀ ਦਾ ਪੁਰਸਕਾਰ ਜਿੱਤਿਆ। ਪਿਛਲੇ ਸੈਸ਼ਨ ਵਿੱਚ ਬਾਰਸੀਲੋਨਾ ਦਾ ਪ੍ਰਦਰਸ਼ਨ ਔਸਤ ਰਿਹਾ, ਜਦਕਿ ਕੋਪਾ ਅਮਰੀਕਾ ਦੇ ਸੈਮੀਫਾਈਨਲ ਵਿੱਚ ਬ੍ਰਾਜ਼ੀਲ ਨੇ ਅਰਜਨਟੀਨਾ ਨੂੰ ਹਰਾ ਕੇ ਦਿੱਤਾ ਸੀ। ਇਸ ਦੇ ਬਾਵਜੂਦ ਮੈਸੀ ਦਾ ਪ੍ਰਦਰਸ਼ਨ 2019 ਵਿੱਚ ਸ਼ਾਨਦਾਰ ਰਿਹਾ। ਹੁਣ ਉਸ ਦੇ ਨਾਮ ਫੁਟਬਾਲ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਵਾਰ ਇਹ ਪੁਰਸਕਾਰ ਹੋ ਗਿਆ ਹੈ। ਉਸ ਨੇ ਪੰਜਵਾਂ ‘ਬਾਲੋਨ ਡੀ’ਓਰ’ ਪੁਰਸਕਾਰ ਚਾਰ ਸਾਲ ਪਹਿਲਾਂ ਜਿੱਤਿਆ ਸੀ। ਉਸ ਦੇ ਰਵਾਇਤੀ ਵਿਰੋਧੀ ਕ੍ਰਿਸਟਿਆਨੋ ਰੋਨਾਲਡੋ ਨੇ ਪੰਜ ਵਾਰ ਇਹ ਪੁਰਸਕਾਰ ਜਿੱਤਿਆ ਹੈ, ਜਦਕਿ ਜੋਹਾਨ ਕਰੱਫ, ਮਾਈਕਲ ਪਲੈਤਿਨੀ ਅਤੇ ਮਾਰਕੋ ਵਨ ਬਾਸਟਨ ਦੇ ਨਾਮ ਤਿੰਨ-ਤਿੰਨ ਪੁਰਸਕਾਰ ਦਰਜ ਹਨ। ਮੈਸੀ ਨੇ ਇਸ ਸਾਲ 54 ਮੈਚ ਖੇਡ ਕੇ 46 ਗੋਲ ਕੀਤੇ ਅਤੇ 17 ਗੋਲ ਕਰਨ ਵਿੱਚ ਸਹਾਇਤਾ ਕੀਤੀ। ਉਸ ਨੇ ਬਾਰਸੀਲੋਨਾ ਲਈ 44 ਮੈਚਾਂ ਵਿੱਚ 41 ਗੋਲ ਕੀਤੇ ਅਤੇ 15 ਵਿੱਚ ਸਹਾਇਕ ਰਿਹਾ, ਜਿਸ ਵਿੱਚ ਤਿੰਨ ਹੈਟ੍ਰਿਕਾਂ ਸ਼ਾਮਲ ਹਨ। ਬਤੌਰ ਕਪਤਾਨ ਮੈਸੀ ਨੇ ਪਹਿਲੇ ਸੈਸ਼ਨ ਵਿੱਚ ਟੀਮ ਨੂੰ ਲਗਾਤਾਰ ਤੀਜਾ ਲਾ ਲੀਗਾ ਖ਼ਿਤਾਬ ਦਿਵਾਇਆ। ਉਸ ਨੇ ਲੇਵਾਂਤੇ ਖ਼ਿਲਾਫ਼ ਫਾਈਨਲ ਵਿੱਚ ਜੇਤੂ ਗੋਲ ਵੀ ਦਾਗ਼ਿਆ।
ਚੈਂਪੀਅਨਜ਼ ਲੀਗ ਵਿੱਚ ਹਾਲਾਂਕਿ ਮੈਸੀ ਦੇ ਦੋ ਗੋਲਾਂ ਦੇ ਬਾਵਜੂਦ ਬਾਰਸੀਲੋਨਾ ਨੂੰ ਲਿਵਰਪੂਲ ਨੇ ਸੈਮੀਫਾਈਨਲ ਵਿੱਚ ਹਰਾਇਆ। ਕੋਪਾ ਡੇਲ ਰੇ ਦੇ ਫਾਈਨਲ ਵਿੱਚ ਉਸ ਨੂੰ ਵਾਲੈਂਸ਼ੀਆ ਤੋਂ ਹਾਰ ਝੱਲਣੀ ਪਈ।
ਚੈਂਪੀਅਨਜ਼ ਲੀਗ ਵਿੱਚ ਸਭ ਤੋਂ ਵੱਧ 12 ਗੋਲ ਕਰਕੇ ਮੈਸੀ ਨੇ ਲਗਾਤਾਰ ਤੀਜੇ ਸਾਲ ਗੋਲਡਨ ਸ਼ੂ ਪੁਰਸਕਾਰ ਜਿੱਤਿਆ, ਜੋ ਉਸ ਦੇ ਕਰੀਅਰ ਦਾ ਛੇਵਾਂ ਖ਼ਿਤਾਬ ਸੀ। ਕੋਪਾ ਅਮਰੀਕਾ ਵਿੱਚ ਚਿੱਲੀ ਖ਼ਿਲਾਫ਼ ਤੀਜੇ ਸਥਾਨ ਦੇ ਪਲੇਅ-ਆਫ ਮੁਕਾਬਲੇ ਵਿੱਚ ਰੈਫਰਿੰਗ ਦੀ ਆਲੋਚਨਾ ਕਾਰਨ ਮੈਸੀ ਨੂੰ ਤਿੰਨ ਮਹੀਨੇ ਕੌਮਾਂਤਰੀ ਫੁਟਬਾਲ ਤੋਂ ਮੁਅੱਤਲੀ ਝੱਲਣੀ ਪਈ। ਪਰਤਣ ਮਗਰੋਂ ਸਿਰ ਦੀ ਸੱਟ ਦਾ ਸ਼ਿਕਾਰ ਹੋਇਆ। ਇਸ ਮਗਰੋਂ ਵੀ ਉਸ ਨੇ ਪੰਜ ਮੈਚਾਂ ਵਿੱਚ ਛੇ ਗੋਲ ਕੀਤੇ। ਉਸ ਨੇ ਲਾ ਲੀਗਾ ਵਿੱਚ 34ਵੀਂ ਹੈਟ੍ਰਿਕ ਮਾਰ ਕੇ ਰੋਨਾਲਡੋ ਦੀ ਬਰਾਬਰੀ ਕੀਤੀ। ਕਲੱਬ ਲਈ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਇਸ ਖਿਡਾਰੀ ਦੀਆਂ ਕਈ ਖ਼ਾਹਸ਼ਾਂ ਅਧੂਰੀਆਂ ਰਹਿ ਗਈਆਂ, ਜਿਨ੍ਹਾਂ ਵਿੱਚ ਚੈਂਪੀਅਨਜ਼ ਲੀਗ ਖ਼ਿਤਾਬ ਅਤੇ ਵਿਸ਼ਵ ਕੱਪ ਟਰਾਫ਼ੀ ਸ਼ਾਮਲ ਹੈ। ਉਸ ਦੇ ਕਰੀਅਰ ਦੇ ਕੁੱਝ ਹੀ ਸਾਲ ਬਚੇ ਹਨ, ਪਰ ਆਪਣੇ ਪੈਰਾਂ ਦੇ ਜਾਦੂ ਕਾਰਨ ਉਸ ਨੇ ਇਸ ਖ਼ੂਬਸੂਰਤ ਖੇਡ ਵਿੱਚ ਮਹਾਨ ਖਿਡਾਰੀਆਂ ਵਿੱਚ ਆਪਣਾ ਨਾਮ ਦਰਜ ਕਰਵਾ ਲਿਆ ਹੈ।