ਮੈਡਰਿਡ, 23 ਦਸੰਬਰ
ਲਾਇਨਲ ਮੈਸੀ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਬਾਰਸੀਲੋਨਾ ਨੇ ਅਲਵੇਸ ਨੂੰ 4-1 ਹਰਾ ਕੇ ਕ੍ਰਿਸਮਸ ਦੀਆਂ ਛੁੱਟੀਆਂ ਤੋਂ ਪਹਿਲਾਂ ਲਾ ਲੀਗ ਫੁਟਬਾਲ ਟੂਰਨਾਮੈਂਟ ਵਿੱਚ ਸਿਖਰਲਾ ਸਥਾਨ ਸੁਰੱਖਿਅਤ ਕੀਤਾ। ਰਿਆਲ ਮੈਡਰਿਡ ਜੇਕਰ ਆਪਣੇ ਅਗਲੇ ਮੈਚ ਵਿੱਚ ਐਟਲੈਟਿਕੋ ਬਿਲਬਾਓ ਨੂੰ ਹਰਾ ਦਿੰਦਾ ਹੈ ਤਾਂ ਉਸ ਦੇ ਵੀ ਬਾਰਸੀਲੋਨਾ ਦੇ ਬਰਾਬਰ 39 ਅੰਕ ਹੋ ਜਾਣਗੇ, ਪਰ ਗੋਲ ਫ਼ਰਕ ਵਿੱਚ ਉਹ ਪਿੱਛੇ ਰਹੇਗਾ। ਸੇਵਿਲੇ ਨੇ ਰਿਆਲ ਮਾਲੋਰਕਾ ’ਤੇ 2-0 ਦੀ ਜਿੱਤ ਨਾਲ 34 ਅੰਕਾਂ ਨਾਲ ਆਪਣਾ ਤੀਜਾ ਸਥਾਨ ਸੁਰੱਖਿਅਤ ਕੀਤਾ। ਸ਼ਨਿੱਚਰਵਾਰ ਨੂੰ ਖੇਡੇ ਗਏ ਮੈਚ ਵਿੱਚ ਫਰਾਂਸ ਦੇ ਵਿਸ਼ਵ ਕੱਪ ਜੇਤੂ ਐਂਟੋਨੀ ਗ੍ਰੀਜ਼ਮੈਨ ਨੇ 14ਵੇਂ ਮਿੰਟ ਵਿੱਚ ਮੈਸੀ ਦੀ ਮਦਦ ਨਾਲ ਗੋਲ ਕੀਤਾ। ਚਿੱਲੀ ਦੇ ਫਾਰਵਰਡ ਅਰਤੁਰੋ ਵਿਡਾਲ ਨੇ 45ਵੇਂ ਮਿੰਟ ਵਿੱਚ ਦੂਜਾ ਗੋਲ ਕਰਕੇ ਬਾਰਸੀਲੋਨਾ ਨੂੰ 2-0 ਨਾਲ ਅੱਗੇ ਰੱਖਿਆ। ਪੀਅਰੇ ਪੋਨਸ ਨੇ 56ਵੇਂ ਮਿੰਟ ਵਿੱਚ ਅਲਵੇਸ ਵੱਲੋਂ ਗੋਲ ਦਾਗ਼ਿਆ। ਮੈਸੀ ਨੇ ਇਸ ਮਗਰੋਂ 69ਵੇਂ ਮਿੰਟ ਵਿੱਚ ਚਾਰ ਡਿਫੈਂਡਰ ਨੂੰ ਚਕਮਾ ਦੇ ਕੇ ਖ਼ੂਬਸੂਰਤ ਗੋਲ ਕੀਤਾ, ਜਦਕਿ ਲੂਈ ਸੁਆਰੇਜ਼ ਨੇ 75ਵੇਂ ਮਿੰਟ ਵਿੱਚ ਪੈਨਲਟੀ ਨੂੰ ਗੋਲ ਵਿੱਚ ਬਦਲਿਆ।