ਮੈਡਰਿਡ, ਮੌਜੂਦਾ ਚੈਂਪੀਅਨ ਸਿਮੋਨਾ ਹਾਲੇਪ ਬੈਲਜੀਅਮ ਦੀ ਐਲਿਸ ਮਾਰਟਿਨਜ਼ ਖਿਲਾਫ਼ ਦੂਜੇ ਦੌਰੇ ਦੇ ਮੁਕਾਬਲੇ ਵਿੱਚ ਆਸਾਨ ਜਿੱਤ ਨਾਲ ਮੈਡਰਿਡ ਓਪਨ ਟੈਨਿਸ ਟੂਰਨਾਮੈਂਟ ਵਿੱਚ ਲਗਾਤਾਰ ਤੀਜਾ ਖ਼ਿਤਾਬ ਜਿੱਤਣ ਵੱਲ ਅੱਗੇ ਵੱਧ ਗਈ ਹੈ। ਮੁਕਾਮੀ ਖਿਡਾਰਨ ਗੈਰਬਾਇਨ ਮੁਗੂਰੁਜ਼ਾ ਵੀ ਅਗਲੇ ਗੇੜ ’ਚ ਦਾਖ਼ਲ ਹੋ ਗਈ। ਪੁਰਸ਼ ਵਰਗ ਵਿੱਚ ਅਰਜਨਟੀਨਾ ਦਾ ਜੁਆਂ ਮਾਰਟਿਨ ਡੇਲ ਪੋਤਰੋ ਨੇ ਵੀ ਆਪਣੇ ਕਲੇਅ ਕੋਰਟ ਸੈਸ਼ਨ ਦੀ ਸ਼ੁਰੂਆਤ ਜਿੱਤ ਨਾਲ ਕੀਤੀ।
ਰੋਮਾਨੀਆ ਦੀ ਸਿਮੋਨਾ ਹਾਲੇਪ ਨੇ 2016 ਤੇ 2017 ਵਿੱਚ ਇਥੇ ਉਪਰੋਥੱਲੀ ਖ਼ਿਤਾਬ ਜਿੱਤੇ ਸਨ। ਹਾਲੇਪ ਨੂੰ ਹਾਲਾਂਕਿ ਦੂਜੇ ਸੈੱਟ ਵਿੱਚ ਥੋੜ੍ਹੀ ਮਿਹਨਤ ਕਰਨੀ ਪਈ, ਪਰ ਵਿਸ਼ਵ ਦੀ ਨੰਬਰ ਇਕ ਖਿਡਾਰਨ ਦੀ 6-0, 6-3 ਦੀ ਜਿੱਤ ’ਤੇ ਕਿਸ ਨੂੰ ਕੋਈ ਸ਼ੱਕ ਸ਼ੁਬ੍ਹਾ ਨਹੀਂ ਸੀ। ਹਾਲੇਪ ਹੁਣ ਪ੍ਰੀ-ਕੁਆਰਟਜ਼ ਵਿੱਚ ਚੈੱਕ ਗਣਰਾਜ ਦੀ ਕ੍ਰਿਸਟੀਨਾ ਪਲਿਸਕੋਵਾ ਨਾਲ ਮੱਥਾ ਲਾਏਗੀ। ਮਹਿਲਾ ਵਰਗ ਦੇ ਹੋਰਨਾਂ ਮੁਕਾਬਲਿਆਂ ਵਿੱਚ ਪੇਤਰਾ ਕਵਿਤੋਵਾ ਨੂੰ ਪਿਊਰਟੋਰੀਕੋ ਦੀ ਮੋਨਿਕਾ ਪੁਇਗ ਖ਼ਿਲਾਫ਼ 6-3, 7-6(10/8) ਦੀ ਜਿੱਤ ਲਈ ਖਾਸਾ ਸੰਘਰਸ਼ ਕਰਨਾ ਪਿਆ। ਇਕ ਹੋਰ ਮੁਕਾਬਲੇ ਵਿੱਚ ਮੁਕਾਮੀ ਖਿਡਾਰਨ ਗੈਰਬਾਇਨ ਮੁਗੂਰੁਜ਼ਾ ਨੇ ਪਹਿਲਾ ਸੈੱਟ ਹਾਰਨ ਮਗਰੋਂ ਜ਼ੋਰਦਾਰ ਵਾਪਸੀ ਕਰਦਿਆਂ ਡੋਨਾ ਵੇਕਿਚ ਨੂੰ 2-6, 6-4, 6-1 ਨਾਲ ਬਾਹਰ ਦਾ ਰਾਹ ਵਿਖਾਇਆ। ਉਧਰ ਪੁਰਸ਼ ਵਰਗ ਵਿੱਚ ਮਿਆਮੀ ਓਪਨ ਦੇ ਸੈਮੀ ਫਾਈਨਲ ਵਿੱਚ ਹਾਰਨ ਮਗਰੋਂ ਆਪਣਾ ਪਲੇਠਾ ਮੈਚ ਖੇਡ ਰਹੇ ਅਰਜਨਟੀਨਾ ਦੇ ਜੁਆਂ ਮਾਰਟਿਨ ਨੇ ਬੋਸਨੀਆ ਦੇ ਦਾਮਿਰ ਦੁਜੁਮਹੁਰ ਨੂੰ 6-3, 6-3 ਨਾਲ ਹਰਾਇਆ। ਵਿਸ਼ਵ ਦਾ ਚੌਥੇ ਨੰਬਰ ਦਾ ਖਿਡਾਰੀ ਗ੍ਰਿਗੋਰ ਦਿਮਿਤ੍ਰੋਵ ਕੈਨੇਡਾ ਦੇ ਮਿਲੋਸ ਰਾਓਨਿਕ ਕੋਲੋਂ 7-5, 3-6, 6-3 ਨਾਲ ਸ਼ਿਕਸਤ ਖਾ ਗਿਆ। ਦੱਖਣੀ ਕੋਰੀਆ ਦੇ ਚੁੰਗ ਹਿਓਨ ਨੂੰ ਨੀਦਰਲੈਂਡ ਦੇ ਰੋਬਿਨ ਹਾਸ ਨੇ 6-0, 6-2 ਨਾਲ ਬਾਹਰ ਦਾ ਰਾਹ ਵਿਖਾਇਆ। ਦਾਨਿਲ ਮੈਦਵੇਦੇਵ ਨੂੰ 6-4, 6-0 ਦੀ ਸ਼ਿਕਸਤ ਦੇਣ ਵਾਲ ਕਾਇਲ ਐਡਮੰਡ ਅਗਲੇ ਗੇੜ ਵਿੱਚ ਸਾਬਕਾ ਨੰਬਰ ਇਕ ਸਰਬੀਆ ਦੇ ਨੋਵਾਕ ਜੋਕੋਵਿਚ ਨਾਲ ਖੇਡੇਗਾ, ਜਿਸ ਨੇ ਲੰਘੇ ਦਿਨੀਂ ਜਪਾਨ ਦੇ ਕੇਈ ਨਿਸ਼ੀਕੋਰੀ ਨੂੰ ਹਰਾਇਆ ਸੀ।