ਨਵੀਂ ਦਿੱਲੀ, 1 ਸਤੰਬਰ
ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਣਾ ਨੇ ਮੰਗਲਵਾਰ ਨੂੰ ਪੰਜਾਬ ਵਿਚ ਆਪਣੀ ਭੂਆ ਦੇ ਪਰਿਵਾਰ ’ਤੇ ਹਮਲੇ ਦੀ ਜਾਂਚ ਦੀ ਮੰਗ ਕਰਦਿਆਂ ਖੁਲਾਸਾ ਕੀਤਾ ਹੈ ਕਿ ਉਸ ਦੇ ਫੁਫੜ ਦੀ ਮੌਤ ਹੁਣ ਉਸ ਦੀ ਭੂਆ ਦੇ ਲੜਕੇ ਦੀ ਵੀ ਮੌਤ ਹੋ ਗਈ ਹੈ। 33 ਸਾਲਾ ਖਿਡਾਰੀ ਪਿਛਲੇ ਹਫਤੇ ਨਿੱਜੀ ਕਾਰਨਾਂ ਕਰਕੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਤੋਂ ਬਾਹਰ ਹੋ ਕੇ ਦੇਸ਼ ਪਰਤ ਆਇਆ ਸੀ। ਆਈਪੀਐੱਲ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ 19 ਸਤੰਬਰ ਤੋਂ ਖੇਡੀ ਜਾਏਗੀ। ਰੈਣਾ ਨੇ ਹਾਲਾਂਕਿ ਟਵਿੱਟਰ ‘ਤੇ ਆਪਣੇ ਬਿਆਨ ਵਿਚ ਇਹ ਨਹੀਂ ਕਿਹਾ ਕਿ ਹਮਲੇ ਦੇ ਕਾਰਨ ਹੀ ਉਹ ਆਈਪੀਐੱਲ ਤੋਂ ਵਾਪਸ ਆਇਆ ਹੈ ਜਾਂ ਨਹੀ। ਪਠਾਨਕੋਟ ਵਿਚ ਉਸ ਦੀ ਭੂਆ ਦੇ ਪਰਿਵਾਰ ‘ਤੇ ਹਮਲੇ ਦਾ ਕਾਰਨ ਲੁੱਟ ਦਾ ਮਾਮਲਾ ਮੰਨਿਆ ਜਾ ਰਿਹਾ ਹੈ। ਉਸ ਨੇ ਕਿਹਾ, “ਪੰਜਾਬ ਵਿਚ ਮੇਰੇ ਪਰਿਵਾਰ ਨਾਲ ਜੋ ਵਾਪਰਿਆ ਉਹ ਬਹੁਤ ਭਿਆਨਕ ਹੈ।” ਮੇਰਾ ਫੁੱਫੜ ਮਾਰਿਆ ਗਿਆ ਹੈ, ਮੇਰੀ ਭੂਆ ਤੇ ਉਨ੍ਹਾਂ ਦੇ ਦੋ ਲੜਕੇ ਗੰਭੀਰ ਜ਼ਖਮੀ ਸਨ। ਬਦਕਿਸਮਤੀ ਨਾਲ ਉਨ੍ਹਾਂ ਵਿੱਚੋਂ ਇਕ ਦੀ ਮੌਤ ਹੋ ਗਈ ਹੈ। ਮੇਰੀ ਭੂਆ ਦੀ ਹਾਲਤ ਗੰਭੀਰ ਹੈ।
‘ਰੈਣਾ ਦੇ ਰਿਸ਼ਤੇਦਾਰਾਂ ‘ਤੇ 19 ਅਤੇ 20 ਅਗਸਤ ਦੀ ਰਾਤ ਨੂੰ ਪੰਜਾਬ ਦੇ ਪਠਾਨਕੋਟ ਜ਼ਿਲੇ ਦੇ ਥਰਿਆਲ ਪਿੰਡ ਵਿਖੇ ਹਮਲਾ ਕੀਤਾ ਗਿਆ ਸੀ। ਰੈਣਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਟੈਗ ਕਰਦੇ ਹੋਏ ਲਿਖਿਆ, “ਅੱਜ ਤੱਕ ਸਾਨੂੰ ਨਹੀਂ ਪਤਾ ਹੈ ਕਿ ਉਸ ਰਾਤ ਕੀ ਹੋਇਆ ਅਤੇ ਕਿਸ ਨੇ ਕੀਤਾ। ਮੈਂ ਪੰਜਾਬ ਪੁਲੀਸ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੀ ਅਪੀਲ ਕਰਦਾ ਹਾਂ। ਅਸੀਂ ਘੱਟੋ ਘੱਟ ਇਹ ਜਾਣਨ ਦੇ ਹੱਕਦਾਰ ਹਾਂ ਕਿ ਉਨ੍ਹਾਂ ਨਾਲ ਕਿਸ ਨੇ ਇਹ ਘਿਣਾਉਣਾ ਕੰਮ ਕੀਤਾ। ਇਨ੍ਹਾਂ ਅਪਰਾਧੀਆਂ ਨੂੰ ਹੋਰ ਜੁਰਮ ਕਰਨ ਲਈ ਬਖਸ਼ਿਆ ਨਹੀਂ ਜਾਣਾ ਚਾਹੀਦਾ। ”