ਚੰਡੀਗੜ੍ਹ, 5 ਦਸੰਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਘੜਨ ਵਾਲੇ ਗੋਲਡੀ ਬਰਾੜ ਨੂੰ ਅਮਰੀਕਾ ਵਿੱਚ ਹਿਰਾਸਤ ਵਿੱਚ ਲੈਣ ਦੇ ਕੀਤੇ ਦਾਅਵੇ ਤੋਂ ਤਿੰਨ ਦਿਨ ਮਗਰੋਂ ਗੈਂਗਸਟਰ ਨੇ ਯੂਟਿਊਬ ’ਤੇ ਦਿੱਤੀ ਇੰਟਰਵਿਊ ਵਿੱਚ ਦਾਅਵਾ ਕੀਤਾ ਹੈ ਕਿ ਉਹ ਨਾ ਕਿਸੇ ਦੀ ਕਸਟਡੀ ਵਿੱਚ ਹੈ ਤੇ ਨਾ ਹੀ ਉਸ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਗੈਂਗਸਟਰ ਨੇ ਇਹ ਦਾਅਵਾ ਯੂਟਿਊਬ ਦੇ ਪੱਤਰਕਾਰ ਕੋਲ ਕੀਤਾ ਹੈ। ਦਿ ਟ੍ਰਿਬਿਊਨ ਹਾਲਾਂਕਿ ਇਸ ਵੀਡੀਓ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕਰਦਾ ਹੈ। ਬਰਾੜ ਵੀਡੀਓ ਵਿੱਚ ਇਹ ਕਹਿੰਦਾ ਨਜ਼ਰ ਆਉਂਦਾ ਹੈ ਕਿ ਉਸ ਨੂੰ ਹਿਰਾਸਤ ਵਿੱਚ ਲਏ ਜਾਣ ਦਾ ਮੁੱਖ ਮੰਤਰੀ ਭਗਵੰਤ ਮਾਨ ਦਾ ਦਾਅਵਾ ਸਰਾਸਰ ਗ਼ਲਤ ਹੈ। ਗੈਂਗਸਟਰ ਨੇ ਕਿਹਾ ਕਿ ਉਹ ਤਾਂ ਅਮਰੀਕਾ ਵਿੱਚ ਵੀ ਨਹੀਂ ਹੈ। ਬਰਾੜ ਦਾ ਇਹ ਵੀਡੀਓ ਮੁੱਖ ਮੰਤਰੀ ਭਗਵੰਤ ਮਾਨ ਲਈ ਵੱਡੀ ਨਮੋਸ਼ੀ ਹੈ, ਕਿਉਂਕਿ ਉੁਨ੍ਹਾਂ ਗੁਜਰਾਤ ਵਿੱਚ ਮੀਡੀਆ ਦੇ ਰੂਬਰੂ ਹੁੰਦਿਆਂ ਉਪਰੋਕਤ ਦਾਅਵਾ ਕੀਤਾ ਸੀ। ਮੁੱਖ ਮੰਤਰੀ ਦੀ ਮੀਡੀਆ ਟੀਮ, ਜਿਸ ਵਿੱਚ ਪੰਜਾਬ ਦੇ ਕੁਝ ਆਈਏਐੱਸ ਅਧਿਕਾਰੀ ਵੀ ਸ਼ਾਮਲ ਸਨ, ਨੇ ਪੱਤਰਕਾਰਾਂ ਨੂੰ ਕਿਹਾ ਸੀ ਕਿ ਉਹ ਅਹਿਮ ਪ੍ਰੈੱਸ ਕਾਨਫਰੰਸ ਲਈ ਤਿਆਰ ਰਹਿਣ ਜਿਸ ਵਿੱਚ ਮੁੱਖ ਮੰਤਰੀ ਮਾਨ ਤਫ਼ਸੀਲ ਵਿੱਚ ਦੱਸਣਗੇ ਕਿ ਬਰਾੜ ਨੂੰ ਹਿਰਾਸਤ ਵਿੱਚ ਕਿਵੇਂ ਲਿਆ ਗਿਆ। ਮੁੱਖ ਮੰਤਰੀ ਭਗਵੰਤ ਮਾਨ ਦਾ ਉਪਰੋਕਤ ਦਾਅਵਾ ਮੂਸੇਵਾਲਾ ਕੇਸ ਵਿੱਚ ਪੰਜਾਬ ਪੁਲੀਸ ਲਈ ਇਕ ਹੋਰ ਝਟਕਾ ਹੈ ਕਿਉਂਕਿ ਜਦੋਂ ਕਿਸੇ ਲੋੜੀਂਦੇ ਭਾਰਤੀ ਅਪਰਾਧੀ ਨੂੰ ਵਿਦੇਸ਼ ਵਿਚ ਕਾਬੂ ਕੀਤਾ ਜਾਂਦਾ ਹੈ ਤਾਂ ਅਜਿਹੇ ਕੇਸਾਂ ਨਾਲ ਭਾਰਤ ਸਰਕਾਰ ਤੇ ਕੇਂਦਰੀ ਏਜੰਸੀਆਂ ਸਿੱਝਦੀਆਂ ਹਨ। ਇਸ ਤੋਂ ਪਹਿਲਾਂ ਦਿੱਲੀ ਵਿਸ਼ੇਸ਼ ਸੈੱਲ ਦੀ ਪੁਲੀਸ ਨੇ ਮੂਸੇਵਾਲਾ ਕਤਲ ਕਾਂਡ ਵਿੱਚ ਸ਼ਾਮਲ ਬਹੁਤੇ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਸੀ। ਮਗਰੋਂ ਇਸ ਕੇਸ ਦਾ ਇਕ ਹੋਰ ਮੁਲਜ਼ਮ ਦੀਪਕ ਟੀਨੂ ਪੰਜਾਬ ਪੁਲੀਸ ਦੇ ਸਬ-ਇੰਸਪੈਕਟਰ ਦੀ ਮਦਦ ਨਾਲ ਮਾਨਸਾ ਪੁਲੀਸ ਦੀ ਹਿਰਾਸਤ ਵਿਚੋਂ ਫਰਾਰ ਹੋ ਗਿਆ ਸੀ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਲੰਘੇ ਦਿਨ ਦਾਅਵਾ ਕੀਤਾ ਸੀ ਕਿ ਮੁੱਖ ਮੰਤਰੀ ਮਾਨ ਨੇ ਗੋਲਡੀ ਬਰਾੜ ਨੂੰ ਅਮਰੀਕਾ ਵਿੱਚ ਹਿਰਾਸਤ ਵਿੱਚ ਲੈਣ ਬਾਰੇ ਝੂਠ ਬੋਲਿਆ ਹੈ। ਸੂਬੇ ਦੀ ਸੈਰ-ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਬਰਾੜ ਨੂੰ ਜਲਦੀ ਭਾਰਤ ਲਿਆਂਦਾ ਜਾਵੇਗਾ।