ਅਦਾਲਤ ਵਿੱਚ ਹੋਏ ਪੇਸ਼ ਅਗਲੀ ਸੁਣਵਾਈ 5 ਨਵੰਬਰ ਨੂੰ
ਨਵੀਂ ਦਿੱਲੀ,(9 ਜੁਲਾਈ): ਸਾਲ 2013 ਵਿੱਚ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ਦਾ ਵਿਰੋਧ ਕਰਦਿਆਂ ਸੁਭਾਸ਼ ਨਗਰ ਮੈਟਰੋ ਸਟੇਸ਼ਨ ਉਪੱਰ ਮੈਟਰੋ ਰੇਲ ਗੱਡੀ ਰੋਕਣ ਦੇ ਕੇਸ ਦਾ ਸਾਹਮਣਾ ਕਰ ਰਹੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਤੇ ਅਕਾਲੀ ਆਗੂ ਸ. ਹਰਮੀਤ ਸਿੰਘ ਕਾਲਕਾ ਅਤੇ ਹੋਰ ਅਕਾਲੀ ਅਗੂ ਅੱਜ ਅਦਾਲਤ ਵਿੱਚ ਪੇਸ਼ ਹੋਏ ਲੇਕਿਨ ਜੱਜ ਦੇ ਛੁੱਟੀ ‘ਤੇ ਹੋਣ ਕਾਰਨ ਉਹਨਾਂ ਦੀ ਜ਼ਮਾਨਤ ਦੀ ਅਰਜ਼ੀ ‘ਤੇ ਅਗਲੀ ਸੁਣਵਾਈ 5 ਨਵੰਬਰ ਤੱਕ ਅੱਗੇ ਪਾ ਦਿੱਤੀ ਗਈ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਮੀਡੀਆ ਸਲਾਹਕਾਰ ਸ. ਸੁਦੀਪ ਸਿੰਘ ਨੇ ਦੱਸਿਆ ਕਿ ਸਜੱਣ ਕੁਮਾਰ ਦੇ 2013 ਵਿੱਚ ਬਰੀ ਹੋ ਜਾਣ ਮਗਰੋਂ ਸ. ਹਰਮੀਤ ਸਿੰਘ ਕਾਲਕਾ, ਪਰਮਜੀਤ ਸਿੰਘ ਰਾਣਾ, ਹਰਦੇਵ ਸਿੰਘ ਧਨੋਆ, ਜਸਪ੍ਰੀਤ ਸਿੰਘ ਵਿੱਕੀ ਮਾਨ ਅਤੇ ਹੋਰ ਅਕਾਲੀ ਆਗੂਆਂ ਨੇ ਸੁਭਾਸ਼ ਨਗਰ ਮੈਟਰੋ ਸਟੇਸ਼ਨ ‘ਤੇ ਰੋਸ ਪ੍ਰਦਰਸ਼ਨ ਕੀਤਾ ਸੀ ਅਤੇ ਮੈਟਰੋ ਰੇਲ ਗੱਡੀ ਰੋਕੀ ਸੀ ਜਿਸ ਕਾਰਨ ਅਕਾਲੀ ਆਗੂਆਂ ਉਪੱਰ ਮਾਮਲਾ ਦਰਜ ਹੋਇਆ ਸੀ। ਉਹਨਾਂ ਦੱਸਿਆ ਕਿ ਇਸ ਕੇਸ ਵਿਚ ਇਹਨਾਂ ਆਗੂਆਂ ਦੀ ਜ਼ਮਾਨਤ ਦੀ ਅਰਜ਼ੀ ‘ਤੇ ਅੱਜ ਤੀਸ ਹਜ਼ਾਰੀ ਕੋਰਟ ਵਿਚ ਸੁਣਵਾਈ ਹੋਣੀ ਸੀ ਪਰ ਮਾਨਯੋਗ ਜੱਜ ਸ਼੍ਰੀ ਸੁਸ਼ੀਲ ਕੁਮਾਰ ਦੇ ਛੁੱਟੀ ‘ਤੇ ਹੋਣ ਕਰਕੇ ਅਗਲੀ ਸੁਣਵਾਈ 5 ਨਵੰਬਰ ‘ਤੇ ਪਾ ਦਿੱਤੀ ਗਈ ਹੈ।