ਮੁੰਬਈ:ਬੌਲੀਵੁੱਡ ਅਦਾਕਾਰਾ ਸ਼ੈਫਾਲੀ ਸ਼ਾਹ ਮਹਾਮਾਰੀ ’ਤੇ ਆਧਾਰਤ ਛੋਟੀ ਫਿਲਮ ‘ਸਮਡੇਅ’ ਬਣਾ ਕੇ ਨਿਰਦੇਸ਼ਨ ਦੇ ਖੇਤਰ ਵਿੱਚ ਨਵੀਂ ਸ਼ੁਰੂਆਤ ਕਰਨ ਜਾ ਰਹੀ ਹੈ। ਅਦਾਕਾਰਾ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਫਿਲਮਸਾਜ਼ ਬਣਨਾ ਚਾਹੁੰਦੀ ਸੀ ਪਰ ਉਸ ਨੂੰ ਭਰੋਸਾ ਨਹੀਂ ਸੀ ਕਿ ਉਹ ਇੰਨੀ ਵੱਡੀ ਜ਼ਿੰਮੇਵਾਰੀ ਨਿਭਾ ਪਾਏਗੀ ਜਾਂ ਨਹੀਂ। ‘ਦਿੱਲੀ ਕਰਾਈਮ’ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਨੇ ਕਿਹਾ ਕਿ ਕਰੋਨਾ ਮਹਾਮਾਰੀ ਕਾਰਨ ਹੋਈ ਤਾਲਾਬੰਦੀ ਨੇ ਉਸ ਨੂੰ ਲਿਖਣ-ਪੜ੍ਹਨ ਅਤੇ ਹੁਨਰ ਨੂੰ ਉਭਾਰਨ ਦਾ ਮੌਕਾ ਦਿੱਤਾ। ਸ਼ੈਫਾਲੀ ਸ਼ਾਹ ਨੇ ਦੱਸਿਆ ਕਿ ਜਦੋਂ ਉਸ ਨੇ ਫਿਲਮ ਲਿਖੀ ਤਾਂ ਉਹ ਇਸ ਨੂੰ ਜਲਦੀ ਬਣਾਉਣਾ ਚਾਹੁੰਦੀ ਸੀ ਅਤੇ ਜਿਉਂ ਹੀ ਤਾਲਾਬੰਦੀ ਵਿੱਚ ਢਿੱਲ ਮਿਲੀ, ਉਸ ਨੇ ਦੋ ਦਿਨਾਂ ਵਿੱਚ 5 ਮੈਂਬਰੀ ਟੀਮ ਨਾਲ ਸ਼ੂਟਿੰਗ ਦਾ ਕੰਮ ਮੁਕੰਮਲ ਕਰ ਲਿਆ।