ਨਵੀਂ ਦਿੱਲੀ:‘ਦਿਲ ਦੀਆਂ ਗੱਲਾਂ’ ਗੀਤ ਵਾਲੀ ਪ੍ਰਸਿੱਧ ਬੌਲੀਵੁੱਡ ਗਾਇਕਾ ਨੇਹਾ ਭਸੀਨ ਨੇ ਆਖਿਆ ਕਿ ਉਹ ਜ਼ਿੰਦਗੀ ’ਚ ਕਈ ਵਾਰ ਜਿਸਮਾਨੀ ਸ਼ੋਸ਼ਣ ਦਾ ਸ਼ਿਕਾਰ ਹੋਈ ਹੈ। ਇਹ ਖੁਲਾਸਾ ਉਸ ਨੇ ਖ਼ਬਰ ਏਜੰਸੀ ਆਈਏਐੱਨਐੱਸ ਨਾਲ ਇੱਕ ਇੰਟਰਵਿਊ ਦੌਰਾਨ ਕੀਤਾ ਹੈ। ਉਸ ਨੇ ਦੱਸਿਆ ਕਿ ਉਹ 10 ਸਾਲ ਦੀ ਉਮਰ ਵਿੱਚ ਹਰਿਦੁਆਰ ਗਈ ਸੀ, ਜਿਥੇ ਉਸ ਨਾਲ ਛੇੜਛਾੜ ਕੀਤੀ ਗਈ। ਉਸ ਨੇ ਆਖਿਆ,‘‘ ਹਰਿਦੁਆਰ ’ਚ ਅਚਾਨਕ ਇਕ ਵਿਅਕਤੀ ਆਇਆ ਤੇ ਉਸ ਨੇ ਮੇਰੇ ਨਾਲ ਛੇੜਛਾੜ ਕੀਤੀ, ਜਿਸ ਕਾਰਨ ਮੈਂ ਡਰ ਕੇ ਉਥੋਂ ਭੱਜ ਗਈ।’’ ਉਸ ਨੇ ਦੱਸਿਆ ਕਿ ਇਸ ਘਟਨਾ ਤੋਂ ਕਈ ਵਰ੍ਹੇ ਬਾਅਦ ਵੀ ਉਸ ਨਾਲ ਛੇੜਛਾੜ ਕੀਤੀ ਗਈ। ਉਸ ਨੇ ਆਖਿਆ ਕਿ ਇਹ ਘਟਨਾਵਾਂ ਉਸ ਨੂੰ (ਮੈਨੂੰ) ਚੰਗੀ ਤਰ੍ਹਾਂ ਯਾਦ ਹਨ। ਉਸ ਨੇ ਕਿਹਾ, ‘‘ਮੈਂ ਸੋਚਦੀ ਹਾਂ ਕਿ ਇਸ ਵਿੱਚ ਮੇਰੀ ਗ਼ਲਤੀ ਹੈ।’’ ਨੇਹਾ ਆਖਦੀ ਹੈ ਕਿ ਹੁਣ ਲੋਕ ਸੋਸ਼ਲ ਮੀਡੀਆ ’ਤੇ ਮਾਨਸਿਕ, ਸਰੀਰਕ, ਭਾਵਨਾਤਮਕ ਤੇ ਰੂਹਾਨੀ ਤੌਰ ’ਤੇ ਸ਼ੋਸ਼ਣ ਕਰਦੇ ਹਨ, ਜੋ ਚਿਹਰਾ-ਰਹਿਤ ਅਤਿਵਾਦ ਹੈ। ਉਸ ਨੇ ਸਾਈਬਰ ਹੱਲੇ ਬਾਰੇ ਆਖਿਆ ਕਿ ਉਸ ਨੂੰ ਮਸ਼ਹੂਰ ਕੇ-ਪੌਪ ਬੈਂਡ ਦੇ ਪ੍ਰਸ਼ੰਸਕਾਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਇਹ ਸਭ ਉਦੋਂ ਹੋਇਆ ਜਦੋਂ ਉਸ ਨੇ ਹੋਰਨਾਂ ਗਾਇਕਾਂ ਦੀ ਹਮਾਇਤ ’ਚ ਆਪਣੇ ਵਿਚਾਰ ਸਾਂਝੇ ਕੀਤੇ ਸਨ। ਨੇਹਾ ਨੇ ਕਿਹਾ, ‘‘ਮੈਂ ਸਿਰਫ਼ ਇਹ ਕਿਹਾ ਸੀ ਕਿ ਮੈਂ ਕਿਸੇ ਵਿਸ਼ੇਸ਼ ਬੈਂਡ ਦੀ ਪ੍ਰਸ਼ੰਸਕ ਨਹੀਂ ਹਾਂ। ਉਪਰੰਤ ਉਸ ਨੂੰ ਜਬਰ-ਜਨਾਹ ਅਤੇ ਜਾਨ ਤੋਂ ਮਾਰਨ ਜਿਹੀਆਂ ਧਮਕੀਆਂ ਮਿਲਣ ਲੱਗੀਆਂ। ਮੈਂ ਇਸ ਸਭ ਦੀ ਚਸ਼ਮਦੀਦ ਹਾਂ ਤੇ ਹੁਣ ਮੈਂ ਚੁੱਪ ਕਰਕੇ ਨਹੀਂ ਬੈਠ ਸਕਦੀ। ਮੈਂ ਪੁਲੀਸ ਕੋਲ ਸ਼ਿਕਾਇਤ ਵੀ ਕੀਤੀ ਸੀ।’’