ਮੁੰਬਈ, 18 ਫਰਵਰੀ

ਬੌਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਲਈ ਨ੍ਰਿਤ (ਡਾਂਸ) ਇੱਕ ਅਧਿਆਤਮਕ ਤਜਰਬਾ ਹੈ। ਉਸ ਦਾ ਕਹਿਣਾ ਹੈ ਕਿ ਕਲਾ ਨੂੰ ਉਸ ਤੋਂ ਵੱਖ ਨਹੀਂ ਕੀਤਾ ਜਾ ਸਕਦਾ। 90ਵਿਆਂ ਵਿੱਚ ਡਾਂਸ ਰਾਹੀਂ ਹਿੰਦੀ ਫਿਲਮ ਸਨਅਤ ’ਤੇ ਰਾਜ ਕਰਨ ਵਾਲੀ ਮਾਧੁਰੀ ਆਪਣੇ ਹੁਨਰ ਨੂੰ ਲੈ ਕੇ ਕਦੀ ਹੰਕਾਰੀ ਨਹੀਂ ਹੋਈ। ਉਸ ਨੇ ਕਿਹਾ, ‘‘ਡਾਂਸ ਨੇ ਮੈਨੂੰ ਅਨੁਸ਼ਾਸਨ, ਧਿਆਨ ਕੇਂਦਰਿਤ ਕਰਨਾ ਅਤੇ ਇਮਾਨਦਾਰੀ ਸਿਖਾਈ ਹੈ। ਜਦੋਂ ਤੁਸੀਂ ਕਿਸੇ ਕੰਮ ਬਾਰੇ ਉਤਸ਼ਾਹਿਤ ਹੁੰਦੇ ਹੋ ਤਾਂ ਉਹ ਤੁਹਾਨੂੰ ਕੰਮ ਨਹੀਂ, ਮਜ਼ਾ ਲੱਗਦਾ ਹੈ। ਜੇ ਮੈਨੂੰ ਡਾਂਸ ਦਾ ਇੱਕ ਸਟੈੱਪ ਵੀਹ ਹਜ਼ਾਰ ਵਾਰ ਕਰਨਾ ਪਵੇ ਤਾਂ ਮੈਂ ਕਰਾਂਗੀ। ਮੇਰੇ ’ਚ ਹਉਮੈ ਨਹੀਂ ਹੈ। ਮੈਂ ਹਰ ਪਲ ਦਾ ਆਨੰਦ ਲੈਂਦੀ ਹਾਂ।’’ ਉਸ ਨੇ ਕਿਹਾ, ‘‘ਡਾਂਸ ਮੇਰੇ ਲਈ ਇੱਕ ਅਧਿਆਤਮਕ ਤਜਰਬਾ ਹੈ। ਇਸ ਨਾਲ ਮੈਂ ਕਲਾ ਅਤੇ ਕੁਦਰਤ ਦੇ ਨਜ਼ਦੀਕ ਮਹਿਸੂਸ ਕਰਦੀ ਹਾਂ। ਜਦੋਂ ਮੈਂ ਕੱਥਕ, ਲੋਕ ਨਾਚ, ਹਿਪ-ਹਾਪ ਜਾਂ ਕਿਸੇ ਵੀ ਤਰ੍ਹਾਂ ਦਾ ਨਾਚ ਕਰਦੀ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਮੈਂ ਉਸੇ ਸਭਿਆਚਾਰ ਦਾ ਹਿੱਸਾ ਹਾਂ।’’ ਮਾਧੁਰੀ 1988 ਵਿੱਚ ਫਿਲਮ ‘ਤੇਜ਼ਾਬ’ ਦੇ ਗੀਤ ‘ਏਕ ਦੋ ਤੀਨ’ ਤੋਂ ਮਸ਼ਹੂਰ ਹੋਈ ਸੀ। ਇਸ ਮਗਰੋਂ ਉਸ ਨੇ ਕਈ ਡਾਂਸ ਨੰਬਰਾਂ ਨਾਲ ਹਿੰਦੀ ਫਿਲਮ ਸਨਅਤ ’ਤੇ ਰਾਜ ਕੀਤਾ। ਇਨ੍ਹਾਂ ਵਿੱਚ ‘ਤੰਮਾ ਤੰਮਾ ਲੋਗੇ’, ‘ਧੱਕ ਧੱਕ ਕਰਨੇ ਲਗਾ’, ‘ਮੇਰਾ ਪੀਆ ਘਰ ਆਇਆ’, ‘ਡੋਲਾ ਰੇ ਡੋਲਾ’ ਅਤੇ ‘ਘਾਗਰਾ’ ਸ਼ਾਮਿਲ ਹਨ। ਉਸ ਨੇ ਕਿਹਾ, ‘‘ਤੁਸੀਂ ਡਾਂਸ ਨੂੰ ਮੇਰੇ ਤੋਂ ਵੱਖ ਨਹੀਂ ਕਰ ਸਕਦੇ। ਇਹ ਕੁਦਰਤੀ ਹੈ। ਇਹ ਲੋਕਾਂ ਦੇ ਚੱਲਣ ਅਤੇ ਗੱਲ ਕਰਨ ਦੇ ਤਰੀਕੇ ਵਿੱਚ ਹੈ। ਮੈਂ ਹਰ ਚੀਜ਼ ਵਿੱਚ ਡਾਂਸ ਦੇਖਦੀ ਹਾਂ।