ਚੰਡੀਗੜ੍ਹ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੁਰੱਖਿਆ ਵਧਾਉਣ ਦੀ ਪੇਸ਼ਕਸ਼ ਨੂੰ ਠੁਕਰਾਉਂਦਿਆਂ ਕਿਹਾ ਹੈ ਕਿ ਜੇਕਰ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਆਪਣੀ ਜਾਨ ਵੀ ਵਾਰਨੀ ਪਈ ਤਾਂ ਉਹ ਇਸ ਨੂੰ ਇੱਕ ਬਹੁਤ ਵੱਡਾ ਸਨਮਾਨ ਸਮਝਣਗੇ।
ਸ੍ਰੀ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਸੁਰੱਖਿਆ ਛਤਰੀ ਦੀ ਲੋੜ ਨਹੀਂ ਤੇ ਜੇਕਰ ਕੈਪਟਨ ਸਰਕਾਰ ਨੂੰ ਉਨ੍ਹਾਂ ਨੂੰ ਦਿੱਤੀ ਜਿਹੜੀ ਸੁਰੱਖਿਆ ਛਤਰੀ ਵਾਧੂ ਲੱਗਦੀ ਹੈ, ਸਰਕਾਰ ਉਹ ਵਾਪਸ ਲੈ ਸਕਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਾਂਤੀ ਅਤੇ ਫਿਰਕੂ ਸਾਂਝ ਨੂੰ ਬਚਾਉਣ ਅਤੇ ਸੂਬੇ ਨੂੰ ਖਤਰਨਾਕ ਅਰਾਜਕਤਾ ਵੱਲ ਧੱਕੇ ਜਾਣ ਤੋਂ ਰੋਕਣ ਉੱਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਫਿਰਕੂ ਤਣਾਅ ਪੈਦਾ ਕਰਨ ਵਾਲੀਆਂ ਖਤਰਨਾਕ ਮਜਹਬੀ ਖੇਡਾਂ ਖੇਡਣੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ। ਅਜਿਹੀਆਂ ਖੇਡਾਂ ਕਰਕੇ ਪੰਜਾਬ ਦੇ ਲੋਕ ਪਹਿਲਾਂ ਹੀ ਆਪਣੇ ਹਜ਼ਾਰਾਂ ਨਿਰਦੋਸ਼ ਸਕੇ-ਸਬੰਧੀਆਂ ਨੂੰ ਖੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਪੰਜਾਬ ਅੰਦਰ ਗਰਮਖ਼ਿਆਲੀ ਸਿਆਸਤ ਅਤੇ ਖਤਰਨਾਕ ਨਾਅਰਿਆਂ ਪਿੱਛੇ ਹਮੇਸ਼ਾਂ ਕਾਂਗਰਸ ਪਾਰਟੀ ਹੀ ਰਹੀ ਹੈ, ਜਿਸ ਦਾ ਮੁੱਖ ਮੰਤਵ ਸਿੱਖਾਂ ਨੂੰ ਆਪਣੇ ਚੁਣੇ ਹੋਏ ਨੁਮਾਇੰਦਿਆਂ ਰਾਹੀਂ ਆਪਣੇ ਪਵਿੱਤਰ ਗੁਰਧਾਮਾਂ ਦੀ ਸੇਵਾ ਕਰਨ ਤੋਂ ਵਾਂਝੇ ਕਰਨਾ ਹੈ। ਕਾਂਗਰਸ ਦਾ ਅਸਲੀ ਉਦੇਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕਬਜ਼ਾ ਕਰਕੇ ਖਾਲਸਾ ਪੰਥ ਨੂੰ ਕਮਜ਼ੋਰ ਕਰਨਾ ਹੈ। ਸ੍ਰੀ ਬਾਦਲ ਨੇ ਕਿਹਾ ਕਿ ਇਕ ਪਾਸੇ ਮੁੱਖ ਮੰਤਰੀ ਪੰਜਾਬ ਅੰਦਰ ਅਸਥਿਰਤਾ ਫੈਲਾਉਣ ਲਈ ਗਰਮਖ਼ਿਆਲੀਆਂ ਦਾ ਸਮਰਥਨ ਕਰਨ ਤੋਂ ਇਨਕਾਰ ਰਹ ਰਹੇ ਹਨ ਅਤੇ ਦੂਜੇ ਪਾਸੇ ਉਹ ਕਾਂਗਰਸ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਸਮੇਤ ਸਾਰੇ ਸਿੱਖ ਗੁਰਧਾਮਾਂ ਅਤੇ ਸੰਸਥਾਵਾਂ ਉੱਤੇ ਕਬਜ਼ੇ ਕਰਨ ਦੀ ਇੱਛਾ ਦਾ ਇਕਬਾਲ ਕਰ ਰਿਹਾ ਹੈ। ਮੁੱਖ ਮੰਤਰੀ ਨੂੰ ਪੁੱਛਿਆ ਜਾਣਾ ਬਣਦਾ ਹੈ ਕਿ ਉਸ ਦੀ ਐੱਸਜੀਪੀਸੀ ਉੱਤੇ ਕਿਵੇਂ ਕਬਜ਼ਾ ਕਰਨ ਦੀ ਯੋਜਨਾ ਹੈ? ਬਿੱਲੀ ਹੁਣ ਥੈਲੇ ਵਿਚੋਂ ਪੂਰੀ ਤਰ੍ਹਾਂ ਬਾਹਰ ਆ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਨੂੰ ਅਤੀਤ ਦੇ ਕੌੜੇ ਸਬਕਾਂ ਤੋਂ ਕੁੱਝ ਸਿੱਖਣ ਆਖਦਿਆਂ ਪੰਜਾਬ ਨੂੰ ਦੁਬਾਰਾ ਤੋਂ 1984 ਵਾਲੀ ਅੱਗ ਵੱਲ ਧੱਕਣ ਤੋਂ ਵਰਜਿਆ।