ਮੁੰਬਈ:ਬੌਲੀਵੁੱਡ ਅਦਾਕਾਰ ਜੌਹਨ ਅਬਰਾਹਿਮ ਦੀਆਂ ਇਸ ਸਾਲ ਤਿੰਨ ਫ਼ਿਲਮਾਂ ਵੱਡੇ ਪਰਦੇ ’ਤੇ ਰਿਲੀਜ਼ ਹੋਣਗੀਆਂ। ਇਨ੍ਹਾਂ ’ਚੋਂ ਸਭ ਤੋਂ ਪਹਿਲਾਂ ਰਿਲੀਜ਼ ਹੋਵੇਗੀ ਫ਼ਿਲਮ ‘ਮੁੰਬਈ ਸਾਗਾ’। ਅਦਾਕਾਰ ਤੇ ਪ੍ਰੋਡਿਊਸਰ ਜੌਹਨ ਦਾ ਕਹਿਣਾ ਹੈ ਕਿ ਉਸ ਨੇ ਹਮੇਸ਼ਾਂ ਵੱਡੇ ਪਰਦੇ ਨੂੰ ਪਹਿਲ ਦਿੱਤੀ ਹੈ। 48 ਸਾਲਾ ਇਸ ਅਦਾਕਾਰ ਦਾ ਕਹਿਣਾ ਹੈ ਕਿ ਇਹ ਬਹੁਤ ਅਹਿਮ ਹੈ ਕਿ ਫ਼ਿਲਮ ਜਗਤ ਦਾ ਹਾਲੇ ਵੀ ਸਿਨੇਮਾ ਮਾਲਕਾਂ ਵਿੱਚ ਭਰੋਸਾ ਹੈ, ਜੋ ਕਰੋਨਾ ਨੇਮਾਂ ਦੀ ਪਾਲਣ ਕਰਦਿਆਂ ਮੁੜ ਸਿਨੇਮਾ ਘਰ ਖੋਲ੍ਹ ਰਹੇ ਹਨ। ਉਸ ਨੇ ਕਿਹਾ,‘‘ਮੇਰੇ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਮੈਂ ਆਪਣੀਆਂ ਫ਼ਿਲਮਾਂ ਰਾਹੀਂ ਆਮ ਲੋਕਾਂ ਤੱਕ ਪਹੁੰਚ ਕਰ ਰਿਹਾ ਹਾਂ ਕਿਉਂਕਿ ਅਸੀਂ ਅਦਾਕਾਰ ਉਨ੍ਹਾਂ ਦਾ ਮਨੋਰੰਜਨ ਕਰਦੇ ਹਾਂ। ਮੈਂ ਚੰਗੀਆਂ ਫ਼ਿਲਮਾਂ ਬਣਾਉਣਾ ਚਾਹੁੰਦਾ ਹਾਂ। ਮੈਨੂੰ ਸਫ਼ਲਤਾ ਤੇ ਅਸਫ਼ਲਤਾ ਦੀ ਕੋਈ ਪ੍ਰਵਾਹ ਨਹੀਂ ਹੈ।’’
ਖ਼ਬਰ ਏਜੰਸੀ ਪੀਟੀਆਈ ਨਾਲ ਇੱਕ ਇੰਟਰਵਿਊ ਦੌਰਾਨ ਜੌਹਨ ਨੇ ਆਖਿਆ, ‘‘ਮੈਂ ਵਧੇਰੇ ਲੋਕਾਂ ਤੱਕ ਪਹੁੰਚਣ ’ਚ ਸਫ਼ਲ ਹੋਣਾ ਚਾਹੁੰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਦਰਸ਼ਕਾਂ ਕੋਲ ਵੱਡੇ ਪਰਦੇ ਦਾ ਤਜਰਬਾ ਹੋਵੇ। ਅਸੀਂ ਵੱਡੇ ਪਰਦੇ ਦੀ ਸਮਝ ਅਤੇ ਫ਼ਿਲਮਾਂ ਵਿੱਚਲਾ ਨਾਇਕਵਾਦ ਗੁਆ ਲਿਆ ਹੈ ਪਰ ਫ਼ਿਲਮ ‘ਮੁੰਬਈ ਸਾਗਾ’ ਇਸ ਨੂੰ ਵਾਪਸ ਲਿਆਉਣ ਦਾ ਕੰਮ ਕਰੇਗੀ।’’ ਉਸ ਨੇ ਕਿਹਾ,‘‘ਬਹੁਤ ਥੋੜ੍ਹੇ ਅਜਿਹੇ ਅਦਾਕਾਰ ਹਨ ਜਿਹੜੇ ਵੱਡੇ ਪਰਦੇ ’ਤੇ ਆਪਣੀਆਂ ਮੁਸ਼ਕਲਾਂ ਤੋਂ ਬਚਣ ਲਈ ਓਟੀਟੀ ਪਲੈਟਫਾਰਮ ’ਤੇ ਫਿਲਮ ਰਿਲੀਜ਼ ਕਰਨ ਨੂੰ ਪਹਿਲ ਦਿੰਦੇ ਹਨ।’’ ਜਾਣਕਾਰੀ ਅਨੁਸਾਰ ਜੌਹਨ ਫ਼ਿਲਮ ‘ਸੱਤਿਆਮੇਵ ਜਯਤੇ-2 ਅਤੇ ਅਟੈਕ’ ਵਿਚ ਨਜ਼ਰ ਆਵੇਗਾ। ਇਹ ਫ਼ਿਲਮਾਂ ਸਿਨੇਮਾ ਘਰਾਂ ਵਿਚ ਰਿਲੀਜ਼ ਹੋਣਗੀਆਂ। ਫ਼ਿਲਮ ‘ਸੱਤਿਆਮੇਵ ਜਯਤੇ-2’ ਅਤੇ ਸਲਮਾਨ ਖਾਨ ਦੀ ਫ਼ਿਲਮ ‘ਰਾਧੇ: ਯੂਅਰ ਮੋਸਟ ਵਾਂਟਿਡ ਭਾਈ’ ਆਗਾਮੀ 13 ਮਈ ਨੂੰ ਈਦ ਮੌਕੇ ਰਿਲੀਜ਼ ਹੋਣਗੀਆਂ। ਫ਼ਿਲਮ ‘ਅਟੈਕ’ ਆਜ਼ਾਦੀ ਦਿਵਸ ਸਪਤਾਹ ਦੌਰਾਨ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ। ਜੌਹਨ ਨੇ ਆਖਿਆ,‘‘ਅਦਾਕਾਰ ਹੋਣ ਦੇ ਨਾਤੇ ਮੇਰੀ ਚਿੰਤਾ ਇਹ ਹੈ ਕਿ ਮੇਰੀਆਂ ਫ਼ਿਲਮਾਂ ਸੱਭਿਅਕ ਅਤੇ ਚੰਗੀਆਂ ਹੋਣ। ਹਾਲਾਂਕਿ ਹਰ ਅਦਾਕਾਰ ਆਪਣੇ ਫ਼ਿਲਮੀ ਮਾਪਦੰਡਾਂ ਅਤੇ ਆਪਣੀ ਕਮਾਈ ਬਾਰੇ ਚਿੰਤਤ ਹੈ। ਅਸੀਂ ਨਹੀਂ ਜਾਣਦੇ ਕੀ ਵਾਪਰਨ ਜਾ ਰਿਹਾ ਹੈ ਪਰ ਹਾਲ ਹੀ ਵਿੱਚ ਅਜਿਹੇ ਮਾਮਲੇ ਵਧੇ ਹਨ।’’