ਮੈਡਰਿਡ, 8 ਮਈ
ਬੇਲਾਰੂਸ ਦੀ ਟੈਨਿਸ ਖਿਡਾਰਨ ਅਰਿਆਨਾ ਸਬਾਲੈਂਕਾ ਨੇ ਪੋਲੈਂਡ ਦੀ ਇਗਾ ਸਵੈਤੇਕ ਨੂੰ ਮਾਤ ਦਿੰਦਿਆਂ ਮੈਡਰਿਡ ਓਪਨ ਟੂਰਨਾਮੈਂਟ ’ਤੇ ਅੱਜ ਖ਼ਿਤਾਬੀ ਜਿੱਤ ਹਾਸਲ ਕੀਤੀ ਹੈ। ਵਿਸ਼ਵ ਦੇ ਦੂਜੇ ਰੈਂਕ ਵਾਲੀ ਖ਼ਿਡਾਰਨ ਸਬਾਲੈਂਕਾ ਨੇ ਸਿਖਰਲੀ ਰੈਂਕ ਵਾਲੀ ਸਵੈਤੇਕ ਨੂੰ 6-3, 3-6, 6-3 ਨਾਲ ਮਾਤ ਦਿੱਤੀ। ਉਹ ਦੋ ਹਫਤੇ ਪਹਿਲਾਂ ਸਟਗਾਰਟ ਮੁਕਾਬਲਾ ਹਾਰ ਗਈ ਸੀ ਪਰ ਉਸ ਨੇ ਵਿਰੋਧੀ ਖਿਡਾਰਨ ਪੋਲੈਂਡ ਦੀ ਇਗਾ ਸਵੈਤੇਕ ਖ਼ਿਲਾਫ਼ ਪਿਛਲੇ ਤਿੰਨ ਕਲੇਅ ਕੋਰਟ ਮੁਕਾਬਲਿਆਂ ਵਿੱਚ ਇਕ ਵੀ ਸੈੱਟ ਨਹੀਂ ਜਿੱਤਿਆ ਸੀ। ਢਾਈ ਘੰਟੇ ਚੱਲੇ ਇਸ ਮੈਚ ਵਿੱਚ ਬੇਲਾਰੂਸ ਦੀ ਸਬਾਲੈਂਕਾ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਤੇ ਮੈਡਰਿਡ ਓਪਨ ਟੂਰਨਾਮੈਂਟ ਆਪਣੇ ਨਾਂ ਕਰ ਲਿਆ। ਖੇਡ ਦੀ ਸਮਾਪਤੀ ਮਗਰੋਂ ਸਬਾਲੈਂਕਾ ਨੇ ਕਿਹਾ ਕਿ ਕਲੇਅ ਕੋਰਟ ’ਤੇ ਇਗਾ ਸਵੈਤੇਕ ਨੂੰ ਹਰਾ ਕੇ ਉਹ ਖੁਸ਼ੀ ਮਹਿਸੂਸ ਕਰ ਰਹੀ ਹੈ। ਤਿੰਨ ਵਾਰ ਗਰੈਂਡ ਸਲੈਮ ਜਿੱਤਣ ਵਾਲੀ ਸਵੈਤੇਕ ਨੇ ਮੈਚ ਦੇ ਸ਼ੁਰੂ ਵਿੱਚ ਸਬਾਲੈਂਕਾ ਖ਼ਿਲਾਫ਼ 5-2 ਨਾਲ ਚੜ੍ਹਤ ਵੀ ਬਣਾਈ ਪਰ ਬਾਅਦ ਵਿੱਚ ਸਬਾਲੈਂਕਾ ਦੇ ਜ਼ੋਰਦਾਰ ਸ਼ਾਟਾਂ ਦਾ ਮੁਕਾਬਲਾ ਨਾ ਕਰ ਸਕੀ। ਉਸ ਨੇ ਮੈਚ ਦੌਰਾਨ ਕੁਝ ਗਲਤੀਆਂ ਵੀ ਕੀਤੀਆਂ ਤੇ ਇਸ ਬਾਰੇ ਆਪਣੇ ਕੋਚ ਨਾਲ ਗੱਲਬਾਤ ਵੀ ਕੀਤੀ।