ਮੁੰਬਈ, 18 ਦਸੰਬਰ

ਬੌਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਆਪਣੇ ਫ਼ਿਲਮੀ ਕਰੀਅਰ ਤੋਂ ਕਾਫ਼ੀ ਖੁਸ਼ ਹੈ ਤੇ ਉਹ ਆਪਣੇ ਆਪ ਨੂੰ ਖ਼ੁ਼ਸ਼ਕਿਸਮਤ ਸਮਝਦੀ ਹੈ। 2018 ਵਿੱਚ ਫ਼ਿਲਮ ‘ਕੇਦਾਰਨਾਥ’ ਨਾਲ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੀ ਸਾਰਾ ਨੂੰ ਹੁਣ ਤਕ ਅਭਿਸ਼ੇਕ ਕਪੂਰ, ਰੋਹਿਤ ਸ਼ੈਟੀ ਅਤੇ ਇਮਤਿਆਜ਼ ਅਲੀ ਵਰਗੇ ਦਿੱਗਜਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ਉਹ ਡੇਵਿਡ ਧਵਨ ਦੀ ਆਉਣ ਵਾਲੀ ਫ਼ਿਲਮ ‘ਕੁਲੀ ਨੰਬਰ 1’ ਵਿੱਚ ਵਰੁਣ ਧਵਨ ਨਾਲ ਕੰਮ ਕਰ ਕੇ ਇਸ ਸਾਲ ਨੂੰ ਅਲਵਿਦਾ ਆਖਣ ਲਈ ਤਿਆਰ ਹੈ। ਇਹ ਫ਼ਿਲਮ 1995 ਵਿੱਚ ਇਸੇ ਨਾਮ ਦੀ ਫ਼ਿਲਮ ਦਾ ਰੀਮੇਕ ਹੈ। ਉਸ ਫ਼ਿਲਮ ਵਿੱਚ ਗੋਵਿੰਦਾ ਅਤੇ ਕ੍ਰਿਸ਼ਮਾ ਕਪੂਰ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ। ਬੌਲੀਵੁੱਡ ਸਟਾਰ ਸੈਫ਼ ਅਲੀ ਖ਼ਾਨ ਅਤੇ ਅਮ੍ਰਿਤਾ ਸਿੰਘ ਦੀ ਧੀ ਸਾਰਾ ਅਲੀ ਖਾਨ ਦਾ ਕਹਿਣਾ ਹੈ ਕਿ ਉਹ ਆਪਣੇ ਆਪ ਨੂੰ ਖ਼ੁਸ਼ ਕਿਸਮਤ ਤੇ ਸਨਮਾਨਿਤ ਮਹਿਸੂਸ ਕਰਦੀ ਹੈ। ਉਸ ਨੇ ਕਿਹਾ ਕਿ ਉਹ ਵੱਖ ਵੱਖ ਤਰ੍ਹਾਂ ਦੀਆਂ ਫ਼ਿਲਮਾਂ ਬਣਾਉਣ ਵਾਲੇ ਗੁਣੀ ਨਿਰਦੇਸ਼ਕਾਂ ਨਾਲ ਕੰਮ ਕਰ ਕੇ ਆਪਣੇ ਆਪ ਨੂੰ ਕਿਸਮਤ ਵਾਲੀ ਸਮਝਦੀ ਹੈ। 25 ਸਾਲਾ ਅਦਾਕਾਰਾ ਨੇ ਕਿਹਾ ,‘ਮੈਂ ਸਭ ਦਾ ਧੰਨਵਾਦ ਕਰਦੀ ਹਾਂ। ਮੈਂ ਆਸ ਕਰਦੀ ਹਾਂ ਕਿ ਮੈਨੂੰ ਭਵਿੱਖ ਵਿੱਚ ਵੀ ਅਜਿਹੇ ਰਚਨਾਤਕ ਲੋਕਾਂ ਨਾਲ ਕੰਮ ਕਰਨ ਦਾ ਮੌਕਾ ਮਿਲੇਗਾ, ਜਿਨ੍ਹਾਂ ਨਾਲ ਮੈਂ ਹੁਣ ਕੰਮ ਕਰ ਰਹੀ ਹਾਂ। ‘ਕੁਲੀ ਨੰਬਰ 1’ ਤੋਂ ਬਾਅਦ ਉਹ ਅਕਸ਼ੈ ਕੁਮਾਰ ਅਤੇ ਧਨੁਸ਼ ਨਾਲ ਰੁਮਾਂਟਿਕ ਫਿਲਮ ‘ਅਤਰੰਗੀ ਰੇ’ ਵਿੱਚ ਨਜ਼ਰ ਆਵੇਗੀ।