ਲੰਡਨ, ਓਲੰਪਿਕ ਚੈਂਪੀਅਨ ਜਮਾਇਕਾ ਦੇ ਉਮਰ ਮੈਕਲਿਓਡ ਨੇ ਆਪਣੇ ਵਤਨ ਵਾਸੀਆਂ ਦੇ ਚਿਹਰੇ ’ਤੇ ਮੁੜ ਤੋਂ ਖੁਸ਼ੀ ਲਿਆਉਂਦਿਆਂ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ’ਚ 110 ਮੀਟਰ ਅੜਿੱਕਾ ਦੌੜ ਮੁਕਾਬਲੇ ’ਚ ਸੋਨ ਤਗ਼ਮਾ ਜਿੱਤ ਲਿਆ ਹੈ। ਹਮਵਤਨ ਉਸੈਨ ਬੋਲਟ ਤੇ ਏਲੀਨ ਥੌਂਪਸਨ ਨੂੰ 100 ਮੀਟਰ ਫਰਾਟਾ ਦੌੜ ’ਚ ਮਿਲੀ ਹਾਰ ਮਗਰੋਂ ਮੈਕਲਿਓਡ ਨੇ ਸੋਮਵਾਰ ਰਾਤ ਬਿਨਾਂ ਕੋਈ ਗ਼ਲਤੀ ਕੀਤਿਆਂ ਸੋਨ ਤਗ਼ਮਾ ਜਿੱਤ ਕੇ ਬੋਲਟ ਤੇ ਥੌਂਪਸਨ ਦੀ ਹਾਰ ਕਾਰਨ ਮਿਲੀ ਨਿਰਾਸ਼ਾ ਨੂੰ ਖਤਮ ਕੀਤਾ।
23 ਸਾਲਾ ਅਥਲੀਟ ਮੈਕਲਿਓਡ ਨੇ 13.04 ਸਕਿੰਟ ’ਚ ਰੇਸ ਪੂਰੀ ਕਰਕੇ ਸੋਨ ਤਗ਼ਮਾ ਆਪਣੇ ਨਾਂ ਕਰ ਲਿਆ। ਉਸ ਨੇ ਇਸ ਜਿੱਤ ਨੂੰ ਬੋਲਟ ਨੂੰ ਸਮਰਪਿਤ ਕਰਦਿਆਂ ਕਿਹਾ, ‘ਸੱਚ ਪੁੱਛੋ ਤਾਂ ਇੱਥੇ ਮੈਂ ਜਮਾਇਕਾ ਦਾ ਝੰਡਾ ਉਚਾ ਰੱਖਣਾ ਚਾਹੁੰਦਾ ਸੀ ਅਤੇ ਮੈਂ ਇਹੀ ਕੀਤਾ। ਉਸੈਨ ਬੋਲਟ ਅਜੇ ਵੀ ਮਹਾਨ ਹੈ ਅਤੇ ਇਹ ਜਿੱਤ ਤੁਹਾਡੇ ਲਈ ਹੈ। ਸਾਬਕਾ ਚੈਂਪੀਅਨ ਰੂਸ ਦੇ ਸਰਜੇਰੀ ਸ਼ੁਬੇਨਕੋਵ ਨੇ 13.14 ਸਕਿੰਟ ਦੇ ਸਮੇਂ ਨਾਲ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਸ਼ੁਬੇਨਕੋਵ ਬਿਨਾਂ ਰੂਸੀ ਝੰਡੇ ਦੇ ਆਜ਼ਾਦ ਅਥਲੀਟ ਵਜੋਂ ਇਸ ਚੈਂਪੀਅਨਸ਼ਿਪ ’ਚ ਉਤਰਿਆ ਅਤੇ ਲੰਡਨ ’ਚ ਤਗ਼ਮਾ ਜਿੱਤਣ ਵਾਲਾ ਪਹਿਲਾ ਰੂਸੀ ਅਥਲੀਟ ਬਣਿਆ। ਹੰਗਰੀ ਦੇ ਬਿਲਾਜਸ ਬੇਜੀ ਨੇ 13.28 ਸਕਿੰਟ ਦੇ ਸਮੇਂ ਨਾਲ ਕਾਂਸੀ ਦਾ ਤਗ਼ਮਾ ਆਪਣੇ ਨਾਂ ਕੀਤਾ। ਉੱਥੇ ਹੀ ਪੰਜ ਸਾਲ ਪਹਿਲਾਂ ਇੱਥੇ ਸੋਨ ਤਗ਼ਮਾ ਜਿੱਤਣ ਵਾਲੇ ਵਿਸ਼ਵ ਰਿਕਾਰਡਧਾਰੀ ਅਮਰੀਕਾ ਦੇ ਐਰਿਸ ਮੈਰਿਟ ਨੇ ਸ਼ੁਰੂਆਤ ਤਾਂ ਕਾਫੀ ਤੇਜ਼ ਕੀਤੀ, ਪਰ ਅੰਤ ’ਚ ਉਹ ਪਿੱਛੇ ਰਹਿ ਗਿਆ। ਮੇਰਿਟ 13.31 ਸਕਿੰਟ ਨਾਲ ਪੰਜਵੇਂ ਸਥਾਨ ’ਤੇ ਰਿਹਾ।
ਇਸ ਤੋਂ ਪਹਿਲਾਂ ਦੋ ਵਾਰ ਦੀ ਓਲੰਪਿਕ ਚੈਂਪੀਅਨ ਪੋਲੈਂਡ ਦੀ ਅਨੀਤਾ ਵਲੋਦਾਰਕਜਿਕ ਨੇ ਦਬਦਬਾ ਕਾਇਮ ਰਖਦਿਆਂ ਮਹਿਲਾਵਾਂ ਦੇ ਹੈਮਰ ਥਰੋਅ ’ਚ ਸੋਨ ਤਗ਼ਮਾ ਹਾਸਲ ਕੀਤਾ। 2012 ਤੇ 2016 ’ਚ ਹੋਈਆਂ ਓਲੰਪਿਕ ਖੇਡਾਂ ’ਚ ਸੋਨ ਤਗ਼ਮਾ ਜਿੱਤਣ ਵਾਲੀ ਅਨੀਤਾ ਨੇ ਆਪਣੇ ਉਸੇ ਪ੍ਰਦਰਸ਼ਨ ਨੂੰ ਬਰਕਰਾਰ ਰੱਖਿਆ ਤੇ ਸੋਨ ਤਗ਼ਮੇ ਨਾਲ ਤੀਜਾ ਵਿਸ਼ਵ ਖ਼ਿਤਾਬ ਆਪਣੇ ਨਾਂ ਕੀਤਾ। ਅਨੀਤਾ ਨੇ ਇੱਥੇ ਲੰਡਨ ਸਟੇਡੀਅਮ ’ਚ ਹੌਲੀ ਸ਼ੁਰੂਆਤ ਮਗਰੋਂ ਚੌਥੀ ਕੋਸ਼ਿਸ਼ ’ਚ 77.90 ਮੀਟਰ ਥਰੋਅ ਸੁੱਟ ਕੇ ਸੋਨ ਤਗ਼ਮਾ ਆਪਣੇ ਨਾਂ ਕੀਤਾ। ਚੀਨ ਦੀ ਝੇਂਗ ਵਾਂਗ ਨੇ 95.98 ਮੀਟਰ ਦੀ ਥਰੋਅ ਨਾਲ ਚਾਂਦੀ ਦਾ ਤਗ਼ਮਾ ਹਾਲ ਕੀਤਾ। ਵਾਂਗ ਦਾ ਇਹ ਪਹਿਲਾ ਵਿਸ਼ਵ ਖ਼ਿਤਾਬ ਹੈ। ਅਨੀਤਾ ਦੀ ਹਮਵਤਨ ਮੇਲਵਿਨਾ ਕੋਪਰਾਨ ਨੇ ਪਹਿਲੀ ਹੀ ਕੋਸ਼ਿਸ਼ ’ਚ 74.76 ਮੀਟਰ ਦੀ ਥਰੋਅ ਨਾਲ ਕਾਂਸੀ ਦਾ ਤਗ਼ਮਾ ਆਪਣੇ ਨਾਂ ਕੀਤਾ।