ਮੈਕਸਿਕੋ ਸਿਟੀ, 24 ਜਨਵਰੀ

ਮੈਕਸਿਕੋ ਵਿਚ ਇਕ ਫ਼ਰਜ਼ੀ ਐਂਬੂਲੈਂਸ ਫੜੀ ਗਈ ਹੈ ਜਿਸ ਵਿਚ 28 ਪ੍ਰਵਾਸੀ ਸਵਾਰ ਸਨ ਤੇ ਸਰਹੱਦ ਪਾਰ ਕਰ ਕੇ ਅਮਰੀਕਾ ਜਾਣਾ ਚਾਹੁੰਦੇ ਸਨ। ਇਹ ਸਾਰੇ ਨਿਕਾਰਾਗੂਆ ਨਾਲ ਸਬੰਧਤ ਹਨ। ਮੈਕਸਿਕੋ ਦੇ ਗ੍ਰਹਿ ਵਿਭਾਗ ਨੇ ਕਿਹਾ ਕਿ ਲੋਕ ਅਮਰੀਕਾ ਵਿਚ ਗ਼ੈਰਕਾਨੂੰਨੀ ਢੰਗ ਨਾਲ ਦਾਖਲ ਹੋਣ ਲਈ ਕਈ ਤਰ੍ਹਾਂ ਦੇ ਅਨੋਖੇ ਤੌਰ-ਤਰੀਕੇ ਅਪਣਾ ਰਹੇ ਹਨ। ਉਨ੍ਹਾਂ ਕਿਹਾ ਕਿ ਵਾਹਨ ਉਤੇ ਸਰਕਾਰੀ ਹਸਪਤਾਲ ਨੈੱਟਵਰਕ ਦੇ ਨਕਲੀ ਲੋਗੋ ਲਾਏ ਗਏ ਸਨ। 

ਨੈਸ਼ਨਲ ਮਾਈਗ੍ਰੇਸ਼ਨ ਇੰਸਟੀਚਿਊਟ ਨੇ ਕਿਹਾ ਕਿ ਡਰਾਈਵਰ ਨੇ ਖ਼ੁਦ ਨੂੰ ਸਿਹਤ ਕਾਮਾ ਦੱਸਿਆ ਤੇ ਜਾਂਚ ਮਗਰੋਂ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਅਜਿਹੇ ਪ੍ਰਵਾਸੀਆਂ ਨੂੰ ਆਮ ਤੌਰ    ਉਤੇ ਉਨ੍ਹਾਂ ਦੇ ਦੇਸ਼ ਵਾਪਸ ਭੇਜ ਦਿੱਤਾ ਜਾਂਦਾ ਹੈ। ਜੇਕਰ ਉਹ ਕਿਸੇ ਤਰ੍ਹਾਂ ਦੇ ਅਪਰਾਧ ਦੇ ਪੀੜਤ ਹੋਣ ਤਾਂ ਰਿਹਾਇਸ਼ ਦੀ ਅਰਜ਼ੀ ਉਤੇ ਵਿਚਾਰ ਕੀਤਾ   ਜਾਂਦਾ ਹੈ।