ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੁ ਸ਼ੁਕਲਾ ਅਤੇ ਤਿੰਨ ਹੋਰ ਯਾਤਰੀਆਂ ਨੂੰ ਲੈ ਕੇ Axiom 4 ਮਿਸ਼ਨ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਵੱਲ ਰਵਾਨਾ ਹੋ ਗਿਆ ਹੈ। ਇਹ ਮਿਸ਼ਨ ਬੁੱਧਵਾਰ ਨੂੰ ਦੁਪਹਿਰ 12:01 ਵਜੇ ਲਾਂਚ ਕੀਤਾ ਗਿਆ। ਸ਼ੁਭਾਂਸ਼ੁ ਦੇ ਨਾਲ ਤਿੰਨ ਹੋਰ ਵਿਅਕਤੀ ਵੀ ਇਸ ਮਿਸ਼ਨ ਵਿੱਚ ਸ਼ਾਮਲ ਹਨ, ਜੋ 28 ਘੰਟਿਆਂ ਦੀ ਯਾਤਰਾ ਤੋਂ ਬਾਅਦ ਵੀਰਵਾਰ ਸ਼ਾਮ ਸਾਢੇ ਚਾਰ ਵਜੇ (ਭਾਰਤੀ ਸਮੇਂ ਅਨੁਸਾਰ) ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਪਹੁੰਚਣਗੇ।
ਸਪੇਸਕ੍ਰਾਫਟ ਤੋਂ ਆਪਣਾ ਪਹਿਲਾ ਸੁਨੇਹਾ ਭੇਜਦਿਆਂ ਸ਼ੁਭਾਂਸ਼ੁ ਨੇ ਕਿਹਾ, “ਨਮਸਕਾਰ ਮੇਰੇ ਪਿਆਰੇ ਦੇਸ਼ਵਾਸੀਓ, 41 ਸਾਲਾਂ ਬਾਅਦ ਅਸੀਂ ਫਿਰ ਤੋਂ ਪੁਲਾੜ ਵਿੱਚ ਪਹੁੰਚ ਗਏ ਹਾਂ। ਇਸ ਸਮੇਂ ਅਸੀਂ 7.5 ਕਿਲੋਮੀਟਰ ਪ੍ਰਤੀ ਸਕਿੰਟ ਦੀ ਰਫਤਾਰ ਨਾਲ ਧਰਤੀ ਦੇ ਚਾਰੇ ਪਾਸੇ ਘੁੰਮ ਰਹੇ ਹਾਂ। ਮੇਰੇ ਮੋਢੇ ‘ਤੇ ਤਿਰੰਗਾ ਹੈ, ਜੋ ਮੈਨੂੰ ਦੱਸ ਰਿਹਾ ਹੈ ਕਿ ਮੈਂ ਇਕੱਲਾ ਨਹੀਂ ਹਾਂ, ਤੁਸੀਂ ਸਾਰੇ ਮੇਰੇ ਨਾਲ ਹੋ।”
ਉਨ੍ਹਾਂ ਅੱਗੇ ਕਿਹਾ, “ਇਹ ਮੇਰੀ ਯਾਤਰਾ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਦੀ ਸ਼ੁਰੂਆਤ ਨਹੀਂ ਹੈ, ਸਗੋਂ ਇਹ ਭਾਰਤ ਦੇ ਮਨੁੱਖੀ ਪੁਲਾੜ ਪ੍ਰੋਗਰਾਮ ਦੀ ਸ਼ੁਰੂਆਤ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਇਸ ਸਫਰ ਦਾ ਹਿੱਸਾ ਬਣੋ। ਤੁਹਾਡਾ ਸੀਨਾ ਵੀ ਮਾਣ ਨਾਲ ਚੌੜਾ ਹੋਣਾ ਚਾਹੀਦਾ ਹੈ। ਆਓ, ਅਸੀਂ ਸਾਰੇ ਮਿਲ ਕੇ ਭਾਰਤ ਦੇ ਮਨੁੱਖੀ ਪੁਲਾੜ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ। ਜੈ ਹਿੰਦ! ਜੈ ਭਾਰਤ!”
ਕਈ ਵਾਰ ਟਲੀ ਲਾਂਚਿੰਗ
ਬੁੱਧਵਾਰ ਨੂੰ ਦੁਪਹਿਰ 12:01 ਵਜੇ Axiom -4 ਮਿਸ਼ਨ ਦੀ ਲਾਂਚਿੰਗ ਆਖਿਰਕਾਰ ਹੋ ਗਈ। ਇਸ ਤੋਂ ਪਹਿਲਾਂ ਕਈ ਵੱਖ-ਵੱਖ ਕਾਰਨਾਂ ਕਰਕੇ Axiom -4 ਮਿਸ਼ਨ ਦੀ ਲਾਂਚਿੰਗ ਨੂੰ ਟਾਲਿਆ ਗਿਆ ਸੀ। ਪਹਿਲਾਂ ਤੋਂ ਨਿਸ਼ਚਿਤ ਸਮਾਂ-ਸਾਰਣੀ ਮੁਤਾਬਕ, ਇਹ 29 ਮਈ ਨੂੰ ਲਾਂਚ ਹੋਣਾ ਸੀ, ਪਰ ਉਸ ਸਮੇਂ ਇਸ ਨੂੰ ਟਾਲ ਦਿੱਤਾ ਗਿਆ ਸੀ। ਬਾਅਦ ਵਿੱਚ 8 ਜੂਨ, 10 ਜੂਨ ਅਤੇ 11 ਜੂਨ ਲਈ ਵੀ ਟਾਲਣਾ ਪਿਆ। ਆਖਰਕਾਰ, ਲੰਮੇ ਇੰਤਜ਼ਾਰ ਤੋਂ ਬਾਅਦ 24 ਜੂਨ ਨੂੰ ਇਸ ਦੀ ਲਾਂਚਿੰਗ ਹੋਈ।
ਕਿੰਨੇ ਸਮੇਂ ਤੱਕ ਪੁਲਾੜ ‘ਚ ਰਹਿਣਗੇ ਸ਼ੁਭਾਂਸ਼ੁ?
ਇਹ Axiom -4 ਦਾ ਚੌਥਾ ਨਿੱਜੀ ਮਿਸ਼ਨ ਹੈ, ਜੋ ਨਾਸਾ ਅਤੇ ਸਪੇਸਐਕਸ ਦਾ ਸਾਂਝਾ ਮਿਸ਼ਨ ਹੈ। ਇਸ ਪੁਲਾੜ ਮਿਸ਼ਨ ਵਿੱਚ ਚਾਰ ਦੇਸ਼ਾਂ (ਭਾਰਤ, ਅਮਰੀਕਾ, ਪੋਲੈਂਡ, ਹੰਗਰੀ) ਦੇ ਚਾਰ ਪੁਲਾੜ ਯਾਤਰੀ ਸ਼ਾਮਲ ਹਨ। ਇਹ ਚਾਰੇ ਪੁਲਾੜ ਯਾਤਰੀ 14 ਦਿਨ ਪੁਲਾੜ ਵਿੱਚ ਰਹਿਣਗੇ। ਸ਼ੁਭਾਂਸ਼ੁ ਅਤੇ ਉਸ ਦੀ ਟੀਮ 28 ਘੰਟਿਆਂ ਦੀ ਯਾਤਰਾ ਤੋਂ ਬਾਅਦ ਵੀਰਵਾਰ ਸ਼ਾਮ ਸਾਢੇ ਚਾਰ ਵਜੇ (ਭਾਰਤੀ ਸਮੇਂ ਅਨੁਸਾਰ) ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਪਹੁੰਚਣ ਦੀ ਉਮੀਦ ਹੈ।