ਪ੍ਰਾਗ, 25 ਅਕਤੂਬਰ

ਮੈਚ ਦੌਰਾਨ ਭਿੜਦੇ ਹੋਏ ਬਾਰਸੀਲੋਨਾ ਤੇ ਸਲੇਵੀਆ ਪਰਾਗ ਦੇ ਖਿਡਾਰੀ। -ਫੋਟੋ: ਏਐੱਫਪੀ

ਲਿਓਨਲ ਮੈਸੀ ਦੇ ਰਿਕਾਰਡ ਗੋਲ ਨਾਲ ਬਾਰਸੀਲੋਨਾ ਚੈਂਪੀਅਨਜ਼ ਲੀਗ ਫੁਟਬਾਲ ਟੂਰਨਾਮੈਂਟ ਦੇ ਗਰੁੱਪ ‘ਐੱਫ’ ’ਚ ਸਲੇਵੀਆ ਪਰਾਗ ਨੂੰ 2-1 ਨਾਲ ਹਰਾ ਕੇ ਅੰਕ ਸੂਚੀ ’ਚ ਸਿਖ਼ਰ ’ਤੇ ਪਹੁੰਚ ਗਿਆ। ਮੈਸੀ ਨੇ ਤੀਜੇ ਹੀ ਮਿੰਟ ’ਚ ਸਲੇਵੀਆ ਦੇ ਗੋਲਕੀਪਰ ਓਂਦਰੇਜ ਕੋਲਾਰ ਨੂੰ ਚਕਮਾ ਦੇ ਕੇ ਬਾਰਸੀਲੋਨ ਨੂੰ ਬੜ੍ਹਤ ਦਿਵਾਈ। ਉਹ ਚੈਂਪੀਅਨਜ਼ ਲੀਗ ’ਚ ਲਗਾਤਾਰ 15 ਸੈਸ਼ਨ ’ਚ ਘੱਟੋ-ਘੱਟ ਇਕ ਗੋਲ ਕਰਨ ਵਾਲਾ ਦੁਨੀਆਂ ਦਾ ਪਹਿਲਾ ਖਿਡਾਰੀ ਬਣਿਆ। ਅੱਧ ਸਮੇਂ ਤੱਕ ਬਾਰਸੀਲੋਨਾ ਦੀ ਟੀਮ 1-0 ਨਾਲ ਅੱਗੇ ਸੀ।
ਦੂਜੇ ਅੱੱਧ ਦੇ ਪੰਜਵੇਂ ਮਿੰਟ ’ਚ ਲੂਕਾਸ ਮਾਸੋਪਸਟ ਦੇ ਬਿਹਤਰੀਨ ਪਾਸ ਨੂੰ ਗੋਲ ’ਚ ਪਹੁੰਚਾ ਕੇ ਯਾਨ ਬੋਰਿਲ ਨੇ ਸਲੇਵੀਆ ਨੂੰ ਬੜ੍ਹਤ ਦਿਵਾਈ। ਸਲੇਵੀਆ ਦਾ ਵਿੰਗ ਪੀਟਰ ਓਲਾਯਿੰਕਾ ਹਾਲਾਂਕਿ 57ਵੇਂ ਮਿੰਟ ’ਚ ਆਤਮਘਾਤੀ ਗੋਲ ਕਰ ਬੈਠਾ ਜਿਸ ਨਾਲ ਬਾਰਸੀਲੋਨਾ ਨੇ 2-1 ਦੀ ਬੜ੍ਹਤ ਬਣਾ ਲਈ ਜੋ ਫ਼ੈਸਲਾਕੁਨ ਸਾਬਿਤ ਹੋਈ। ਬਾਰਸੀਲੋਨ ਗਰੁੱਪ ‘ਐੱਫ’ ’ਚ ਤਿੰਨ ਮੈਚਾਂ ’ਚ ਸੱਤ ਅੰਕਾਂ ਨਾਲ ਸਿਖ਼ਰਲ ’ਤੇ ਚੱਲ ਰਿਹਾ ਹੈ।
ਟੀਮ ਨੇ ਇੰਟਰ ਮਿਲਾਨ ’ਤੇ ਤਿੰਨ ਅੰਕਾਂ ਦੀ ਬੜ੍ਹਤ ਬਣਾਈ ਹੋਈ ਹੈ ਜਿਸ ਨੇ ਬੋਰੂਸੀਆ ਡੋਰਟਮੰਡ ਨੂੰ 2-0 ਨਾਲ ਹਰਾਇਆ। ਸਲੇਵੀਆ ਦੀ ਟੀਮ ਇਕ ਅੰਕ ਨਾਲ ਆਖ਼ਰੀ ਸਥਾਨ ’ਤੇ ਹੈ।