ਨੀਲਿਮਾ ਸ਼ਰਮਾ

ਅਲਾਰਮ ਦੀ ਤੇਜ਼ ਆਵਾਜ਼ ’ਚ ਨਰਮ ਜਿਹੀ ਸ਼ੀਨਾ ਦਾ ਮਨ ਉੱਠਣ ਨੂੰ ਨਹੀਂ ਕਰਦਾ ਸੀ। ਉਸ ਨੇ ਅੱਧ-ਖੁੱਲ੍ਹੀਆਂ ਅੱਖਾਂ ਨਾਲ ਸਾਹਮਣੇ ਲੱਗੀ ਘੜੀ ਵੱਲ ਵੇਖਿਆ। ਉਹ ਇੱਕ ਘੰਟਾ ਸੁੱਤੀ ਰਹੀ ਸੀ। ਫਿਰ ਸਿਰਹਾਣੇ ਦਾ ਸਹਾਰਾ ਲੈ ਕੇ ਬੈਠ ਗਈ। ਪਾਰਦਰਸ਼ੀ ਪਰਦਿਆਂ ਤੋਂ ਪਰ੍ਹਾਂ ਮੀਂਹ ਦੀਆਂ ਆ ਰਹੀਆਂ ਤੇਜ਼ ਆਵਾਜ਼ਾਂ ਉਸ ਨੂੰ ਮੋਹ ਰਹੀਆਂ ਸਨ। ਉਸ ਨੂੰ ਮੀਂਹ ਦੀ ਰੁੱਤ ਬਹੁਤ ਪਸੰਦ ਹੈ। ਦੇਹਰਾਦੂਨ ਦੀ ਬਾਰਸ਼ ਵੀ ਕਿੰਨੀ ਸ਼ਾਂਤੀ ਭਰੀ ਹੁੰਦੀ ਹੈ। ਇਸ ਮੌਸਮ ਵਿੱਚ ਮਨ ਦਾ ਹਰ ਕੋਨਾ ਹਰਿਆ ਭਰਿਆ ਰਹਿੰਦਾ ਹੈ। ਛੋਟੀਆਂ ਛੋਟੀਆਂ ਬੂੰਦਾਂ ਦੀ ਲੜੀ ਪਹਾੜਾਂ ਨੂੰ ਛੂਹ ਕੇ ਜਦੋਂ ਠੰਢੀ ਠੰਢੀ ਹਵਾ ਨਾਲ ਘਰ ਦੇ ਵਿਹੜੇ ਵਿੱਚ ਡਿੱਗਦੀ ਹੈ ਤਾਂ ਮਨ ਦੀਆਂ ਤਰੰਗਾਂ ਸੱਤ ਸੁਰਾਂ ਵਿੱਚ ਵਜਣ ਲੱਗਦੀਆਂ ਹਨ। ਉਦਾਸ ਮਨ ਨੂੰ ਉਸ ਦੇ ਹਮਲੇ ਵਿੱਚ ਧਿਆਨ ਦਾ ਸੰਗੀਤ ਸੁਣਾਈ ਦਿੰਦਾ ਹੈ ਤਾਂ ਖ਼ੁਸ਼ ਮਨ ਦੇ ਪੈਰ ਖ਼ੁਸ਼ੀ ਵਿੱਚ ਨੱਚਣ ਲਈ ਬੇਚੈਨ ਹੋ ਜਾਂਦੇ ਹਨ। ਸ਼ੀਨਾ ਦੇ ਮਨ ਦਾ ਬੱਚਾ ਵੀ ਆਪਣੇ ਬਚਪਨ ਦੀਆਂ ਬਾਰਸ਼ਾਂ ਯਾਦ ਕਰ ਕੇ ਮੁਸਕੁਰਾ ਉੱਠਿਆ। ਉਸ ਨੇ ਅਲੈਕਸਾ ਨੂੰ ਬਾਰਸ਼ ਦੇ ਗੀਤ ਲਗਾਉਣ ਦਾ ਹੁਕਮ ਦਿੱਤਾ। ਫਿਰ ਅੰਗੜਾਈ ਲੈ ਕੇ ਡਬਲ ਚਾਦਰ ਨੂੰ ਇਕੱਠਾ ਕੀਤਾ ਅਤੇ ਆਪਣੀ ਨੌਕਰਾਣੀ ਕਮਲਾ ਨੂੰ ਆਵਾਜ਼ ਮਾਰੀ। ਕਮਲਾ ਉਸ ਸਮੇਂ ਸਾਰੇ ਗਿੱਲੇ ਕੱਪੜੇ ਵਿਹੜੇ ਵਿੱਚ ਸਟੈਂਡ ’ਤੇ ਸੁਕਣੇ ਪਾ ਰਹੀ ਸੀ। ਦੁਪਹਿਰ ਦੀ ਰੋਟੀ ਖਾ ਕੇ ਸ਼ੀਨਾ ਨੂੰ ਪਤਾ ਨਹੀਂ ਕਿਹੜੀ ਖ਼ੁਮਾਰੀ ਚੜ੍ਹੀ ਕਿ ਉਹ ਗੂੜ੍ਹੀ ਨੀਂਦ ਸੌਂ ਗਈ। ਦੁਪਹਿਰ ਦੀ ਇੱਕ ਘੰਟਾ ਨੀਂਦ ਵੀ ਥਕਾਵਟ ਉਤਾਰਨ ਲਈ ਕਾਫ਼ੀ ਹੁੰਦੀ ਹੈ ਪਰ ਅੱਜ ਜਾਗਣ ਤੋਂ ਬਾਅਦ ਕੁਝ ਅਜੀਬ ਜਿਹੇ ਪਰਛਾਵੇਂ ਮਨ ’ਤੇ ਉੱਤਰੇ ਸਨ। ਪਿਛਲੇ ਕਈ ਦਿਨਾਂ ਤੋਂ ਅਜੀਬ ਜਿਹੀ ਉਦਾਸੀ ਹਰ ਪਾਸੇ ਮਹਿਸੂਸ ਹੋ ਰਹੀ ਸੀ ਜਿਵੇਂ ਕੋਈ ਅਜੀਬ ਡਰਾਵਣਾ ਸੁਪਨਾ ਦੇਖਿਆ ਹੋਵੇ। ਬਾਰਸ਼ਾਂ ਦੇ ਮੌਸਮ ਵਿੱਚ ਖ਼ੁਸ਼ ਰਹਿਣ ਵਾਲੀ ਸ਼ੀਨਾ ਅੱਜ ਫਿਰ ਮੌਸਮ ਨੂੰ ਖਿੜਿਆ ਹੋਇਆ ਮਹਿਸੂਸ ਕਰਨਾ ਚਾਹੁੰਦੀ ਸੀ ਪਰ ਦਿਮਾਗ਼ ਵਿੱਚ ਜਿਵੇਂ ਧੁੰਦ ਨਾਲ ਭਰਿਆ ਜਿਹਾ ਮੌਸਮ ਵਰਗਾ ਕੁਝ ਸੀ ਜਿਹੜਾ ਉਸ ਨੂੰ ਘੇਰੀ ਬੈਠਾ ਸੀ।

ਸ਼ੀਨਾ ਬਿਸਤਰੇ ਵਿੱਚ ਅੱਖਾਂ ਬੰਦ ਕਰ ਕੇ ਧਿਆਨ ਲਗਾ ਕੇ ਬੈਠ ਗਈ। ਅੱਜ ਮੌਸਮ ਵੀ ਸ਼ਾਂਤ ਸੀ ਤਾਂ ਮਨ ਦੇ ਸਾਰੇ ਭਾਵਾਂ ਨੂੰ ਇੱਕ ਥਾਂ ਇੱਕਠੇ ਕਰ ਕੇ ਦਿਮਾਗ਼ ਵਿੱਚ ਖਿੰਡੇ ਪਰਛਾਵਿਆਂ ਨੂੰ ਇੱਕ ਅਕਸ ਬਣਾਉਣ ਦੀ ਕੋਸ਼ਿਸ਼ ਕਰਨ ਲੱਗੀ। ਬਚਪਨ ਵਿੱਚ ਅਕਸਰ ਉਸ ਨੂੰ ਅਜਿਹੇ ਸੁਪਨੇ ਆਉਂਦੇ ਰਹੇ ਸਨ ਜਿਨ੍ਹਾਂ ਵਿੱਚ ਕਾਲਾ ਧੂੰਆਂ ਦਿਸਦਾ ਜਿਹੜਾ ਫਿਰ ਇੱਕ ਸਾਇਆ ਬਣ ਕੇ ਉਸ ਦੇ ਇਰਦ-ਗਿਰਦ ਚਿੰਬੜ ਜਾਂਦਾ, ਫਿਰ ਉਸ ਦਾ ਦਮ ਘੁੱਟਣ ਲੱਗ ਪੈਂਦਾ। ਕਦੇ ਕਦੇ ਸ਼ੀਨਾ ਆਪਣੇ ਆਪ ਨੂੰ ਕਿਸੇ ਬੰਦ ਗੁਫ਼ਾ ਵਿੱਚ ਦੇਖਦੀ ਜਿੱਥੋਂ ਬਾਹਰ ਨਿਕਲਣ ਲਈ ਨਾਲੀ ਦੀ ਮੋਰੀ ਜਿੰਨੀ ਥਾਂ ਹੀ ਨਜ਼ਰ ਆਉਂਦੀ। ਅਚਾਨਕ ਗੁਫ਼ਾ ਦੀਆਂ ਦੀਵਾਰਾਂ ਪਾਰਦਰਸ਼ੀ ਹੋ ਜਾਂਦੀਆਂ, ਉਸ ਨੂੰ ਸਾਰੇ ਆਪਣੇ ਨਜ਼ਦੀਕੀ ਲੋਕ ਦਿਖਾਈ ਦਿੰਦੇ ਪਰ ਕੋਈ ਵੀ ਉਸ ਨੂੰ ਬਾਹਰ ਕੱਢਣ ਦਾ ਯਤਨ ਨਾ ਕਰਦਾ। ਸ਼ੀਨਾ ਜਦੋਂ ਸੁਪਨੇ ਵਿੱਚ ਰੋਂਦੀ ਰੋਂਦੀ ਸੌਂ ਜਾਂਦੀ ਤਾਂ ਅਚਾਨਕ ਕਿਧਰੋਂ ਪਾਪਾ ਆ ਕੇ ਪਿਆਰ ਨਾਲ ਗਲ ਲਾਈ ਦਿਖਾਈ ਦਿੰਦੇ।

ਅੱਜ ਵੀ ਉਸ ਨੇ ਅੱਖਾਂ ਬੰਦ ਕਰ ਕੇ ਆਗਿਆ ਚੱਕਰ ’ਤੇ ਧਿਆਨ ਕੇਂਦਰਿਤ ਕਰਨ ਦੀ ਕੋਸ਼ਿਸ਼ ਕੀਤੀ। ਪੰਜ ਵਾਰ ਬੜੇ ਡੂੰਘੇ ਸਾਹ, ਫਿਰ ਹੌਲੀ ਹੌਲੀ ਪੂਰੇ ਸਰੀਰ ਨੂੰ ਢਿੱਲਾ ਛਡਦਿਆਂ ਸਾਹ ਦੇ ਵੇਗ ਉੱਪਰ ਆਪਣੇ ਆਪ ਨੂੰ ਕੇਂਦਰਿਤ ਕਰਨਾ ਹੈ। ਫਿਰ ਇੱਕ ਅੱਖਰ ਦੇ ਬੀਜ ਮੰਤਰ ਦਾ ਇੱਕੀ ਵਾਰ ਜਾਪ ਕਰਦਿਆਂ ਆਪਣੇ ਆਪ ਨੂੰ ਕਿਸੇ ਨਦੀ ਕਿਨਾਰੇ ਆਰਾਮ ਨਾਲ ਬੈਠਿਆਂ ਮਹਿਸੂਸ ਕਰਨਾ ਹੈ ਅਤੇ ਫਿਰ ਸਾਹਮਣੇ ਨਦੀ ਵਿੱਚੋਂ ਉਸਦੇ ਵਿਚਾਰ ਵਹਿੰਦੇ ਦਿਸਣਗੇ, ਕਿਸੇ ਵੀ ਵਿਚਾਰ ਨੂੰ ਪਕੜ ਕੇ ਕੁਝ ਨਹੀਂ ਸੋਚਣਾ ਬਸ ਹੌਲੀ ਹੌਲੀ ਉਨ੍ਹਾਂ ਵਿਚਾਰਾਂ ਨਾਲ ਬੈਠੀ ਰਹਿਣਾ ਹੈ। ਵਿਚਾਰ ਆਸਮਾਨ ਵਿੱਚ ਉੱਠਦੇ ਬਦਲਾਂ ਵਾਂਗ ਲੁਕਣਮੀਟੀ ਖੇਡਦੇ ਰਹਿਣਗੇ ਪਰ ਉਨ੍ਹਾਂ ਨੂੰ ਵਰ੍ਹਦੇ ਉਡਦੇ ਜਾਣ ਦੇਣਾ ਹੈ ਅਤੇ ਇਕਾਂਤ ਵਿੱਚ ਰਹਿਣ ਦਾ ਹੀ ਧਿਆਨ ਹੋਵੇਗਾ।

ਉਸ ਨੂੰ ਜਾਪਿਆ ਜਿਵੇਂ ਅੱਜ ਉਸ ਦੇ ਦਿਲ ਦਿਮਾਗ਼ ਦਾ ਕੁਝ ਵੱਖਰਾ ਜਿਹਾ ਅਜੀਬ ਮੌਸਮ ਹੈ। ਅੱਜ ਧਿਆਨ ਵਿੱਚ ਰਾਤ ਦੇ ਸੁਪਨੇ ਦੀਆਂ ਟੁੱਟੀਆਂ ਲੜੀਆਂ ਨੂੰ ਸੋਚਦਿਆਂ ਉਸ ਨੇ ਜੋੜ ਕੇ ਵੇਖਿਆ ਤਾਂ ਉਸ ਸੁਪਨੇ ਵਿੱਚ ਕੋਈ ਵੱਡਾ ਸਾਰਾ ਜਾਨਵਰ ਆਉਂਦਾ ਦਿਸਿਆ ਜਿਹੜਾ ਉਸ ਨੂੰ ਝਪਟਾ ਮਾਰ ਕੇ ਖਾ ਜਾਣਾ ਚਾਹੁੰਦਾ ਹੋਵੇ। ਉਹ ਆਪਣੇ ਆਪ ਨੂੰ ਬਚਾਉਣ ਲਈ ਕਿਸੇ ਪਹਾੜ ਤੋਂ ਛਾਲ ਮਾਰ ਦਿੰਦੀ ਹੈ ਪਰ ਉਸ ਨੂੰ ਕੋਈ ਗੰਭੀਰ ਸੱਟ ਨਹੀਂ ਲੱਗਦੀ। ਉਹ ਜਾਨਵਰ ਵੀ ਉਸ ਦਾ ਪਿੱਛਾ ਕਰਦਿਆਂ ਪਹਾੜ ਤੋਂ ਛਾਲ ਮਾਰਦਾ ਹੈ। ਉਸ ਨੂੰ ਪਤਾ ਨਹੀਂ ਲੱਗਦਾ ਕਿ ਉਹ ਕਿੱਥੇ ਅਤੇ ਕਿੰਨੀ ਦੂਰ ਡਿੱਗਿਆ, ਉਸ ਦਾ ਕੀ ਹੋਇਆ। ਪਹਾੜ ਤੋਂ ਡਿੱਗਦਿਆਂ ਹੀ ਜਿਵੇਂ ਅਚਾਨਕ ਸ਼ੀਨਾ ਚਿੜੀ ਬਣ ਕੇ ਖੁੱਲ੍ਹੇ ਆਸਮਾਨ ਵਿੱਚ ਉੱਡਣ ਲੱਗਦੀ ਹੈ ਅਤੇ ਬਹੁਤ ਸ਼ੋਰ ਮਚਾਉਂਦੀ ਹੈ ਕਿ ਦੇਖੋ ਮੇਰੇ ਖੰਭ…। ਅਜਿਹਾ ਖ਼ਿਆਲ ਉਸ ਨੂੰ ਸੁਪਨੇ ਵਿੱਚ ਵੀ ਕਿਉਂ ਆਇਆ? ਇਹ ਕੀ ਹੈ? ਧਿਆਨ ਟੁੱਟ ਗਿਆ। ਸ਼ੀਨਾ ਨੇ ਘਬਰਾਹਟ ਵਿੱਚ ਅੱਖਾਂ ਖੋਲ੍ਹ ਕੇ ਹਰ ਪਾਸੇ ਵੇਖਿਆ। ਅੱਜ ਇਹ ਧਿਆਨ ਵਿੱਚ ਕਾਲਾ ਬੱਦਲ ਕਿਉਂ ਉੱਡਦਾ ਹੋਇਆ ਦਿਸ ਰਿਹਾ ਹੈ। ਅਜੀਬ ਚਿਹਰੇ ਉਸ ਦੇ ਧਿਆਨ ਵਿੱਚ ਵਿਘਨ ਪਾ ਰਹੇ ਸਨ। ਅੱਜ ਸ਼ੀਨਾ ਦੇ ਵਿਚਾਰ ਕਿਧਰੇ ਕੇਂਦਰਿਤ ਨਹੀਂ ਹੋ ਰਹੇ ਸਨ। ਉਸ ਨੇ ਕਾਹਲੀ ਨਾਲ ਗਿਲਾਸ ਚੁੱਕ ਕੇ ਇੱਕ ਘੁੱਟ ਪਾਣੀ ਪੀਤਾ। ਮੇਰੇ ਇਸ ਸੁਪਨੇ ਦਾ ਕੀ ਭੇਤ ਹੋਵੇਗਾ? ਕੀ ਆਪਣੀ ਟੈਰੋਕਾਰਡ ਰੀਡਰ ਮਿੱਤਰ ਜਿਉਤੀ ਨੂੰ ਫੋਨ ਕਰੇ? ਫਿਰ ਉਸ ਨੇ ਆਪਣੇ ਦਿਮਾਗ਼ ਨੂੰ ਝਟਕਿਆ ਅਤੇ ਸ਼ੀਸ਼ੇ ਵੱਲ ਦੇਖ ਕੇ ਮੁਸਕੁਰਾਈ- ਆਖ਼ਰ ਇਹ ਫ਼ਜ਼ੂਲ ਦੀਆਂ ਗੱਲਾਂ ਕਿਉਂ ਸੋਚ ਰਹੀ ਹੈਂ ਸ਼ੀਨਾ, ਸਭ ਮਨ ਦਾ ਵਹਿਮ ਹੈ ਬਸ।

ਉਸ ਨੇ ਕਮਲਾ ਨੂੰ ਚਾਹ ਬਣਾਉਣ ਲਈ ਆਵਾਜ਼ ਦਿੱਤੀ ਅਤੇ ਆਪਣਾ ਫੋਨ ਹੱਥਾਂ ਵਿੱਚ ਲੈ ਕੇ ਬਾਲਕਾਨੀ ਵਿੱਚ ਲੱਗੇ ਝੂਲੇ ’ਤੇ ਆ ਬੈਠੀ। ਦੇਹਰਾਦੂਨ ਵਿੱਚ ਉਸ ਦੇ ਸਹੁਰੇ ਨੇ ਕਈ ਸਾਲ ਪਹਿਲਾਂ ਬਸੰਤ ਵਿਹਾਰ ਵਿੱਚ ਇੱਕ ਕੋਠੀ ਬਣਾਈ ਸੀ। ਪਿਛਲੇ ਸਾਲ ਰਾਕੇਸ਼ ਨੇ ਉਸ ਨੂੰ ਬਿਲਡਰ ਫਲੋਰ ਵਿੱਚ ਬਦਲ ਦਿੱਤਾ ਸੀ। ਪਾਰਕ ਦੇ ਸਾਹਮਣੇ ਦਾ ਇਹ ਨਵਾਂ ਘਰ ਬਾਰਸ਼ਾਂ ਵਿੱਚ ਬੜਾ ਸੋਹਣਾ ਲੱਗਦਾ ਸੀ। ਘਰ ਦੇ ਸਾਹਮਣੇ ਹਰੀ ਘਾਹ ਦਾ ਜਿਵੇਂ ਬੁਗਿਆਲ ਜਿਹਾ ਵਿਛ ਜਾਂਦਾ ਸੀ। ਚਾਰੇ ਪਾਸਿਆਂ ਦੀ ਰੇਲਿੰਗ ਉੱਪਰ ਬੋਗਨਵਿਲੀਆ ਦੀਆਂ ਲੰਬੀਆਂ ਟਾਹਣੀਆਂ ਜ਼ਰਾ ਜਿੰਨੀ ਹਵਾ ਚਲਦਿਆਂ ਹੀ ਪਤਲੀਆਂ ਜਿਹੀਆਂ ਕੁੜੀਆਂ ਦੇ ਝੁੰਡ ਵਾਂਗ ਹਸਦੀਆਂ, ਝੂਮਦੀਆਂ ਜਾਪਦੀਆਂ। ਪਿਛਲੇ ਹੀ ਮਹੀਨੇ ਮਾਲੀ ਨੇ ਕਾਫ਼ੀ ਸਾਰੇ ਤੁਲਸੀ ਦੇ ਪੌਦੇ ਲਗਾਏ ਸਨ। ਗੁਲਮੋਹਰ, ਪਰੀਜਾਤ, ਕਨੇਰ ਤੇ ਕਟਹਲ, ਲੀਚੀ ਦੇ ਦਰਖ਼ਤ ਵੀ ਜਿਹੜੇ ਸਰਦੀਆਂ ਵਿੱਚ ਧੁੱਪ ਦਾ ਮਜ਼ਾ ਲੈਣ ਲਈ ਸਥਾਨਕ ਲੋਕਾਂ ਵੱਲੋਂ ਥੋੜ੍ਹੇ ਥੋੜ੍ਹੇ ਕੱਟ ਦਿਤੇ ਜਾਂਦੇ ਸਨ, ਅੱਜਕੱਲ੍ਹ ਜਵਾਨ ਹੋ ਕੇ ਬਾਰਸ਼ ਦੀ ਮਿੱਠੀ ਆਵਾਜ਼ ਵਿੱਚ ਝੂਮ ਰਹੇ ਸਨ।

ਚਾਹ ਪੀਂਦਿਆਂ ਪੀਂਦਿਆਂ ਸ਼ੀਨਾ ਨੇ ਵਟਸਐਪ ਦੇਖਣਾ ਸ਼ੁਰੂ ਕੀਤਾ। ਸਹੇਲੀਆਂ, ਦੋਸਤਾਂ, ਕਿੱਟੀ, ਸਹੁਰਿਆਂ ਦਾ ਗਰੁੱਪ ਦੇਖਣ ਤੋਂ ਬਾਅਦ ਉਸ ਨੇ ਪੇਕਾ ਗਰੁੱਪ ਖੋਲ੍ਹਿਆ। ਹੇ ਭਗਵਾਨ! ਅੱਜ ਅਠਾਰਾਂ ਸੁਨੇਹੇ। ਸਭ ਠੀਕ ਤਾਂ ਹੈ! ਸਵੇਰ ਦੇ ਸ਼ੁਭ ਸਵੇਰ ਵਾਲੇ ਸੁਨੇਹੇ ਤੋਂ ਇਲਾਵਾ ਕੋਈ ਖ਼ਾਸ ਗੱਲਬਾਤ ਹੋਵੇ ਤਾਂ ਉੱਥੇ ਗੱਲ ਹੁੰਦੀ ਸੀ, ਨਹੀਂ ਤਾਂ ਨਹੀਂ। ਕੋਈ ਖ਼ਾਸ ਖ਼ਬਰ ਦੇਣੀ ਹੁੰਦੀ ਤਾਂ ਸੁਧਾ ਭਾਬੀ ਉਸ ਵਿੱਚ ਲਿਖ ਦਿੰਦੀ ਸੀ। ਦੋਵੇਂ ਭੈਣਾਂ ਉਹ ਪੜ੍ਹ ਲੈਂਦੀਆਂ ਅਤੇ ਦੀਦੀ ਹੀ ਅਕਸਰ ਕੋਈ ਛੋਟਾ ਜਿਹਾ ਜਵਾਬ ਦਿੰਦੀ ਸੀ।

‘ਰੱਬ ਕਰੇ ਠੀਕ ਹੋ ਜਾਣ।’ ਦੀਦੀ ਦਾ ਇਹ ਸੁਨੇਹਾ ਪੜ੍ਹ ਕੇ ਧੜਕਣ ਵਧ ਗਈ। ਆਖ਼ਰ ਕੌਣ ਬਿਮਾਰ ਹੋ ਗਿਆ। ਉਸ ਨੇ ਸੁਨੇਹੇ ਅੱਗੇ ਖੋਲ੍ਹਣੇ ਸ਼ੁਰੂ ਕੀਤੇ। ਭਾਬੀ ਦਾ ਇੱਕ ਸੁਨੇਹਾ ਦੇਖ ਕੇ ਉਹ ਉੱਥੇ ਹੀ ਰੁਕ ਗਈ। ਅੱਖਾਂ ਜਿਵੇਂ ਪੱਥਰ ਹੋ ਗਈਆਂ।

‘‘ਖ਼ਜੂਰੀਆ ਅੰਕਲ ਨੂੰ ਬ੍ਰੇਨ ਹੈਮਰੇਜ ਹੋ ਗਿਆ ਹੈ। ਕੱਲ੍ਹ ਦੇ ਕੋਮਾ ਵਿੱਚ ਹਨ। ਜਿਉਣ ਦੀ ਉਮੀਦ ਘੱਟ ਹੀ ਹੈ।’’

ਉਸ ਨੇ ਇੱਕ ਮਿੰਟ ਵਿੱਚ ਹੀ ਘੱਟੋ-ਘੱਟ ਪੰਜਾਹ ਵਾਰ ਇਹ ਵਾਕ ਪੜ੍ਹਿਆ। ਲੰਬੇ ਗੋਰੇ ਚਿੱਟੇ ਖ਼ਜੂਰੀਆ ਅੰਕਲ ਦਾ ਚਿਹਰਾ ਉਸ ਦੀਆਂ ਅੱਖਾਂ ਸਾਹਮਣੇ ਆ ਗਿਆ।

ਖ਼ਜੂਰੀਆ ਅੰਕਲ ਅਤੇ ਉਸ ਦਾ ਬਚਪਨ ਕਦੇ ਅਲੱਗ ਹੋ ਹੀ ਨਹੀਂ ਸਕਦੇ। ਉਸ ਦੇ ਸਭ ਤੋਂ ਪਿਆਰੇ ਅੰਕਲ ਜੋ ਪਾਪਾ ਦੇ ਬੌਸ ਵੀ ਸਨ, ਕਿਸੇ ਨਾ ਕਿਸੇ ਬਹਾਨੇ ਉਨ੍ਹਾਂ ਦੇ ਘਰ ਆਉਣਾ ਜਾਣਾ ਰਹਿੰੰਦਾ ਸੀ।

‘‘ਦੀਦੀ, ਤੁਹਾਡੀ ਚਾਹ ਠੰਢੀ ਹੋ ਰਹੀ ਹੈ।’’ ਕਮਲਾ ਦੀ ਆਵਾਜ਼ ਉਸ ਨੂੰ ਵਾਪਸ ਵਰਤਮਾਨ ਵਿੱਚ ਲੈ ਆਈ।

‘‘ਉਹ ਹਾਂ, ਚਾਹ ਨਾਲ ਕੇਕ ਰਸ ਵੀ ਲੈ ਆ। ਅੱਜ ਚਾਹ ਫਿੱਕੀ ਜਿਹੀ ਲੱਗ ਰਹੀ ਹੈ ਅਤੇ ਨਾਲ ਉਹ ਮੇਥੀ ਵਾਲੀ ਮੱਠੀ ਵੀ ਲੈ ਆਈਂ।’’ ਕਮਲਾ ਹੈਰਾਨ ਸੀ। ਡਾਈਟ ਚਾਰਟ ਦਾ ਸਖ਼ਤੀ ਨਾਲ ਪਾਲਣ ਕਰਨ ਵਾਲੀ ਦੀਦੀ ਅੱਜ ਕੁਝ ਮਿੱਠਾ ਅਤੇ ਤਲਿਆ ਹੋਇਆ ਮੰਗ ਰਹੀ ਸੀ।

ਘਬਰਾਹਟ ਵਿੱਚ ਸ਼ੀਨਾ ਨੂੰ ਜ਼ਿਆਦਾ ਭੁੱਖ ਲੱਗਦੀ ਸੀ। ਕੁਝ ਵੀ ਮਿੱਠਾ, ਨਮਕੀਨ, ਫਿੱਕਾ ਰੱਖ ਦਿਉ, ਜਦੋਂ ਤੱਕ ਉਸ ਦੇ ਸਾਹਮਣਿਉਂ ਜ਼ਬਰਦਸਤੀ ਨਾ ਚੁੱਕੋ, ਉਹ ਲਗਾਤਾਰ ਖਾਂਦੀ ਹੀ ਰਹਿੰਦੀ ਸੀ। ਹੁਣ ਤਾਂ ਸਾਹਮਣੇ ਲੱਗੇ ਬੋਗਨਵਿਲੀਆ ਦੇ ਕੰਡੇ ਵੀ ਜਿਵੇਂ ਉਸ ਨੂੰ ਚੁਭਣ ਲਗੇ ਸਨ। ਖ਼ਜੂਰੀਆ ਅੰਕਲ ਠੀਕ ਤਾਂ ਹੋ ਜਾਣਗੇ ਨਾ, ਹੁਣ ਠੀਕ ਨਹੀਂ ਹੋ ਸਕਣਗੇ ਦੀ ਚਿੰਤਾ ਵਿੱਚ ਉਸ ਦੇ ਦਿਲ ਦੀ ਧੜਕਣ ਖਲਬਲੀ ਮਚਾ ਰਹੀ ਸੀ।

ਪਿਛਲੇ ਸਾਲ ਇਨ੍ਹਾਂ ਦਿਨਾਂ ਵਿੱਚ ਪੇਟ ਦਰਦ ਹੋਣ ਕਰ ਕੇ ਪਾਪਾ ਦੇ ਸਾਰੇ ਸਿਹਤ ਟੈਸਟ ਕਰਵਾਏ ਗਏ ਤਾਂ ਉਨ੍ਹਾਂ ਨੂੰ ਆਖ਼ਰੀ ਸਟੇਜ ਦਾ ਕੈਂਸਰ ਦੱਸਿਆ ਗਿਆ। ਪਾਪਾ ਕੋਲ ਬਹੁਤ ਘੱਟ ਸਮਾਂ ਬਚਿਆ, ਇਹ ਗੱਲ ਦਾ ਪਤਾ ਲਗਦੇ ਹੀ ਸਭ ਲਈ ਆਪਣੇ ਆਪ ਨੂੰ ਸੰਭਾਲਣਾ ਬਹੁਤ ਮੁਸ਼ਕਿਲ ਲੱਗ ਰਿਹਾ ਸੀ। ਮੰਮੀ-ਭਰਾ ਸਭ ਨੂੰ ਅੰਕਲ ਨੇ ਸੰਭਾਲਿਆ ਅਤੇ ਨਾਲ ਹੀ ਪਾਪਾ ਨਾਲ ਲਗਾਤਾਰ ਇੱਕੀ ਦਿਨ ਹਸਪਤਾਲ ਵਿੱਚ ਰਹੇ। ਭਰਾ ਤਾਂ ਪਾਪਾ ਨੂੰ ਉਸ ਹਾਲ ਵਿੱਚ ਦੇਖ ਕੇ ਨਰਵਸ ਅਤੇ ਰੋਣਹਾਕਾ ਹੋ ਰਿਹਾ ਸੀ। ਪਾਪਾ ਦਾ ‘ਮੈਨੂੰ ਆਖ਼ਰ ਹੋਇਆ ਕੀ ਹੈ?’ ਪੁੱਛਦੀਆਂ ਅੱਖਾਂ ਦਾ ਸਾਹਮਣਾ ਕਰਨ ਦੀ ਹਿੰਮਤ ਘਰ ਵਿੱਚ ਕਿਸੇ ’ਚ ਵੀ ਨਹੀਂ ਸੀ। ਅੰਕਲ ਹੀ ਪਾਪਾ ਨੂੰ ਕਦੇ ਚੁਟਕਲੇ ਸੁਣਾਕੇ, ਕਦੇ ਦਫ਼ਤਰ ਦੇ ਕਿੱਸੇ ਜਾਂ ਆਪਣੇ ਸਹੁਰਿਆਂ ਵਾਲਿਆਂ ਦੀਆਂ ਗੱਲਾਂ ਸੁਣਾ ਕੇ ਦਰਦ ਘੱਟ ਕਰਨ ਦੀ ਨਾਕਾਮ ਕੋਸ਼ਿਸ਼ ਕਰਦੇ ਰਹਿੰਦੇ। ਠੀਕ ਦਿਸਦੇ ਪਾਪਾ ਦੀ ਪਤਲੀ ਹੁੰਦੀ ਕਾਇਆ ਬਰਫ਼ ਦੀ ਤਰ੍ਹਾਂ ਤੇਜ਼ੀ ਨਾਲ ਪਾਣੀ ਬਣਦੀ ਜਾ ਰਹੀ ਸੀ। ਚਾਰ ਹਫ਼ਤਿਆਂ ਵਿੱਚ ਹੀ ਪਾਪਾ ਇਹ ਜਾਣਨ ਤੋਂ ਬਿਨਾਂ ਕਿ ਆਖ਼ਰ ਉਨ੍ਹਾਂ ਨੂੰ ਹੋਇਆ ਕੀ ਹੈ, ਅੰਤਿਮ ਯਾਤਰਾ ’ਤੇ ਚਲੇ ਗਏ ਸਨ। ਇਕੱਲਾਪਣ ਉਦੋਂ ਤੋਂ ਹੀ ਸਭ ਦੇ ਅੰਦਰ ਵੱਸ ਗਿਆ ਸੀ। ਸੋਲ੍ਹਵੇਂ ਦੀ ਰਸਮ ਤੋਂ ਬਾਅਦ ਸ਼ੀਨਾ ਆਪਣੇ ਘਰ ਮੁੜ ਆਈ ਸੀ। ਪੇਹਵਾ ਜਾਣ ਤੱਕ ਵੀ ਨਹੀਂ ਰੁਕ ਸਕੀ ਸੀ। ਇੰਨੇ ਦਿਨ ਅੱਥਰੂਆਂ ਦੀ ਬਾਰਸ਼ ਵਿੱਚ ਭਿੱਜੀ ਸ਼ੀਨਾ ਨੇ ਇੱਥੇ ਕਈ ਰਾਤਾਂ ਰਾਕੇਸ਼ ਦੇ ਮੋਢੇ ਉਪਰ ਸਿਰ ਰੱਖ ਕੇ ਸਿਸਕੀਆਂ ਭਰਦਿਆਂ ਗੁਜ਼ਾਰੀਆਂ ਸਨ।

ਘਰ ਦੇ ਮੁੱਖ ਦਰਵਾਜ਼ੇ ’ਤੇ ਕਾਰ ਦਾ ਹਾਰਨ ਰੁਕ ਰੁਕ ਕੇ ਵੱਜ ਰਿਹਾ ਸੀ। ਤੇਜ਼ ਬਾਰਸ਼ ਵਿੱਚ ਸੜਕਾਂ ’ਤੇ ਲੰਬੀ ਯਾਤਰਾ ਕਰਨਾ ਉਸ ਨੂੰ ਬਹੁਤ ਪਸੰਦ ਸੀ। ਸੈਲਾਕੂਈ ਜਾਂ ਰਿਸ਼ੀਕੇਸ਼ ਵੱਲ ਜਾਂਦਿਆਂ ਕਾਰ ਰੋਕ ਕੇ ਕਿਸੇ ਵੀ ਪਟੜੀ ਜਾਂ ਰੇਹੜੀ ਵਾਲੇ ਤੋਂ ਗਰਮ ਗਰਮ ਛੱਲੀ ਖਰੀਦ ਕੇ ਖਾਣਾ ਜਾਂ ਕਾਕੇ ਸਰਦਾਰ ਦੀ ਦੁਕਾਨ ਤੋਂ ਪਕੌੜੇ ਖਾਣ ਲਈ ਰਾਜਪੁਰ ਤੱਕ ਚਲੇ ਜਾਣਾ ਉਸ ਲਈ ਮਨੋਰੰਜਨ ਸੀ। ਉਸ ਦਾ ਮਨ ਇਕਦਮ ਤਰੋਤਾਜ਼ਾ ਹੋ ਜਾਂਦਾ। ਰਾਕੇਸ਼ ਦੇ ਹਾਰਨ ਮਾਰਨ ਦੇ ਤਰੀਕੇ ਤੋਂ ਉਹ ਸਮਝ ਗਈ ਸੀ ਕਿ ਉਸ ਨੂੰ ਇਸੇ ਲਈ ਬਾਹਰ ਬੁਲਾਇਆ ਜਾ ਰਿਹਾ ਹੈ।

ਉਸ ਦਾ ਸਿਰ ਦਰਦ ਨਾਲ ਭਾਰੀ ਹੋ ਗਿਆ ਸੀ। ਉਹ ਵੀ ਉਸ ਸੁਨੇਹੇ ਨੂੰ ਭੁੱਲਣਾ ਚਾਹੁੰਦੀ ਸੀ। ਇੱਕ ਬੇਚੈਨੀ ਉਸ ਦੇ ਅੰਦਰ ਵੀ ਭਰ ਗਈ ਸੀ। ਸ਼ਾਇਦ ਬਾਰਸ਼ ਦੀਆਂ ਬੂੰਦਾਂ ਉਸ ਨੂੰ ਕੋਈ ਆਰਾਮ ਦੇ ਸਕਣ, ਇਹ ਸੋਚ ਕੇ ਉਸ ਨੇ ਰਾਕੇਸ਼ ਨੂੰ ‘ਕੱਪੜੇ ਬਦਲ ਕੇ ਆਉਂਦੀ ਹਾਂ’ ਦਾ ਸੁਨੇਹਾ ਭੇਜ ਦਿੱਤਾ ਅਤੇ ਅਲਮਾਰੀ ਖੋਲ੍ਹ ਕੇ ਕੱਪੜੇ ਕੱਢਣ ਲੱਗ ਪਈ। ਅੱਜ ਉਸ ਨੇ ਨੀਲੀ ਚੈੱਕ ਸਕਰਟ ਕੱਢੀ ਜਿਹੜੀ ਰਾਕੇਸ਼ ਨੇ ਮੁੰਬਈ ਟੂਰ ਤੋਂ ਲਿਆਂਦੀ ਸੀ ਤੇ ਉਸ ਨੇ ‘ਮੈਂ ਇਹ ਸਕਰਟ ਕਿਵੇਂ ਪਾ ਸਕਦੀ ਹਾਂ?’ ਕਹਿ ਕੇ ਇੱਕ ਪਾਸੇ ਰੱਖ ਦਿੱਤੀ ਸੀ। ਉਸ ਦੇ ਨਾਲ ਅੱਜ ਗੁਲਾਬੀ ਸਲੀਵਲੈੱਸ ਟੌਪ ਪਾ ਲਿਆ ਸੀ। ਉਸ ਦੇ ਨਾਲ ਦਾ ਸ਼ਰਗ ਕੱਢ ਕੇ ਵੀ ਉਸ ਨੇ ਵਾਪਸ ਅਲਮਾਰੀ ਵਿੱਚ ਰੱਖ ਦਿਤਾ। ਫੋਨ ਪਰਸ ਵਿੱਚ ਰੱਖਦਿਆਂ ਰੱਖਦਿਆਂ ਉਸ ਨੂੰ ਸਾਈਲੈਂਟ ਕਰ ਦਿੱਤਾ ਅਤੇ ਫਿਰ ਬੈੱਡ ਦੇ ਸਾਈਡ ਟੇਬਲ ਉੱਤੇ ਰੱਖ ਦਿਤਾ। ਤਿਆਰ ਹੋ ਕੇ ਜਦੋਂ ਉਹ ਬਾਹਰ ਆਈ ਤਾਂ ਰਾਕੇਸ਼ ਗੰਭੀਰਤਾ ਨਾਲ ਫੋਨ ਉਪਰ ਕਿਸੇ ਨਾਲ ਕੋਈ ਗੱਲ ਕਰ ਰਿਹਾ ਸੀ ਪਰ ਉਸ ਨੂੰ ਖ਼ੁਸ਼ ਦੇਖ ਕੇ ਉਸ ਨੇ ਫੋਨ ਇਕਦਮ ਬੰਦ ਕਰ ਦਿੱਤਾ ਅਤੇ ਬੋਲਿਆ, ‘‘ਉਏ, ਅੱਜ ਤਾਂ ਗੁਲਾਬੋ ਬਣੀ ਹੋਈ ਐਂ, ਮੇਰੀ ਪਸੰਦ ਕੀਤੀ ਸਕਰਟ ਦੇ ਭਾਗ ਖੁੱਲ੍ਹ ਗਏ ਅੱਜ। ਇਹ ਕਾਤਲ ਮਾਡਰਨ ਲੁਕ… ਵਾਹ।’’

ਸ਼ੀਨਾ ਨੇ ਆਮ ਵਾਂਗ ਰਹਿਣ ਦੀ ਕੋਸ਼ਿਸ਼ ਕਰਦਿਆਂ ਕਿਹਾ, ‘‘ਹੁਣ ਗੁਲਾਬੋ ਇੰਝ ਹੀ ਕਤਲ ਕਰਦੀ ਰਿਹਾ ਕਰੇਗੀ, ਚਲੋ ਹੁਣ ਮੇਰੇ ਡਰਾਈਵਰ ਬਣ ਕੇ ਲੰਬੀ ਡਰਾਈਵ ’ਤੇ ਲੈ ਚਲੋ।’’ ਵੱਡਾ ਬਣਦੇ ਹੋਏ ਸ਼ੀਨਾ ਨੇ ਰਾਕੇਸ਼ ਦੀਆਂ ਅੱਖਾਂ ਵਿੱਚ ਦੇਖਿਆ।

‘‘ਜੋ ਹੁਕਮ ਮਹਾਰਾਣੀ ਪਟਿਆਲਾ,’’ ਕਹਿ ਕੇ ਰਾਕੇਸ਼ ਨੇ ਉਸ ਦਾ ਹੱਥ ਫੜ ਲਿਆ। ਨੀਲੀ ਕਾਰ ਨੇ ਕਦੋਂ ਰਫ਼ਤਾਰ ਚਾਲੀ ਤੋਂ ਸੌ ਫੜ ਲਈ, ਉਸ ਦੇ ਮਨ ਦੇ ਭਾਵਾਂ ਨੇ ਉਸ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ। ਉਹ ਆਪਣੇ ਭਰੇ ਭਟਕਦੇ ਉਦਾਸ ਮਨ ਨੂੰ ਛਲਾਵਾ ਦੇਣਾ ਚਾਹੁੰਦੀ ਸੀ।

ਅਗਲੀ ਸਵੇਰ ਨੀਂਦ ਫਿਰ ਦੇਰ ਨਾਲ ਖੁੱਲ੍ਹੀ। ਰਾਤ ਰੋਟੀ ਬਾਹਰੋਂ ਹੀ ਖਾ ਕੇ ਆਏ ਸਨ। ਰਸੋਈ ਵਿੱਚੋਂ ਕਮਲਾ ਦੇ ਕੰਮ ਕਰਨ ਦੀ ਕੁਝ ਆਵਾਜ਼ ਆ ਰਹੀ ਸੀ। ਸ਼ੀਨਾ ਨੇ ਰਿਮੋਟ ਚੁੱਕ ਕੇ ਏ.ਸੀ. ਬੰਦ ਕੀਤਾ, ਕਮਰਾ ਬਹੁਤ ਠੰਢਾ ਹੋ ਗਿਆ ਸੀ। ਰਾਕੇਸ਼ ਉਸ ਦੀ ਪਿੱਠ ਪਿੱਛੇ ਸੁੱਤਾ ਪਿਆ ਸੀ। ਸ਼ੀਨਾ ਨੇ ਬਾਰੀ ਤੋਂ ਪਰਦਾ ਹਟਾ ਕੇ ਮੌਸਮ ਦਾ ਜਾਇਜ਼ਾ ਲਿਆ। ਬਾਹਰ ਬਾਰਸ਼ ਦਾ ਪਰ ਹੁੰਮਸ ਭਰਿਆ ਮੌਸਮ ਸੀ। ਕਮਲਾ ਨੂੰ ਕੋਸਾ ਪਾਣੀ ਲੈ ਕੇ ਆਉਣ ਨੂੰ ਕਹਿ ਕੇ ਉਸ ਨੇ ਰੋਜ਼ ਦੀ ਆਦਤ ਅਨੁਸਾਰ ਆਪਣਾ ਫੋਨ ਚੁੱਕਿਆ ਅਤੇ ਰਾਕੇਸ਼ ਦਾ ਫੋਨ ਚਾਰਜਿੰਗ ਉੱਤੇ ਲਾ ਦਿੱਤਾ।

ਪੰਜ ਭਰਾ ਦੀਆਂ ਮਿਸ ਕਾਲਾਂ, ਤਿੰਨ ਦੀਦੀ ਦੀਆਂ, ਇੱਕ ਮਿਸ ਕਾਲ ਭਾਬੀ ਦੀ ਅਤੇ ਇੱਕ ਮਿਸ ਕਾਲ ਅੰਕਲ ਖ਼ਜੂਰੀਆ ਦੇ ਲੜਕੇ ਦੀ। ਕੱਲ੍ਹ ਸ਼ਾਮ ਉਸ ਨੇ ਫੋਨ ਸਾਈਲੈਂਟ ’ਤੇ ਕਰ ਦਿੱਤਾ ਸੀ ਅਤੇ ਵਾਪਸ ਆਵਾਜ਼ ’ਤੇ ਕਰਨਾ ਵੀ ਯਾਦ ਨਹੀਂ ਰਿਹਾ। ਭਰਾ ਨੇ ਰਾਤ ਦੋ ਵਜੇ ਸੁਨੇਹਾ ਛੱਡਿਆ ਸੀ- ‘‘ਸ਼ੀਨਾ ਕਿੱਥੇ ਐਂ ਭੈਣ? ਰਾਕੇਸ਼ ਦਾ ਫੋਨ ਵੀ ਬੰਦ ਆ ਰਿਹਾ ਹੈ, ਦੋਵੇਂ ਜਲਦੀ ਹੀ ਅੰਬਾਲਾ ਆ ਜਾਓ। ਖ਼ਜੂੁਰੀਆ ਅੰਕਲ ਦੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਹੈ। ਕਦੇ ਵੀ ਕੁਝ ਹੋ ਸਕਦਾ ਹੈ। ਤੈਨੂੰ ਧੀ ਮੰਨਦੇ ਰਹੇ ਹਨ। ਦੀਦੀ ਵੀ ਰਾਤ ਹੀ ਦਿੱਲੀ ਤੋਂ ਆ ਗਈ ਹੈ। ਪਾਪਾ ਤੋਂ ਬਾਅਦ ਉਹ ਹੀ ਤਾਂ ਸਾਡੇ ਲਈ ਸਰਪ੍ਰਸਤ ਰਹੇ ਹਨ।’’ ਸਵੇਰੇ ਛੇ ਵਜੇ ਇੱਕ ਸੁਨੇਹਾ ਸੀ- ‘‘ਖ਼ਜੂਰ ਅੰਕਲ ਨਹੀਂ ਰਹੇ।’’ ਉਸ ਨੇ ਬੱਚਿਆਂ ਵਾਂਗ ਵਾਰ ਵਾਰ ਪੜ੍ਹਿਆ- ‘‘ਖ਼ ਜੂ ਰ ਅੰ ਕ ਲ ਨਹੀਂ ਰਹੇ।’’

ਚੁੱਪਚਾਪ ਉੱਥੇ ਹੀ ਸੋਫ਼ੇ ’ਤੇ ਬੈਠ ਗਈ ਸੀ ਸ਼ੀਨਾ। ਅਚਾਨਕ ਬਚਪਨ ਤੋਂ ਸ਼ਾਦੀ ਤੱਕ ਦੀਆਂ ਸਾਰੀਆਂ ਤਸਵੀਰਾਂ ਯਾਦ ਆ ਗਈਆਂ ਜਿਨ੍ਹਾਂ ਵਿੱਚ ਖ਼ਜੂਰ ਅੰਕਲ ਕਿਧਰੇ ਨੇੜੇ ਤੇੜੇ ਸਨ। ਖ਼ਜੂਰ ਅੰਕਲ ਪਾਪਾ ਦੇ ਬੌਸ ਸਨ ਅਤੇ ਸਿੰਚਾਈ ਵਿਭਾਗ ਦੇ ਯਮੁਨਾ ਡਵੀਜ਼ਨ ਦੇ ਮੁੱਖ ਇੰਜੀਨੀਅਰ ਵੀ। ਪਾਪਾ ਸਿੰਚਾਈ ਵਿਭਾਗ ਵਿੱਚ ਇੰਜੀਨੀਅਰ ਸਨ। ਉਨ੍ਹਾਂ ਦੀ ਤਾਇਨਾਤੀ ਯਮੁਨਾਨਗਰ ਵਿਖੇ ਸੀ। ਯਮੁਨਾ ਕਾਲੋਨੀ ਵਿੱਚ ਉਨ੍ਹਾਂ ਨੂੰ ਤਿੰਨ ਕਮਰਿਆਂ ਵਾਲਾ ਵੱਡਾ ਸਾਰਾ ਮਕਾਨ ਮਿਲਿਆ ਹੋਇਆ ਸੀ। ਉਸ ਮਕਾਨ ਦੇ ਸਾਹਮਣੇ ਛੋਟਾ ਜਿਹਾ ਮੈਦਾਨ ਸੀ ਅਤੇ ਉਸ ਦੇ ਪਰਲੇ ਪਾਸੇ ਮੁੱਖ ਇੰਜੀਨੀਅਰ ਖ਼ਜੂਰੀਆ ਸਾਹਿਬ ਦੀ ਵੱਡੀ ਸਾਰੀ ਸਰਕਾਰੀ ਕੋਠੀ ਸੀ। ਪੰਜਾਬ ਤੋਂ ਬਾਹਰ ਦੋ ਪੰਜਾਬੀਆਂ ਦਾ ਮਿਲਣਾ ਰੌਣਕ ਲਾਉਣ ਵਾਸਤੇ ਬਹੁਤ ਹੁੰਦਾ ਹੈ ਤੇ ਉੱਤੋਂ ਜਦੋਂ ਦੋਵਾਂ ਨੂੰ ਖਾਣ-ਪੀਣ ਦਾ ਸ਼ੌਕ ਹੋਵੇ। ਦਫ਼ਤਰ ਵਿੱਚ ਅਧਿਕਾਰੀ ਖ਼ਜੂਰੀਆ ਅੰਕਲ ਸ਼ਾਮ ਹੁੰਦੇ ਹੀ ਪਾਪਾ ਦੇ ਲੰਗੋਟੀਆ ਯਾਰ ਬਣ ਜਾਂਦੇ। ਉਨ੍ਹਾਂ ਦੀ ਕੋਠੀ ਦੇ ਲਾਅਨ ’ਚ ਅਕਸਰ ਸ਼ਰਾਬ ਦੀ ਪਾਰਟੀ ਚਲਦੀ। ਖ਼ਜੂਰੀਆ ਆਂਟੀ ਸੂਖ਼ਮ ਕਿਸਮ ਦੀ ਪੰਜਾਬਣ ਸੀ। ਮਿੱਠੀਆਂ ਗੱਲਾਂ ਕਰ ਕੇ ਸਭ ਨੂੰ ਖ਼ੁਸ਼ ਰੱਖਦੀ ਸੀ। ਦਿਲ ਖੋਲ੍ਹ ਕੇ ਖਾਣਾ ਬਣਵਾਉਂਦੀ ਅਤੇ ਪਿਆਰ ਨਾਲ ਸਭ ਨੂੰ ਖੁਆਉਂਦੀ ਸੀ। ਉਸ ਦੇ ਗਹਿਣੇ, ਕੱਪੜੇ, ਭਾਂਡੇ ਸਭ ਛੋਟੇ ਵਰਗ ਦੇ ਹੋਣ ਦੀ ਪਹਿਚਾਣ ਹੁੰਦੇ ਸਨ। ਸਾਰੇ ਮਾਤਹਿਤਾਂ ਦੀਆਂ ਪਤਨੀਆਂ ਰਲ ਕੇ ਉਨ੍ਹਾਂ ਦੇ ਘਰ ਖਾਣਾ ਮਿਲ ਕੇ ਵਰਤਾਉਂਦੀਆਂ। ਆਪਣੀਆਂ ਕੰਮ ਵਾਲੀਆਂ ਤੋਂ ਲੈ ਕੇ ਮਾਸਟਰ ਰੋਲ ਉਪਰ ਰੱਖੇ ਸਾਰੇ ਡੇਲੀ ਵਰਕਰ ਤੱਕ ਦੀਆਂ ਚੁਗਲੀਆਂ ਕਰਦੀਆਂ। ਕਦੇ ਸੱਸ-ਨਨਾਣ ਸਹੁਰਿਆਂ ਦੀ ਬੁਰਾਈ ਅਤੇ ਪੇਕਿਆਂ ਤੋਂ ਆਏ ਸਾਮਾਨ ਦੀ ਬੇਹੱਦ ਵਡਿਆਈ। ਸਭ ਦੇ ਬੱਚੇ ਜਾਂ ਤਾਂ ਬਾਹਰ ਪਾਰਕ ਵਿੱਚ ਖੇਡਦੇ ਰਹਿੰਦੇ ਜਾਂ ਫਿਰ ਸਾਬ੍ਹ ਦੇ ਬੇਟੇ ਦੀ ਵੀਡੀਓ ਗੇਮ ਲਈ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਕਿ ਕਦੋਂ ਮਾਰੀਓ ਖੇਡਣ ਦਾ ਮੌਕਾ ਮਿਲੇਗਾ।

ਦੀਦੀ ਤਾਂ ਅਕਸਰ ਜਲਦੀ ਘਰ ਚਲੀ ਜਾਂਦੀ। ਉਸ ਨੂੰ ਪਾਰਟੀਆਂ ਵਿੱਚ ਜਾਣਾ ਪਸੰਦ ਨਹੀਂ ਸੀ। ਪੜ੍ਹਨ ਵਿੱਚ ਹੁਸ਼ਿਆਰ ਦੀਦੀ ਦਾ ਸਿਲੇਬਸ ਹੀ ਖ਼ਤਮ ਹੋਣ ਵਿੱਚ ਨਹੀਂ ਆਉਂਦਾ ਸੀ। ਭਰਾ ਅਕਸਰ ਵੀਡੀਓ ਗੇਮ ਵਿੱਚ ਚੀਟ ਕੋਡ ਲਾ ਕੇ ਦੇਰ ਤੱਕ ਖੇਡਦਾ ਅਤੇ ਬਾਕੀ ਕਿਸੇ ਦਾ ਵਾਰੀ ਨਾ ਆਉਂਦੀ। ਗੋਲੂ-ਮੋਲੂ ਜਿਹੀ ਸ਼ੀਨਾ ਪਾਪਾ ਤੋਂ ਮੰਮੀ ਕੋਲ ਤੇ ਫਿਰ ਭਰਾ ਕੋਲ ਠੁਮਕਦੀ ਘੁੰਮਦੀ ਰਹਿੰਦੀ। ਆਮ ਪੰਜਾਬੀ ਬੱਚਿਆਂ ਤੋਂ ਉਲਟ ਸ਼ੀਨਾ ਦੇ ਨੈਣ ਨਕਸ਼ ਤਿੱਖੇ ਸਨ, ਰੰਗ ਸਫ਼ੈਦ ਗੋਰਾ ਹੋ ਕੇ ਵੀ ਗੁਲਾਬੀ ਰੰਗਾ ਸੀ। ਸਾਰੇ ਉਸ ਨੂੰ ਕਸ਼ਮੀਰਨ ਕਹਿੰਦੇ ਸਨ। ਆਉਂਦੇ-ਜਾਂਦੇ ਉਸ ਦੇ ਸੁਨਹਿਰੀ ਵਾਲਾਂ ਨੂੰ ਉਲਝਾ ਦੇਣਾ ਜਾਂ ਉਸ ਦੀਆਂ ਗੱਲ੍ਹਾਂ ਖਿੱਚਣੀਆਂ ਸਾਰਿਆਂ ਦਾ ਪਿਆਰਾ ਸ਼ੁਗਲ ਸੀ। ਖ਼ਜੂਰ ਅੰਕਲ ਨਾਂ ਵੀ ਉਸ ਨੇ ਖ਼ਜੂਰੀਆ ਅੰਕਲ ਨੂੰ ਦਿੱਤਾ ਸੀ। ਅਕਸਰ ਉਨ੍ਹਾਂ ਦੀ ਸਰਕਾਰੀ ਜੀਪ ਵਿੱਚ ਸਾਰੇ ਬੱਚੇ ਘੁੰਮਣ ਜਾਂਦੇ ਸਨ। ਸਭ ਤੋਂ ਸੋਹਣੀ ਅਤੇ ਛੋਟੀ ਹੋਣ ਕਰਕੇ ਉਸ ਨੂੰ ਖ਼ਜੂਰ ਅੰਕਲ ਨਾਲ ਅੱਗੇ ਬੈਠਣ ਦਾ ਮੌਕਾ ਮਿਲਦਾ ਸੀ। ਬਾਕੀ ਸਾਰੇ ਜੀਪ ਦੇ ਪਿੱਛੇ ਬੈਠਦੇ ਸਨ। ਉਸ ਨੂੰ ਪਿੱਛੇ ਬੈਠਣ ਦਾ ਜਿੰਨਾ ਮਜ਼ਾ ਆਉਂਦਾ ਓਨਾ ਹੀ ਉਸ ਨੂੰ ਹਰ ਵਾਰ ਅੱਗੇ ਬੈਠਣਾ ਪੈਂਦਾ ਸੀ।

ਖ਼ਜੂਰ ਅੰਕਲ ਅਕਸਰ ਪਾਪਾ ਨੂੰ ਕਹਿੰਦੇ, ‘‘ਓਏ ਖੁਰਾਣੇ, ਇਸ ਕਸ਼ਮੀਰਨ ਨੂੰ ਤਾਂ ਮੈਂ ਹੀ ਚੁੱਕ ਕੇ ਲੈ ਜਾਣੈ, ਤੇਰੇ ਨਾਲ ਤਾਂ ਇਸ ਦੀ ਸੂਰਤ, ਸ਼ਕਲ, ਨਕਸ਼ ਵੀ ਨਹੀਂ ਮਿਲਦੇ। ਇਹ ਸਾਡੇ ਜੰਮੂ ਵਾਲਿਆਂ ਨਾਲ ਹੀ ਰਹੇਗੀ।’’

ਪਾਪਾ ਵੀ ਹੱਸ ਕੇ ਕਹਿੰਦੇ, ‘‘ਲੈ ਜਾਓ ਜੀ ਤੁਹਾਡੀ ਕੁੜੀ ਹੈ।’’ ਖ਼ਜੂਰ ਅੰਕਲ ਆਪਣੇ ਦੋਵਾਂ ਪੁੱਤਰਾਂ ਤੇ ਧੀ ਲਈ ਕੁਝ ਵੀ ਖਰੀਦ ਕੇ ਲਿਆਉਂਦੇ ਤਾਂ ਸ਼ੀਨਾ ਲਈ ਵੀ ਜ਼ਰੂਰ ਲਿਆਉਦੇ। ਭਰਾ ਅਤੇ ਦੀਦੀ ਕਈ ਵਾਰ ਚਿੜ ਜਾਂਦੇ ਅਤੇ ਅਕਸਰ ਕਹਿੰਦੇ, ‘‘ਜਾ ਨਾ ਉਨ੍ਹਾਂ ਦੇ ਘਰ ਹੀ ਰਹਿ, ਸਾਡੇ ਨਾਲ ਕਿਉਂ ਰਹਿੰਦੀ ਏਂ? ਉਨ੍ਹਾਂ ਦੀ ਧੀ ਬਣੀ ਹੋਈ ਏ ਨਾ।’’ ਸ਼ੀਨਾ ਦੇ ਦੋਵਾਂ ਹੱਥਾਂ ਵਿੱਚ ਲੱਡੂ ਸੀ, ਦੋਵੇਂ ਪਾਸਿਆਂ ਤੋਂ ਉਸ ਨੂੰ ਚੀਜ਼ਾਂ ਮਿਲਦੀਆਂ ਪਰ ਉਸ ਦਾ ਮਨ ਖ਼ੁਸ਼ ਨਹੀਂ ਸੀ ਹੁੰਦਾ।

ਖ਼ੈਰ! ਭਰਾ, ਦੀਦੀ ਅਤੇ ਖ਼ਜੂਰ ਅੰਕਲ ਦੇ ਲੜਕੇ ਹੁਣ ਬਰਾਈਟਲੈਂਡ ਸਕੂਲ ਵਿੱਚ ਜਾ ਚੁੱਕੇ ਸਨ। ਸਿਰਫ਼ ਉਨ੍ਹਾਂ ਦੀ ਗੁੱਡੀ ਅਤੇ ਸ਼ੀਨਾ ਹੀ ਅਜੇ ਜੂਨੀਅਰ ਹਾਈ ਸਕੂਲ ਵਿੰਗ ਵਿੱਚ ਹਨ। ਦੋਵਾਂ ਕੁੜੀਆਂ ਨੂੰ ਸਕੂਲ ਵਿੱਚ ਡਰਾਈਵਰ ਹੀ ਲੈਣ ਤੇ ਛੱਡਣ ਜਾਂਦਾ ਸੀ। ਕਦੇ ਕਦੇ ਖ਼ਜੂਰ ਅੰਕਲ ਆਪ ਵੀ ਲੈਣ ਆ ਜਾਂਦੇ ਸਨ ਅਤੇ ਦੋਵੇਂ ਲੜਕੀਆਂ ਨੂੰ ਸਿੱਧਾ ਆਪਣੀ ਕੋਠੀ ਲੈ ਜਾਂਦੇ। ਰੋਟੀ ਖੁਆ ਕੇ ਫਿਰ ਉਸ ਨੂੰ ਘਰ ਛੱਡਣ ਆਉਂਦੇ ਅਤੇ ਬਹੁਤ ਪਿਆਰ ਨਾਲ ਕਹਿੰਦੇ, ‘‘ਤੂੰ ਰੱਜ ਕੇ ਸੋਹਣੀ ਏਂ ਕੁੜੀਏ, ਵੱਡੀ ਕਦੋਂ ਹੋਵੇਂਗੀ?’’

‘‘ਖੁਰਾਣਾ ਯਾਰ, ਇੱਕ ਗੱਲ ਦੱਸ, ਇਸ ਕਸ਼ਮੀਰਨ ਨੂੰ ਕੀ ਖੁਆਂਦਾ ਹੈ ਭਰਾ? ਇਹ ਤਾਂ ਹਰ ਸਵੇਰ ਦੋ ਲੰਬੀ ਜਾਗਦੀ ਹੈ, ਕੱਲ੍ਹ ਸਕੂਲ ਤੋਂ ਲਿਆਇਆ ਤਾਂ ਇਸ ਦੀ ਸਕਰਟ ਗੋਡਿਆਂ ਤੋਂ ਥੱਲੇ ਸੀ, ਅੱਜ ਗੋਡਿਆਂ ਤੱਕ ਸੀ, ਕੱਲ ਤੱਕ ਤਾਂ ਹੋਰ ਛੋਟੀ ਹੋ ਜਾਵੇਗੀ।’’ ਤੇ ਖ਼ਜੂਰ ਅੰਕਲ ਤਾੜੀ ਮਾਰ ਕੇ ਹੱਸ ਪਏ। ਉਨ੍ਹਾਂ ਦੇ ਗਿਲਾਸ ਵਿੱਚ ਵਿਸਕੀ ਪਾਉਂਦਿਆਂ ਪਾਪਾ ਨੇ ਕਿਹਾ, ‘‘ਇਹ ਆਪਣੇ ਨਾਨਕਿਆਂ ’ਤੇ ਗਈ ਹੈ, ਸਭ ਗੋਰੇ-ਚਿੱਟੇ, ਲੰਬੇ-ਤਕੜੇ। ਮੇਰੀ ਵੁਹਟੀ ਨੂੰ ਨਹੀਂ ਵੇਖਿਆ, ਲਿਆਂਦੀ ਤਾਂ ਪੰਜਾਹ ਕਿਲੋ ਦੀ ਸੀ ਹੁਣ ਪੂਰੇ ਸੌ ਕਿਲੋ ਦੀ ਹੋ ਗਈ ਹੈ।’’

ਸ਼ੀਨਾ ਇਹ ਸਭ ਸੋਚ ਰਹੀ ਸੀ ਕਿ ‘‘ਸ਼ੀਨਾ, ਇੰਝ ਚੁੱਪ ਕਿਉਂ ਬੈਠੀ ਏਂ?’’ ਰਾਕੇਸ਼ ਨੇ ਚਾਹ ਵਾਲੀ ਟ੍ਰੇ ਸਾਹਮਣੇ ਮੇਜ਼ ’ਤੇ ਰੱਖ ਕੇ ਉਸ ਨੂੰ ਬਾਹਾਂ ਵਿੱਚ ਭਰ ਲਿਆ।

‘‘ਓ, ਤੁਸੀਂ ਕਦੋਂ ਜਾਗੇ।’’

‘‘ਜਦੋਂ ਮੇਰੀ ਗੁਲਾਬੋ ਨੇ ਮੇਰਾ ਮੱਥਾ ਚੁੰਮਿਆ ਸੀ।’’ ਚਾਹ ਦੀ ਪਹਿਲੀ ਘੁੱਟ ਭਰਦਿਆਂ ਅਚਾਨਕ ਰਾਕੇਸ਼ ਨੇ ਕਿਹਾ, ‘‘ਸ਼ੀਨਾ, ਅੰਜ ਅੰਬਾਲਾ ਚੱਲਦੇ ਹਾਂ। ਕੱਲ੍ਹ ਸ਼ਨੀਵਾਰ ਦੀ ਛੁੱਟੀ ਵੀ ਹੈ, ਅੱਜ ਦੀ ਛੁੱਟੀ ਆਰਾਮ ਨਾਲ ਮਿਲ ਜਾਵੇਗੀ ਅਤੇ ਅਸੀਂ ਕਾਫ਼ੀ ਸਮੇਂ ਦੇ ਗਏ ਵੀ ਨਹੀਂ ਹਾਂ।’’ ਉਸ ਨੇ ਟੇਢੀ ਨਜ਼ਰ ਨਾਲ ਦੇਖਿਆ, ‘‘ਰਾਕੇਸ਼ ਮੈਨੂੰ ਵਰਗਲਾ ਕੇ ਅੰਬਾਲਾ ਲਿਜਾਣਾ ਚਾਹੁੰਦੇ ਹਨ, ਉਹ ਸ਼ਾਇਦ ਨਹੀਂ ਜਾਣਦੇ ਕਿ ਮੈਂ ਜਾਣਦੀ ਹਾਂ, ਖ਼ਜੂਰ ਅੰਕਲ ਨਹੀਂ ਰਹੇ।’’

‘‘ਅਸੀਂ’’ ਕਹਿ ਕੇ ਉਸ ਨੇ ਕਮਲਾ ਨੂੰ ਨਾਸ਼ਤਾ ਬਣਾਉਣ ਲਈ ਕਿਹਾ ਅਤੇ ਭਾਬੀ ਨੂੰ ਸੁਨੇਹਾ ਭੇਜ ਦਿੱਤਾ, ‘‘ਭਾਬੀ, ਬਸ ਥੋੜ੍ਹੀ ਜਿਹੀ ਦੇਰ ਤੱਕ ਇੱਥੋਂ ਨਿਕਲਦੇ ਹਾਂ।’’ ਨਹਾਉਣ ਤੋਂ ਬਾਅਦ ਸ਼ੀਨਾ ਅਲਮਾਰੀ ਖੋਲ੍ਹ ਕੇ ਸੋਚ ਰਹੀ ਸੀ ਕਿ ਕਿਹੜੇ ਕੱਪੜੇ ਪਾਉਣ ਲਈ ਕੱਢੇ। ਪੰਜਾਬੀਆਂ ਦਾ ਇਹ ਅਜੀਬ ਹੀ ਪੰਗਾ ਹੁੰਦਾ ਹੈ, ਸੁੱਖ ਹੋਵੇ ਜਾਂ ਦੁੱਖ ਦੀ ਘੜੀ, ਉਹ ਸਭ ਤੋਂ ਪਹਿਲਾਂ ਦੇਖਦੇ ਹਨ ਕਿ ਉਨ੍ਹਾਂ ਦੇ ਘਰ ਆਉਣ ਵਾਲੇ ਲੋਕ ਕੀ ਪਾ ਕੇ ਆਏ ਹਨ, ਰੰਗ ਕਿਹੋ ਜਿਹਾ ਹੈ, ਕੱਪੜਾ ਕਿਹੋ ਜਿਹਾ ਹੈ, ਬਰਾਂਡ ਕਿੱਦਾਂ ਦਾ ਹੈ? ਫਿਰ ਉਸ ਤੋਂ ਬਾਅਦ ਅਫ਼ਸੋਸ ਆਦਿ ਕਰਨਗੇ। ਉਸ ਤੋਂ ਬਾਅਦ ਫਿਰ ਲੋਕ ਵੱਖਰੇ ਤੌਰ ’ਤੇ ਮੁਲਾਂਕਣ ਕਰਨਗੇ ਕਿ ਫਲਾਣੇ ਦੀ ਵੁਹਟੀ ਕਿਹੋ ਜਿਹੇ ਕੱਪੜੇ ਪਾ ਕੇ ਆਈ ਸੀ, ਢਿਮਕੇ ਦੀ ਜ਼ਨਾਨੀ ਕਿੰੰਨਾ ਸੋਹਣਾ ਸੂਟ ਪਾ ਕੇ ਆਈ ਸੀ। ਪੰਜਾਬਣਾਂ ਸਿਰਫ਼ ਵਿਆਹ ਸ਼ਾਦੀਆਂ ਲਈ ਵਧੀਆ ਕੱਪੜੇ ਨਹੀਂ ਬਣਵਾਉਦੀਆਂ ਸਗੋਂ ਕਿਸੇ ਦੇ ਮਰਨ ’ਤੇ ਵੀ ਜਾਣ ਲਈ ਜਲਦੀ ਨਾਲ ਸੂਫ਼ੀਆਨਾ ਜਿਹਾ ਸੂਟ ਬਣਵਾ ਲੈਂਦੀਆਂ ਹਨ। ਬਸ ਨਵੇਂ ਫ਼ੈਸ਼ਨ ਅਤੇ ਸਟਾਈਲ ਦਾ ਹੋਣਾ ਚਾਹੀਦਾ ਹੈ। ਆਖ਼ਰ ਬਰਾਦਰੀ ਦੇ ਚਾਰ ਲੋਕਾਂ ਵਿੱਚ ਜਾਣਾ ਹੈ।

ਉਸ ਨੇ ਵੈਸਟਰਨ ਕੱਪੜੇ ਜਾਂ ਤਾਂ ਹੋਸਟਲ ਵਿੱਚ ਰਹਿ ਕੇ ਪਾਏ ਸਨ ਜਾਂ ਫਿਰ ਵਿਆਹ ਤੋਂ ਬਾਅਦ। ਮਾਪਿਆਂ ਘਰ ਤਾਂ ਉਹ ਸਿਰਫ਼ ਦੁਪੱਟੇ ਵਾਲਾ ਸੂਟ ਪਾ ਕੇ ਸਿਮਟੀ ਜਿਹੀ ਰਹਿਣ ਵਾਲੀ ਕੁੜੀ ਸੀ। ਉਸ ਦੀਆਂ ਰਿਸ਼ਤਿਆਂ ’ਚੋਂ ਸਾਰੀਆਂ ਭੈਣਾਂ ਉਸ ਨੂੰ ‘ਭੈਣ ਜੀ’ ਦਾ ਖ਼ਿਤਾਬ ਦਿੰਦੀਆਂ ਸਨ ਕਿ ਪੂਰੀ ਚੁੰਨੀ ਖੋਲ੍ਹ ਕੇ ਸੂਟ ਪਾਉਂਦੀ ਹੈ। ਉਸ ਨੇ ਚਿਕਨ ਦਾ ਗੁਲਾਬੀ ਕੁੜਤਾ ਸਫ਼ੈਦ ਲੈਗਿੰਗ ਨਾਲ ਪਾ ਲਿਆ ਅਤੇ ਛੋਟੀ ਜਿਹੀ ਬਿੰਦੀ ਲਾ ਕੇ ਵਾਲਾਂ ਨੂੰ ਰਬੜ ਪਾ ਕੇ ਜਦੋਂ ਉਹ ਨਾਸ਼ਤਾ ਕਰਨ ਆਈ ਤਾਂ ਰਾਕੇਸ਼ ਨੇ ਹੈਰਾਨੀ ਨਾਲ ਦੇਖਿਆ, ‘‘ਸ਼ੀਨਾ, ਕੀ ਤੂੰ ਜਾਣਦੀ ਏਂ ਕਿ ਅਸੀਂ ਅੰਬਾਲਾ ਕਿਉਂ ਜਾ ਰਹੇ ਹਾਂ?’’

‘‘ਹਾਂ, ਮੈਂ ਜਾਣਦੀ ਹਾਂ, ਭਾਬੀ ਦਾ ਵਟਸਐਪ ’ਤੇ ਸੁਨੇਹਾ ਆ ਗਿਆ ਹੈ।’’

‘‘ਤੇ ਜਦੋਂ ਜਾਣਦੀ ਏਂ ਤਾਂ ਕੱਪੜੇ ਵੀ ਉਸੇ ਹਿਸਾਬ ਸਿਰ ਪਾਉ।’’

ਸ਼ੀਨਾ ਚੁੱਪਚਾਪ ਬੈਠੀ ਨਾਸ਼ਤਾ ਕਰਦੀ ਰਹੀ। ‘‘ਅੱਜ ਤੱਕ ਤੂੰ ਬਿਨਾਂ ਦੁਪੱਟੇ ਕਦੇ ਕੋਈ ਸੂਟ ਕਿਸੇ ਵਿਆਹ ਵਿੱਚ ਵੀ ਨਹੀਂ ਪਾ ਕੇ ਗਈ ਪਰ ਅੱਜ ਤਾਂ …ਜਾਣਦੀ ਏਂ ਨਾ, ਸਾਰੀ ਬਿਰਾਦਰੀ ਉੱਥੇ ਹੀ ਹੋਵੇਗੀ।’’ ਹੁਣ ਸ਼ੀਨਾ ਨੇ ਜਵਾਲਾਮੁਖੀ ਵਾਲੀ ਅੱਖ ਨਾਲ ਰਾਕੇਸ਼ ਨੂੰ ਦੇਖਿਆ, ‘‘ਮੈਨੂੰ ਪਤੈ।’’

‘‘ਪਤਾ ਹੈ ਤਾਂ… ਤਾਂ ਸਮਝ ਕਿਉਂ ਨਹੀਂ ਰਹੀ ਯਾਰ? ਅਕਲ ਕਿਉਂ ਨਹੀਂ ਹੈ ਤੈਨੂੰ?’’ ਅਚਾਨਕ ਰਾਕੇਸ਼ ਦੇੇ ਅੰਦਰ ਦਾ ਪੰਜਾਬੀ ਮਰਦ ਬਾਹਰ ਆ ਗਿਆ। ਸ਼ੀਨਾ ਆਪਣੀ ਨਾਸ਼ਤੇ ਦੀ ਪਲੇਟ ਉੱਥੇ ਹੀ ਛੱਡ ਆਪਣਾ ਬੈਗ ਚੁੱਕ ਕਾਰ ਵਿੱਚ ਜਾ ਬੈਠੀ। ‘‘ਭਰਾ ਅਤੇ ਮੰਮੀ ਹੀ ਇਸ ਨੂੰ ਅਕਲ ਸਿਖਾਉਣਗੇ।’’ ਝੁੰਜਲਾਉਂਦਾ ਰਾਕੇਸ਼ ਵੀ ਕਾਰ ਵਿੱਚ ਆ ਬੈਠਾ। ਸਾਰੇ ਰਾਹ ਚੁੱਪ ਹੀ ਰਿਹਾ। ਐਮ.ਐਫ ਉੱਪਰ ਗ਼ਜ਼ਲ ਚੱਲ ਰਹੀ ਸੀ- ‘ਸੁਨਾ ਹੋਗਾ ਤੁਮ ਨੇ ਦਰਦ ਕੀ ਭੀ ਏਕ ਹੱਦ ਹੋਤੀ ਹੈ, ਮਿਲੋ ਹਮਸੇ ਹਮ ਅਕਸਰ ਉਸ ਕੇ ਪਾਰ ਜਾਤੇ ਹੈ…।’ ਕਾਰ ਤੋਂ ਬਾਹਰ ਬਾਰਸ਼ ਨੂੰ ਦੇਖਦੀ ਸ਼ੀਨਾ ਦੀਆਂ ਅੱਖਾਂ ਵਾਰ ਵਾਰ ਨਮ ਹੋ ਰਹੀਆਂ ਸਨ। ਅਜੇ ਸਾਲ ਪਹਿਲਾਂ ਹੀ ਪਾਪਾ ਜੀ ਚਲੇ ਗਏ, ਹੁਣ ਖ਼ਜੂਰ ਅੰਕਲ… ਸ਼ਾਇਦ ਇਸੇ ਕਰਕੇ ਸ਼ੀਨਾ ਪ੍ਰੇਸ਼ਾਨ ਹੈ। ਇਹ ਸੋਚ ਕੇ ਰਾਕੇਸ਼ ਵਿੱਚ ਗੁੱਸਾ ਭਰ ਰਿਹਾ ਸੀ ਕਿ ਉਹ ਜ਼ੋਰ ਨਾਲ ਸ਼ੀਨਾ ਨੂੰ ਬੋਲਿਆ, ‘‘ਪਰ ਇਸ ਨੂੰ ਵੀ ਕੀ ਹੋਇਆ, ਮੌਕਾ ਦੇਖ ਕੇ ਤਾਂ ਕੱਪੜੇ ਪਾਉਣੇ ਚਾਹੀਦੇ ਹਨ।’’

ਅੰਬਾਲਾ ਵਿੱਚ ਸਾਰੇ ਘਰ ਹੀ ਸਨ। ਮੰਮੀ ਅਤੇ ਭਰਾ ਥੋੜ੍ਹੀ ਦੇਰ ਪਹਿਲਾਂ ਹੀ ਉਨ੍ਹਾਂ ਦੇ ਘਰੋਂ ਵਾਪਸ ਆਏ ਸਨ। ਸ਼ੀਨਾ ਨੂੰ ਦੇਖ ਕੇ ਮੰਮੀ ਨੇ ਗਲੇ ਲਗਾ ਲਿਆ। ਪਾਪਾ ਦੇ ਜਾਣ ਤੋਂ ਬਾਅਦ ਸ਼ੀਨਾ ਦੂਸਰੀ ਵਾਰ ਉਸ ਘਰ ਵਿੱਚ ਆਈ ਸੀ। ਮੰਮੀ ਦੇ ਗਲ ਲੱਗਦੇ ਹੀ ਉਸ ਦੇ ਅੱਥਰੂ ਨਿਕਲ ਪਏ।

‘‘ਸ਼ੀਨਾ, ਦੋਵੇਂ ਪੱਕੇ ਯਾਰ ਸਨ, ਭਰਾਵਾਂ ਵਰਗੇ, ਤੇਰੇ ਪਾਪਾ ਨੇ ਉਸ ਨੂੰ ਵੀ ਆਪਣੇ ਕੋਲ ਬੁਲਾ ਲਿਆ। ਦੁਖੀ ਨਾ ਹੋ ਬੇਟਾ। ਲੱਗਦੈ ਜਿਵੇਂ ਬੈਠੀ ਸੀ, ਉਨ੍ਹਾਂ ਕੱਪੜਿਆਂ ਵਿੱਚ ਆ ਗਈ ਏਂ, ਚਾਹ ਪੀ ਲੈ। ਫਿਰ ਜਾਓ ਕੱਪੜੇ ਬਦਲ ਲਓ। ਉਸ ਤੋਂ ਬਾਅਦ ਉਨ੍ਹਾਂ ਦੇ ਘਰ ਚਲਦੇ ਹਾਂ। ਸ਼ਾਮ ਤਿੰਨ ਵਜੇ ਸਸਕਾਰ ਹੋਣਾ ਹੈ, ਉਦੋਂ ਤੱਕ ਉਨ੍ਹਾਂ ਦੀ ਧੀ ਗੁੱਡੀ ਵੀ ਮੁੰਬਈ ਤੋਂ ਆ ਜਾਵੇਗੀ।’’ ਮੰਮੀ ਨੇ ਸਿਰ ਤੇ ਹੱਥ ਫੇਰਦਿਆਂ ਕਿਹਾ।

‘‘ਠੀਕ ਤਾਂ ਹਨ ਮੇਰੇ ਕੱਪੜੇ।’’ ਸ਼ੀਨਾ ਹੌਲੀ ਜਿਹੀ ਬੋਲੀ। ‘‘ਸ਼ੀਨਾ, ਜਾਓ ਕੱਪੜੇ ਬਦਲ ਕੇ ਆਓ।’’ ਭਰਾ ਨੇ ਉਸ ਨੂੰ ਜ਼ਿੱਦ ਕਰਦਿਆਂ ਦੇਖ ਕੇ ਜ਼ੋਰਦਾਰ ਆਵਾਜ਼ ਵਿੱਚ ਕਿਹਾ।

‘‘ਇਹ ਫ਼ੈਸ਼ਨ ਦੇ ਕੱਪੜੇ ਆਪਣੇ ਸਹੁਰੇ ਘਰ ਪਾਓ, ਅੱਜ ਕੋਈ ਕਾਲਜ ਦਾ ਫੰਕਸ਼ਨ ਨਹੀਂ ਹੈ ਜਿੱਥੇ ਸਹੇਲੀਆਂ ਨਾਲ ਜਾਣਾ ਹੈ। ਇੱਥੇ ਮੌਕੇ ਅਤੇ ਬਿਰਾਦਰੀ ਦੇ ਅਨੁਸਾਰ ਕੱਪੜੇ ਪਾਓ। ਦਿਮਾਗ਼ ਹੀ ਖ਼ਰਾਬ ਹੋ ਗਿਆ ਹੈ ਇਸ ਕੁੜੀ ਦਾ ਵਿਆਹ ਤੋਂ ਬਾਅਦ…।’’

‘‘ਹਾਂ, ਹਾਂ,ਹਾਂ, ਮੈਂ ਇਹੀ ਕੱਪੜੇ ਪਾਉਣੇ ਹਨ ਕਿਉਂਕਿ ਮੈਨੂੰ ਕੋਈ ਅਫ਼ਸੋਸ ਨਹੀਂ ਹੈ ਖ਼ਜੂਰ ਅੰਕਲ ਦੇ ਮਰਨ ਦਾ। ਚੰਗਾ ਹੋਇਆ ਜੋ ਮਰ ਗਏ। ਮੈਂ ਅੱਜ ਸਿਰਫ਼ ਉਸ ਦੀ ਮੌਤ ਦਾ ਮੇਲਾ ਦੇਖਣ ਜਾਣਾ ਚਾਹੁੰਦੀ ਹਾਂ ਕਿ ਉਹ ਇਨਸਾਨ ਮਰਿਆ ਹੋਇਆ ਕਿਸ ਤਰ੍ਹਾਂ ਦਾ ਲੱਗਦਾ ਹੈ। ਮੇਰੀ ਤਾਂ ਸਾਲਾਂ ਦੀ ਮੁਰਾਦ ਅੱਜ ਪੂਰੀ ਹੋਈ ਹੈ …’’ ਸ਼ੀਨਾ ਦੀਆਂ ਅੱਖਾਂ ਵਿੱਚੋਂ ਅੱਗ ਨਿਕਲ ਰਹੀ ਸੀ। ਸ਼ਬਦ ਅੰਗਾਰੇ ਬਣ ਕੇ ਸਭ ਉਪਰ ਡਿੱਗ ਰਹੇ ਸਨ। ਹਰ ਕੋਈ ਹੈਰਾਨ ਰਹਿ ਗਿਆ ਸੀ। ਇੰਝ ਕਿਉਂ ਬੋਲ ਰਹੀ ਹੈ ਇਹ ਕੁੜੀ। ਸ਼ਾਇਦ ਪਿਤਾ ਤੋਂ ਬਾਅਦ ਖ਼ਜੂਰ ਅੰਕਲ ਦਾ ਵਿਛੋੜਾ ਸਹਿ ਨਹੀਂ ਰਹੀ ਹੈ। ਆਖ਼ਰ ਆਪਣੀ ਧੀ ਬਣਾ ਕੇ ਰੱਖਿਆ ਸੀ ਉਸ ਨੇ। ਚੀਕ ਮਾਰ ਕੇ ਸ਼ੀਨਾ ਰੋਣ ਲੱਗ ਪਈ ਅਤੇ ਦੂਜੇ ਕਮਰੇ ਵਿੱਚ ਚਲੀ ਗਈ। ਰਾਕੇਸ਼ ਹੈਰਾਨ ਰਹਿ ਗਿਆ ਸੀ। ਸ਼ੀਨਾ ਦਾ ਅਜਿਹਾ ਰੂਪ ਉਸ ਨੇ ਕਦੇ ਵੀ ਨਹੀਂ ਸੀ ਵੇਖਿਆ। ਮੌਤ ਦਾ ਮੇਲਾ ਦੇਖਣ ਜਾਣਾ ਹੈ ਇਸ ਨੇ, ਉਹ ਵੀ ਉਸ ਆਦਮੀ ਦੀ ਜਿਸ ਨੇ ਸਾਰੀ ਉਮਰ ਇਸ ਨੂੰ ਧੀ ਬਣਾ ਕੇ ਰੱਖਿਆ, ਪਾਗ਼ਲ ਹੋ ਗਈ ਹੈ ਇਹ, ਬੜੀ ਮੁਸ਼ਕਲ ਨਾਲ ਇਸ ਨੂੰ ਪਾਪਾ ਜੀ ਦੀ ਮੌਤ ਤੋਂ ਬਾਅਦ ਸੰਭਾਲਿਆ ਸੀ। ਰਾਕੇਸ਼ ਹੱਥ ਵਿੱਚ ਫੜਿਆ ਜੂਸ ਦਾ ਗਿਲਾਸ ਉੱਥੇ ਹੀ ਰੱਖ ਕੇ ਸ਼ੀਨਾ ਦੇ ਪਿੱਛੇ ਕਮਰੇ ਵਿੱਚ ਆ ਗਿਆ।

ਸ਼ੀਨਾ ਗੋਡਿਆਂ ਵਿੱਚ ਸਿਰ ਦੇ ਕੇ ਹਟਕੋਰੇ ਲੈਦਿਆਂ ਰੋ ਰਹੀ ਸੀ, ਉਸ ਦੀਆਂ ਹਿਚਕੀਆਂ ਦੇਖ ਕੇ ਰਾਕੇਸ਼ ਪਸੀਜ ਗਿਆ। ਮੰਮੀ, ਭਾਬੀ ਅਤੇ ਦੀਦੀ ਵੀ ਕਮਰੇ ਵਿੱਚ ਆ ਗਈਆਂ ਸਨ। ‘‘ਸ਼ੀਨਾ, ਬੱਚੀ ਤੂੰ ਇਸ ਤਰ੍ਹਾਂ ਦੀ ਨਹੀਂ ਏਂ, ਇੰਝ ਕਿਉਂ ਬੋਲ ਰਹੀ ਸੀ ਤੂੰ? ਪਾਪਾ ਨੂੰ ਅੱਜ ਵੀ ਯਾਦ ਕਰਦੀ ਏਂ, ਇਹ ਵੀ ਪਾਪਾ ਸਮਾਨ ਹਨ। ਤੂੰ ਸ਼ਾਇਦ ਪਾਪਾ ਤੋਂ ਬਾਅਦ ਉਸ ਦਾ ਇਸ ਤਰ੍ਹਾਂ ਜਾਣਾ ਬਰਦਾਸ਼ਤ ਨਹੀਂ ਕਰ ਰਹੀ। ਰੱਬ ਅੱਗੇ ਕਿਸੇ ਦੀ ਚੱਲੀ ਹੈ? ਇਸ ਤਰ੍ਹਾਂ ਦੇ ਸ਼ਬਦ ਬੋਲੇਂਗੀ ਤਾਂ ਲੋਕ ਤਾਂ ਗੱਲਾਂ ਕਰਨਗੇ ਹੀ ਅਤੇ ਉਸ ਦੀ ਆਤਮਾ ਵੀ ਦੁਖੀ ਹੋਵੇਗੀ ਕਿ ਕੀ ਮੇਰੇ ਮਰਨ ਦਾ ਇਸ ਨੂੰ ਜ਼ਰਾ ਅਫ਼ਸੋਸ ਨਹੀਂ, ਖ਼ੁਸ਼ੀ ਹੈ?’’ ਉਸ ਦੇ ਵਾਲਾਂ ਨੂੰ ਹਿਲਾਉਦਿਆਂ ਰਾਕੇਸ਼ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ।

‘‘ਹਾਂ, ਹਾਂ, ਮੈਨੂੰ ਖ਼ੁਸ਼ੀ ਹੈ। ਸੱਚੀ ਖ਼ੁਸ਼ ਹਾਂ ਮੈਂ ਤਾਂ।’’ ਸ਼ੀਨਾ ਜ਼ੋਰ ਨਾਲ ਬੋਲੀ। ਆਪਣੇ ਵਗਦੇ ਅੱਥਰੂਆਂ ਨੂੰ ਹੱਥ ਨਾਲ ਸਾਫ਼ ਕਰਦਿਆਂ ਉਸ ਨੇ ਮਾਂ ਨੂੰ ਦੇਖ ਕਿਹਾ। ‘‘ਮੈਂ ਤਾਂ ਪਿਛਲੇ ਪੰਦਰਾਂ ਸਾਲਾਂ ਤੋਂ ਉਸ ਦੀ ਮੌਤ ਦੀ ਅਰਦਾਸ ਕਰ ਰਹੀ ਹਾਂ, ਤੁਸੀਂ ਸਾਰੇ ਇੱਕ ਸੱਚੀ ਗੱਲ ਸੁਣੋਂਗੇ ਅੱਜ? ਤੁਸੀਂ ਸੋਚ ਵੀ ਨਹੀਂ ਸਕਦੇ ਇੰਝ ਕਿਉਂ ਹੁੰਦਾ ਹੈ। ਰਾਕੇਸ਼ ਜਦੋਂ ਵੀ ਪਿਆਰ ਨਾਲ ਮੈਨੂੰ ਛੂਹਣ ਦੀ ਕੋਸ਼ਿਸ਼ ਕਰਦਾ ਹੈ ਤਾਂ ਮੈਂ ਡਰ ਜਾਂਦੀ ਹਾਂ, ਅਣਜਾਣੇ ਅਣਕਹੇ ਦਰਦ ਨਾਲ। ਸੁਣੋ ਮੰਮੀ, ਯਾਦ ਕਰੋ ਤੁਸੀਂ ਇੱਕ ਵਾਰ ਮਾਮਾ ਜੀ ਦੇ ਘਰ ਮੋਗੇ ਗਏ ਸੀ ਜਦੋਂ ਨਾਨਾ ਜੀ ਬਹੁਤ ਬਿਮਾਰ ਸਨ। ਮੇਰੀ ਛੇਵੀਂ ਕਲਾਸ ਦੀ ਪ੍ਰੀਖਿਆ ਸੀ। ਤੁਸੀਂ ਭਰਾ ਨੂੰ ਨਾਲ ਲੈ ਗਏ ਸੀ। ਦੀਦੀ ਖ਼ਜੂਰ ਆਂਟੀ ਦੇ ਘਰੋਂ ਰੋਟੀ ਲੈਣ ਜਾਂਦੀ ਸੀ। ਇਸੇ ਤਰ੍ਹਾਂ ਦੀ ਇੱਕ ਸਰਦੀਆਂ ਦੀ ਸ਼ਾਮ ਨੂੰ ਮੈਂ ਪਾਪਾ ਕੋਲ ਘਰ ਹੀ ਸਾਂ। ਉਸੇ ਸ਼ਾਮ ਨੂੰ ਸਾਡੇ ਘਰ ਪਾਪਾ ਅਤੇ ਖ਼ਜੂਰ ਅੰਕਲ ਦੀ ਸ਼ਰਾਬ ਪਾਰਟੀ ਚੱਲ ਰਹੀ ਸੀ। ਅਜੀਬ ਚੁਟਕਲੇ ਇੱਕ ਦੂਸਰੇ ਨੂੰ ਸੁਣਾਉਂਦੇ ਪਾਪਾ ਅਤੇ ਅੰਕਲ ਜ਼ੋਰ ਜ਼ੋਰ ਨਾਲ ਹੱਸ ਰਹੇ ਸਨ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਕਿਉਂ ਇਹ ਲੋਕ ਜ਼ੋਰ ਜ਼ੋਰ ਦੀ ਹੱਸ ਰਹੇ ਹਨ? ਕਿਉਂ ਗਾਲ੍ਹਾਂ ਕੱਢਦੇ ਹੱਸਦੇ ਜਾ ਰਹੇ ਹਨ? ਆਖ਼ਰ ਫੋਨ ’ਤੇ ਕੀ ਦੇਖ ਰਹੇ ਹਨ? ਉਸੇ ਸ਼ਾਮ ਦੀਦੀ ਨੂੰ ਪਤਾ ਨਹੀਂ ਕਿਉਂ ਦੇਰ ਲੱਗ ਰਹੀ ਸੀ। ਰੋਟੀ ਦਾ ਇੰਤਜ਼ਾਰ ਕਰਦੇ ਕਰਦੇ ਮੈਂ ਦੂਸਰੇ ਕਮਰੇ ਵਿੱਚ ਜਾ ਕੇ ਸੌਂ ਗਈ।’’

ਹਟਕੋਰੇ ਲੈਂਦਿਆਂ ਸ਼ੀਨਾ ਨੇ ਰਾਕੇਸ਼ ਦਾ ਹੱਥ ਘੁੱਟ ਕੇ ਫੜ ਲਿਆ। ‘‘ਉਸੇ ਸ਼ਾਮ ਸੁੱਤਿਆਂ ਸੁੱਤਿਆਂ ਅਚਾਨਕ ਮੈਨੂੰ ਰਜਾਈ ਵਿੱਚ ਆਪਣੀਆਂ ਦੋਵੇਂ ਛਾਤੀਆਂ ’ਤੇ ਜ਼ੋਰਦਾਰ ਦਬਾਅ ਮਹਿਸੂਸ ਹੋਇਆ। ਮੈਂ ਦਰਦ ਕਰਕੇ ਜ਼ੋਰ ਦੀ ਚੀਕ ਮਾਰ ਕੇ ਉੱਠੀ ਅਤੇ ਨੀਂਦ ਵਿੱਚ ਜ਼ੋਰ ਦਾ ਪੈਰ ਚਲਾਇਆ। ਅੱਖਾਂ ਖੋਲ੍ਹੀਆਂ ਤਾਂ ਖ਼ਜੂਰ ਅੰਕਲ ਦੰਦ ਪੀਸਦੇ ਦਿਸੇ ਸੀ। ਮੇਰੇ ਦੇਖਦੇ ਹੀ ਹੱਸਦੇ ਹੋਏ ਬੋਲੇ, ‘ਕੀ ਹੋਇਆ ਕਸ਼ਮੀਰਨ? ਮਜ਼ਾ ਨਹੀਂ ਆਇਆ, ਮਿੱਠਾ ਮਿੱਠਾ ਦਰਦ ਹੋਇਆ ਨਾ?’ ਮੇਰੀ ਤੇਜ਼ ਆਵਾਜ਼ ਸੁਣ ਕੇ ਰਸੋਈ ਵਿੱਚ ਪਾਪਾ ਸਲਾਦ ਕੱਟਦੇ ਵੀ ਆ ਗਏ ਸਨ। ‘ਖੁਰਾਣੇ ਦੇਖ ਤਾਂ, ਕਸ਼ਮੀਰਨ ਨੇ ਸ਼ਾਇਦ ਕੋਈ ਸੁਪਨਾ ਦੇਖ ਲਿਆ ਹੈ ਜੋ ਡਰ ਗਈ ਹੈ।’ ਮੇਰੇ ਵਾਲਾਂ ਵਿੱਚ ਹੱਥ ਫੇਰਨ ਦੀ ਕੋਸ਼ਿਸ਼ ਕਰਦੇ ਖ਼ਜੂਰ ਅੰਕਲ ਫਿਰ ਦੁਬਾਰਾ ਬਿਸਤਰ ਉੱਤੇ ਬੈਠ ਗਏ ਸੀ। ਇੰਨੇ ਵਿੱਚ ਦੀਦੀ ਰੋਟੀ ਲੈ ਕੇੇ ਆ ਗਈ। ਪਾਪਾ ਅਤੇ ਖ਼ਜੂਰ ਅੰਕਲ ਰੋਟੀ ਖਾਣ ਲੱਗ ਪਏ। ਮੈਂ ਦੀਦੀ ਨਾਲ ਲਿਪਟ ਕੇ ਸਾਰੀ ਗੱਲ ਦੱਸੀ, ਯਾਦ ਕਰੋ ਦੀਦੀ… ਉਦੋਂ ਤੂੰ ਕਿਹਾ ਸੀ- ‘ਸ਼ਸ਼, ਚੁੱਪ ਰਹਿ, ਇੱਦਾਂ ਦੀਆਂ ਗੱਲਾਂ ਕਿਸੇ ਨੂੰ ਦੱਸਣ ਨਾਲ ਆਪਣੀ ਹੀ ਬੇਇੱਜ਼ਤੀ ਹੁੰਦੀ ਹੈ। ਚੁੱਪ ਰਹੀਂ।’ ਯਾਦ ਹੈ ਨਾ?’’

ਸ਼ੀਨਾ ਦੀਆਂ ਦੋਵੇਂ ਅੱਖਾਂ ਵਿੱਚੋਂ ਬਿਨਾਂ ਕਿਸੇ ਰੁਕਾਵਟ ਹੰਝੂ ਵਹਿ ਰਹੇ ਸਨ। ਰਾਕੇਸ਼ ਦੀਆਂ ਬਾਹਾਂ ਵਿੱਚ ਲਿਪਟੀ ਸ਼ੀਨਾ ਹਟਕੋਰੇ ਲੈ ਰਹੀ ਸੀ। ‘‘ਉਸ ਤੋਂ ਬਾਅਦ ਜਦੋਂ ਵੀ ਖ਼ਜੂਰ ਅੰਕਲ ਦਾ ਸਾਹਮਣਾ ਹੁੰਦਾ ਉਹ ਆਪਣੇ ਹੱਥਾਂ ਨਾਲ ਦਬਾਉਣ ਦਾ ਇਸ਼ਾਰਾ ਕਰ ਦਿੰਦੇ ਅਤੇ ਜਦੋਂ ਕੋਈ ਉਨ੍ਹਾਂ ਨੂੰ ਦੇਖਦਾ ਤਾਂ ਉਨ੍ਹਾਂ ਹੱਥਾਂ ਨਾਲ ਮੇਰੇ ਵਾਲ ਸੰਵਾਰਦੇ ਅਤੇ ਕਹਿੰਦੇ, ‘ਕਸ਼ਮੀਰਨ, ਤੂੰ ਵੱਡੀ ਹੋ ਕੇ ਰੱਜ ਕੇ ਸੋਹਣੀ ਬਣੇਂਗੀ।’

ਉਸ ਤੋਂ ਬਾਅਦ ਮੈਂ ਕਦੇ ਵੀ ਉਨ੍ਹਾਂ ਦੇ ਘਰ ਪਾਰਟੀ ’ਤੇ ਨਹੀਂ ਜਾਂਦੀ ਸਾਂ। ਉਸ ਦੇ ਘਰ ਆਉਣ ’ਤੇ ਹਮੇਸ਼ਾ ਪੜ੍ਹਨ ਬੈਠ ਜਾਂਦੀ ਜਾਂ ਹਿਸਾਬ ਦਾ ਸਵਾਲ ਦੱਸ ਦਿਓ ਕਹਿ ਕੇ ਭਰਾ ਦੇ ਕਮਰੇ ਵਿੱਚ ਚਲੀ ਜਾਂਦੀ। ਉਸ ਛੂਹ ਦਾ ਦਰਦ ਦਿਲ ਤੱਕ ਪਹੁੰਚ ਗਿਆ ਸੀ। ਅਗਲੇ ਸਾਲ ਦੀਦੀ ਅਰਥ ਸ਼ਾਸਤਰ ਪੜ੍ਹਨ ਦਿੱਲੀ ਚਲੀ ਗਈ। ਭਰਾ ਨੂੰ ਆਪਣੇ ਮੈਡੀਕਲ ਦੀ ਤਿਆਰੀ ਕਰਨ ਲਈ ਕੋਟਾ ਭੇਜ ਦਿੱਤਾ ਗਿਆ। ਇਕੱਲੀ ਘਰ ਰਹਿਣ ਦੇ ਨਾਮ ਤੋਂ ਮੈਂ ਡਰਨ ਲੱਗੀ ਸਾਂ। ਯਾਦ ਕਰੋ ਮੈਂ ਕਿੰਨੀ ਚੀਕੀ ਚਿਲਾਈ ਸਾਂ ਕਿ ਮੈਨੂੰ ਵੀ ਹੋਸਟਲ ਭੇਜ ਦਿਓ। ਪਾਪਾ ਦਾ ਵੀ ਤਬਾਦਲਾ ਉਸੇ ਸਾਲ ਹੋਣਾ ਪੱਕਾ ਸੀ ਤਾਂ ਤੁਸੀਂ ਮੈਨੂੰ ਵੀ ਮਾਮਾ ਦੀ ਧੀ ਸਿਮਰਨ ਨਾਲ ਮਸੂਰੀ ਦੇ ਗੁਰੂ ਨਾਨਕ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਸੀ। ਖ਼ਜੂਰ ਅੰਕਲ ਮੈਨੂੰ ਮਿਲਣ ਜਦੋਂ ਵੀ ਮਸੂਰੀ ਆਏ, ਮੈਂ ਮਿਲਣ ਤੋਂ ਮਨ੍ਹਾਂ ਕਰ ਦਿੱਤਾ ਸੀ।

ਰਾਕੇਸ਼, ਮੈਨੂੰ ਸਰਦੀ ਦੀਆਂ ਲੰਬੀਆਂ ਛੁੱਟੀਆਂ ਵਿੱਚ ਘਰ ਜਾਣਾ ਪੈਂਦਾ ਤਾਂ ਮੈਂ ਉੱਥੇ ਕਦੇ ਬਿਨਾਂ ਚੁੰਨੀ ਦੇ ਸੂਟ ਨਹੀਂ ਪਾਇਆ, ਹਮੇਸ਼ਾ ਦੁੱਪਟਾ ਖੋਲ੍ਹ ਕੇ ਜਾਂ ਸ਼ਾਲ ਕਰਕੇ ਸੂਟ ਪਾਈ ਰੱਖਦੀ। ਦੀਦੀ ਦੇ ਵਿਆਹ ’ਤੇ ਸਭ ਨੇ ਮੈਨੂੰ ਲਹਿੰਗਾ ਪਾਉਣ ਦੀ ਜ਼ਿੱਦ ਕੀਤੀ ਪਰ ਮੈਂ ਚੁੰਨੀ ਵਾਲਾ ਸੂਟ ਹੀ ਪਾਇਆ ਸੀ। ਅੰਕਲ ਆਉਂਦੇ ਜਾਂਦੇ ਮੈਨੂੰ ‘ਕਸ਼ਮੀਰਨ ਤੂੰ ਚਾਹੇ ਤਿੱਲੇ ਦਾ ਸੂਟ ਪਾ ਲੈ ਜਾਂ ਕੁਝ ਵੀ ਨਾ ਪਾ, ਸੋਹਣੀ ਹੀ ਲੱਗੇਂਗੀ’ ਕਹਿ ਕੇ ਪਾਣੀ ਪਾਣੀ ਕਰ ਜਾਂਦੇ ਸਨ। ਮੈਂ ਡਰ ਕੇ ਇੱਕ ਪਾਸੇ ਬੈਠੀ ਰਹਿੰਦੀ ਸਾਂ। ਤੁਸੀ ਤਾਂ ਮੰਮੀ ਸਾਡੀ ਗੱਲ ਕਦੇ ਸੁਣਦੇ ਹੀ ਨਹੀਂ ਸੀ, ਹਮੇਸ਼ਾ ਆਂਟੀ ਤੋਂ ਪ੍ਰਭਾਵਿਤ ਹੋ ਕੇ ਆਪਣੀਆਂ ਧੀਆਂ ਨੂੰ ਭੁੱਲ ਜਾਂਦੇ ਸੀ। ਤੁਹਾਨੂੰ ਸਾਰੇ ਲੋਕ ਆਪਣੇ ਹੀ ਲੱਗਦੇ ਸਨ ਅਤੇ ਪਾਪਾ ਦੇ ਗੁੱਸੇ ਤੇ ਰੋਅਬ ਦੇ ਸਾਹਮਣੇ ਕਦੇ ਕਿਸੇ ਦੀ ਕੁਝ ਬੋਲਣ ਦੀ ਹਿੰਮਤ ਹੀ ਨਹੀਂ ਪੈਂਦੀ ਸੀ। ਇਹ ਤਾਂ ਉਨ੍ਹਾਂ ਦੇ ਜਿਗਰੀ ਯਾਰ ਦੀ ਗੱਲ ਸੀ।

ਜਦੋਂ ਸੇਵਾਮੁਕਤ ਹੋਣ ਤੋਂ ਬਾਅਦ ਪਾਪਾ ਅੰਬਾਲਾ ਆਏ ਤੇ ਖ਼ਜੂਰ ਅੰਕਲ ਨੇ ਵੀ ਇੱਥੇ ਘਰ ਲੈ ਲਿਆ ਸੀ ਤਾਂ ਮੈਂ ਚੰਡੀਗੜ੍ਹ ਕਾਲਜ ਵਿੱਚ ਦਾਖਲਾ ਲੈ ਲਿਆ ਸੀ। ਉਹ ਤਾਂ ਹੋਸਟਲ ਵਿੱਚ ਰਾਕੇਸ਼ ਦੀ ਭੈਣ ਮੇਰੀ ਸਹੇਲੀ ਸੀ। ਉਸ ਨੇ ਮੈਨੂੰ ਆਪਣੇ ਭਰਾ ਲਈ ਪਸੰਦ ਕੀਤਾ ਅਤੇ ਰਾਕੇਸ਼ ਦੇ ਪਾਪਾ ਜੀ ਬਿਮਾਰ ਹੋਣ ਕਰਕੇ ਜਲਦੀ ਵਿਆਹ ਹੋ ਗਿਆ। ਯਾਦ ਕਰੋ ਖ਼ਜੂਰ ਅੰਕਲ ਨੇ ਰਾਕੇਸ਼ ਨਾਲ ਵਿਆਹ ਕਰਨ ਤੋਂ ਮਨ੍ਹਾਂ ਕੀਤਾ ਸੀ ਤਾਂ ਆਂਟੀ ਨੇ ‘ਛੱਡੋ ਜੀ, ਕੁੜੀ ਨੇ ਆਪੇ ਮੁੰਡਾ ਪਸੰਦ ਕੀਤਾ ਹੋਇਆ ਹੈ, ਤੁਸੀਂ ਕਿਉਂ ਬੁਰੇ ਬਣਦੇ ਹੋ’ ਕਹਿ ਕੇ ਉਨ੍ਹਾਂ ਨੂੰ ਚੁੱਪ ਕਰਵਾਇਆ ਸੀ। ਮੈਂ ਤਾਂ ਵਿਦਾਈ ਸਮੇਂ ਵੀ ਉਨ੍ਹਾਂ ਦਾ ਅਸ਼ੀਰਵਾਦ ਨਹੀਂ ਲਿਆ ਸੀ। ਮੈਂ ਤਾਂ ਉਦੋਂ ਤੋਂ ਹੀ ਕਿਆਸ ਲਿਆ ਸੀ ਕਿ ਖ਼ਜੂਰ ਅੰਕਲ ਮਰ ਗਏ ਹਨ। ਕਦੇ ਕਿਸੇ ਨਵੀਂ ਬਿਮਾਰੀ ਦਾ ਪਤਾ ਲੱਗਦਾ ਤਾਂ ਮੈ ਰੱਬ ਨੂੰ ਆਖਦੀ ਕਿ ਕਾਸ਼ ਇਹ ਬਿਮਾਰੀ ਇਸ ਨੂੰ ਹੋ ਜਾਵੇ। ਇਸ ਨੂੰ ਕੈਂਸਰ ਹੋ ਜਾਵੇ, ਏਡਜ਼ ਹੋ ਜਾਵੇ, ਕੋਈ ਐਕਸੀਡੈਂਟ ਹੋ ਜਾਵੇ ਅਤੇ ਉਹ ਮਰ ਜਾਵੇ।’’

ਇੰਨਾ ਸੁਣਦੇ ਹੀ ਹੱਥ ਵਿੱਚ ਲਿਆ ਦੀਦੀ ਦਾ ਦੁੱਪਟੇ ਵਾਲਾ ਸੂਟ ਲਈ ਖੜ੍ਹੀ ਮੰਮੀ ਧੜੰਮ ਕਰਕੇ ਕੁਰਸੀ ’ਤੇ ਬੈਠ ਗਈ। ਦੀਦੀ ਅਤੇ ਭਾਬੀ ਦੇ ਵੀ ਅੱਥਰੂ ਨਿਕਲ ਆਏ। ‘‘ਮੈਨੂੰ ਤਾਂ ਕਦੇ ਨਹੀਂ ਦੱਸਿਆ ਤੁਸੀਂ ਦੋਵਾਂ ਨੇ… ਇੰਨੇ ਸਾਲ ਇਕੱਲੀ ਆਪਣੇ ਆਪ ਨਾਲ ਲੜਦੀ ਰਹੀ। ਮੈਂ ਉਸ ਨੂੰ ਵੀਰ ਜੀ ਵੀਰ ਜੀ ਕਹਿੰਦਿਆਂ ਨਹੀਂ ਥੱਕਦੀ ਸਾਂ, ਉਹ ਕਮੀਨਾ ਬੰਦਾ ਉਸ ਬੱਚੀ ਨੂੰ ਹੀ… ਜਿਸ ਨੂੰ ਆਪਣੀ ਧੀ ਕਹਿੰਦਾ ਸੀ।’’ ਦੀਦੀ ਉੱਠ ਕੇ ਦੂਜੇ ਕਮਰੇ ਵਿੱਚ ਚਲੀ ਗਈ ਅਤੇ ਦੋ ਮਿੰਟ ਬਾਅਦ ਹੀ ਬਾਹਰ ਆਈ ਤਾਂ ਉਸ ਨੇ ਵੀ ਕੁੜਤਾ ਅਤੇ ਪਲਾਜ਼ੋ ਪਾਇਆ ਹੋਇਆ ਸੀ। ਮਾਂ ਅਤੇ ਭਾਬੀ ਨੇ ਹੈਰਾਨੀ ਨਾਲ ਇੱਕ ਦੂਜੇ ਵੱਲ ਦੇਖਿਆ ਅਤੇ ਬਿਨਾਂ ਕਹੇ ਬਹੁਤ ਕੁਝ ਸਮਝ ਗਈਆਂ। ਰਾਕੇਸ਼ ਅਤੇ ਭਰਾ ਸੋਫ਼ੇ ’ਤੇ ਖ਼ਾਮੋਸ਼ ਬੈਠੇ ਸਨ। ਮੌਸਮ ਬਾਹਰ ਖ਼ਜੂਰ ਅੰਕਲ ਦੇ ਜਾਣ ਨੂੰ ਰੋ ਰਿਹਾ ਸੀ ਜਾਂ ਸ਼ੀਨਾ ਦੇ ਦਿਲ ’ਤੇ ਸਦੀਆਂ ਤੋਂ ਜੰਮੇ ਦਰਦ ਨੂੰ ਧੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਕੌਣ ਜਾਣੇ।

ਭਾਬੀ ਨੇ ਆਪਣੇ ਸਿਰ ਤੋਂ ਦੁਪੱਟਾ ਹਟਾ ਕੇ ਇੱਕ ਪਾਸੇ ਟੰਗ ਦਿੱਤਾ ਅਤੇ ਕਾਰ ਦੀ ਚਾਬੀ ਚੁੱਕ ਕੇ ਬੋਲੀ, ‘‘ਚਲੋ ਦੀਦੀ ਲੋਕ… ਅੰਤਿਮ ਵਿਦਾਈ ਦੇ ਆਉਂਦੇ ਹਾਂ ਸਦੀਆਂ ਤੋਂ ਜੰਮੇ ਦਰਦ ਨੂੰ। ਉਸ ਤੋਂ ਬਾਅਦ ਸ਼ਾਮ ਨੂੰ ਪੀਜ਼ਾ ਪਾਰਟੀ ਕਰਨ ਚੱਲਾਂਗੇ।’’

ਬੱਦਲਾਂ ਵਿੱਚੋਂ ਝਾਕਦੀਆਂ ਸੂਰਜ ਦੀਆਂ ਸੁਨਹਿਰੀ ਕਿਰਨਾਂ ਵੀ ਉਨ੍ਹਾਂ ਦੇ ਨਾਲ ਨਾਲ ਮੁਸਕੁਰਾਉਣ ਦੀ ਕੋਸ਼ਿਸ਼ ਕਰ ਰਹੀਆਂ ਸਨ।